ਤੀਬਰ ਮਿਸ਼ਨ ਇੰਦਰਧਨੁਸ਼ :- ਟੀਕਾਕਰਨ ਤੋਂ ਵਾਂਝੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਕੀਤਾ ਜਾਵੇਗਾ ਮੁਕੰਮਲ ਟੀਕਾਕਰਨ : ਸਿਵਲ ਸਰਜਨ
ਰਵੀ ਸੈਣ , ਬਰਨਾਲਾ, 6 ਮਾਰਚ 2022
ਸਿਹਤ ਵਿਭਾਗ ਬਰਨਾਲਾ ਵੱਲੋਂ ਕੋਵਿਡ-19 ਦੌਰਾਨ 2 ਸਾਲ ਤੋਂ ਛੋਟੇ ਬੱਚੇ ਅਤੇ ਗਰਭਵਤੀ ਔਰਤਾਂ ਦੇ ਵਿੱਚ ਟੀਕਾਕਰਨ ‘ਚ ਰਹਿ ਗਏ ਪਾੜੇ ਨੂੰ ਪੂਰਨ ਲਈ 7 ਮਾਰਚ (ਸੋਮਵਾਰ) ਤੋਂ ਤੀਬਰ ਮਿਸ਼ਨ ਇੰਦਰਧਨੁਸ਼-4.0 ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਦੋ ਸਾਲ ਤੋਂ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਕੰਮਲ ਟੀਕਾਕਰਨ ਕਰਨਾ ਹੈ ਤਾਂ ਜੋ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜਿੰਦਰ ਸਿੰਗਲਾ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਜ਼ਿਲ੍ਹਾ ਬਰਨਾਲਾ ‘ਚ ਤਿੰਨ ਗੇੜਾਂ ‘ਚ ਟੀਕਾਕਰਨ ਕੀਤਾ ਜਾਵੇਗਾ। ਪਹਿਲਾ ਗੇੜ 7 ਮਾਰਚ ਤੋਂ 13 ਮਾਰਚ, ਦੂਜਾ ਗੇੜ 4 ਅਪ੍ਰੈਲ ਤੋਂ 10 ਅਪ੍ਰੈਲ ਅਤੇ ਤੀਜਾ ਗੇੜ ਮਈ ਮਹੀਨੇ ਦੇ ਪਹਿਲੇ ਹਫ਼ਤੇ ਮਨਾਇਆ ਜਾਵੇਗਾ। ਜਿਹੜੇ ਬੱਚੇ ਅਤੇ ਗਰਭਵਤੀ ਔਰਤਾਂ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਜਾਂ ਅਧੂਰਾ ਟੀਕਾਕਰਨ ਹੋਇਆ ਹੈ ਲਈ ਸਿਹਤ ਕਰਮਚਾਰੀਆਂ ਵੱਲੋਂ ਸਪੈਸ਼ਲ ਕੈਂਪ ਲਗਾ ਕੇ 100 ਪ੍ਰਤੀਸ਼ਤ ਟੀਕਾਕਰਨ ਕੀਤਾ ਜਾਵੇਗਾ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਮੁਕੰਮਲ ਟੀਕਾਕਰਨ ਨਾਲ ਬੱਚਿਆਂ ਨੂੰ ਬਹਤ ਸਾਰੀਆਂ ਮਾਰੂ ਬਿਮਾਰੀਆਂ ਜਿਵੇਂ ਹੈਪੇਟਾਇਟਸ (ਪੀਲੀਆ), ਪੋਲੀਓ, ਤਪਦਿਕ, ਅੰਧਰਾਤਾ, ਗਲਘੋਟੂ, ਕਾਲੀ ਖੰਘ, ਟੈਟਨਸ, ਨਮੂਨੀਆ, ਦਿਮਾਗੀ ਬੁਖ਼ਾਰ, ਦਸਤ, ਖਸਰਾ ਤੇ ਰੁਬੇਲਾ ਆਦਿ ਤੋਂ ਬਚਾਇਆ ਜਾ ਸਕਦਾ ਹੈ। ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਦੋ ਸਾਲ ਤੋਂ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਪੂਰਾ ਟੀਕਾਕਰਨ ਕਰਵਾਇਆ ਜਾਵੇ ਤਾਂ ਜੋ ਇਨ੍ਹਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।