ਆਮ ਆਦਮੀ ਪਾਰਟੀ ਪੂਰਨ ਬਹੁਮਤ ਨਾਲ ਪੰਜਾਬ ਵਿਚ ਬਣਾਵੇਗੀ ਸਰਕਾਰ : ਚੀਮਾ
*ਰੁਜ਼ਗਾਰ ਦੇਣ ਲਈ ਘੜਾਂਗੇ ਨਵੀਆਂ ਯੋਜਨਾਵਾਂ*
ਪ੍ਰਦੀਪ ਕਸਬਾ , ਲਹਿਰਾਗਾਗਾ, 6 ਮਾਰਚ 2022
ਅੱਜ ਇੱਥੇ ਇਕ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 10 ਮਾਰਚ ਨੂੰ ਐਲਾਨੇ ਜਾ ਰਹੋ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨੀਜਨਕ ਹੋਣਗੇ, ਪੰਜਾਬ ਦੇ ਲੋਕਾਂ ਦੀ ਰਾਜਨੀਤਕ ਬਦਲਾਅ ਦੇਖਣ ਦੀ ਇੱਛਾ ਨੂੰ ਬੂਰ ਪਵੇਗਾ।ਰਵਾਇਤੀ ਪਾਰਟੀਆਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਉਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਚਾਰ-ਪੰਜ ਵਾਰ ਵਿਧਾਇਕ ਬਨਣ ਵਾਲੇ ਆਗੂਆਂ ਦੀ ਵੀ ਹਾਰ ਹੋਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਚੋਣ ਨਤੀਜਿਆਂ ਲਈ ਸੱਟਾ ਬਾਜ਼ਾਰ ਗਰਮ ਹੈ ਪਰ ਉਹ ਇਸ ਗੈਰ ਕਾਨੂੰਨੀ ਗਤੀਵਿਧੀ ਦੇ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵਲੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਸਬੰਧੀ ਦਿੱਤੇ ਬਿਆਨ ਨੂੰ ਲੋੜ ਅਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਬਲਬੂਤੇ ਸਰਕਾਰ ਬਣਾਵੇਗੀ।
ਨਵੀਂ ਸਰਕਾਰ ਬਨਣ ’ਤੇ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਬੂਹੇ ਖੋਲ੍ਹੇ ਜਾਣਗੇ।ਨਵੀਆਂ ਯੋਜਨਾਵਾਂ ਘੜਦਿਆਂ ਸੂਬੇ ਦੇ ਵਿਕਾਸ ਨੂੰ ਰੁਜ਼ਗਾਰ ਮੁਖੀ ਬਣਾਇਆ ਜਾਵੇਗਾ।ਉਨ੍ਹਾਂ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦੀ ਨੁਮਾਇੰਦਗੀ ਨੂੰ ਬਾਹਰ ਕਰਨ ਦੀ ਨੀਤੀ ਨੂੰ ਕੇਂਦਰ ਦਾ ਤਾਨਾਸ਼ਾਹੀ ਫੈਸਲਾ ਕਰਾਰ ਦਿੱਤਾ।ਇਸ ਮੌਕੇ ਹਲਕਾ ਲਹਿਰਾਗਾਗਾ ਤੋਂ ਉਮੀਦਵਾਰ ਬਰਿੰਦਰ ਗੋਇਲ ਐਡਵੋਕੇਟ ਵੀ ਮੌਜੂਦ ਸਨ।