BMS ਵਿਚੋਂ ਪੰਜਾਬ ਨੂੰ ਬਾਹਰ ਧੱਕਣ ਅਤੇ ਪਾਠ ਪੁਸਤਕਾਂ ਵਿਚ ਕੀਤੀ ਸਿੱਖ ਇਤਿਹਾਸ ਦੀ ਤੋੜ ਮਰੋੜ ਖ਼ਿਲਾਫ਼ ਲਿਬਰੇਸ਼ਨ ਵਲੋਂ ਪੂਰੀ ਸ਼ਕਤੀ ਨਾਲ ਸੰਘਰਸ਼ ਕਰਨ ਦਾ ਐਲਾਨ
23 ਮਾਰਚ ਤੋਂ ‘ਪਾਰਟੀ ਨੂੰ ਮਜ਼ਬੂਤ ਕਰੋ’ ਦੇ ਨਾਹਰੇ ਹੇਠ ਚਾਰ ਮਹੀਨੇ ਲੰਬੀ ਮੁਹਿੰਮ ਵਿੱਢੀ ਜਾਵੇਗੀ
ਪਰਦੀਪ ਕਸਬਾ , ਸੁਨਾਮ ਉੱਧਮ ਸਿੰਘ ਵਾਲਾ , ਮਾਰਚ 2022
ਸੀਪੀਆਈ (ਐਮ ਐਲ) ਲਿਬਰੇਸ਼ਨ ਦੇਸ਼ ਭਰ ਵਿਚ ਰੂਸ-ਯੁਕਰੇਨ ਜੰਗ ਨੂੰ ਤੁਰੰਤ ਬੰਦ ਕੀਤੇ ਜਾਣ ਵਾਸਤੇ ਜ਼ੋਰਦਾਰ ਆਵਾਜ਼ ਉਠਾ ਰਹੀ ਹੈ। ਪਾਰਟੀ ਸਮਝਦੀ ਹੈ ਕਿ ਰੂਸ ਵਲੋਂ ਯੁਕਰੇਨ ਦੇ ਕੁਦਰਤੀ ਸੋਮਿਆਂ ਉਤੇ ਕਾਬਜ਼ ਹੋਣ ਦੀ ਲਾਲਸਾ ਅਤੇ ਅਮਰੀਕਾ ਦੀ ਅਗਵਾਈ ਹੇਠਲੇ ਨਾਟੋ ਸੈਨਿਕ ਗੱਠਜੋੜ ਵਲੋਂ ਇਸ ਖੇਤਰ ਵਿਚ ਲਗਾਤਾਰ ਕੀਤੀ ਜਾ ਰਹੀ ਦਖਲ ਅੰਦਾਜੀ ਹੀ ਇਸ ਜੰਗ ਦੇ ਛਿੜਨ ਦੇ ਮੁੱਖ ਕਾਰਨ ਹਨ। ਮੋਦੀ ਸਰਕਾਰ ਨਾ ਤਾਂ ਜੰਗ ਬੰਦੀ ਲਈ ਰੂਸ ਉਤੇ ਭਾਰਤ ਵਲੋਂ ਕੂਟਨੀਤਕ ਦਬਾਅ ਹੀ ਪਾ ਸਕੀ ਅਤੇ ਨਾ ਹੀ ਸਮੇਂ ਸਿਰ ਯੁਕਰੇਨ ਵਿਚਲੇ
ਭਾਰਤੀ ਨਾਗਰਿਕਾਂ ਖਾਸ ਕਰਕੇ ਸਾਡੇ ਵਿਦਿਆਰਥੀਆਂ ਨੂੰ ਉਥੇ ਸੁਰਖਿਅਤ ਬਾਹਰ ਕੱਢਣ ਲਈ ਢੁੱਕਵੇਂ ਪ੍ਰਬੰਧ ਕਰ ਸਕੀ – ਇਹ ਟਿਪਣੀਆਂ ਅੱਜ ਇਥੇ ਉਘੇ ਕਮਿਉਨਿਸਟ ਆਗੂ ਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤੀਆਂ।
ਉਹ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਪ੍ਰਭਾਤ ਚੌਧਰੀ ਸਮੇਤ ਅੱਜ ਇਥੇ ਸਮਾਪਤ ਹੋਈ ਲਿਬਰੇਸ਼ਨ ਦੀ ਪੰਜਾਬ ਸੂਬਾ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਵਿਚ ਸ਼ਾਮਲ ਹੋਣ ਲਈ ਪਹੁੰਚੇ ਸਨ। ਮੀਟਿੰਗ ਵਲੋਂ ਵਿਧਾਨ ਸਭਾ ਚੋਣਾਂ ਅਤੇ ਸੂਬੇ ਦੀ ਸਿਆਸੀ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ ਗਈ । ਮੀਟਿੰਗ ਨੇ ਫੈਸਲਾ ਕੀਤਾ ਕਿ ਸੂਬੇ ਵਿਚ ਪਾਰਟੀ ਦੀ ਵਿਚਾਰਧਾਰਕ ਅਤੇ ਜਥੇਬੰਦਕ ਮਜ਼ਬੂਤੀ ਲਈ ਇਕ ਚਾਰ ਮਹੀਨੇ ਲੰਬੀ ‘ ਪਾਰਟੀ ਨੂੰ ਮਜ਼ਬੂਤ ਕਰੋ’ ਮੁਹਿੰਮ ਚਲਾਈ ਜਾਵੇਗੀ। ਇਹ ਮੁਹਿੰਮ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹਾਦਤ ਦਿਵਸ 23 ਮਾਰਚ ਤੋਂ ਸ਼ੁਰੂ ਹੋ ਕੇ 28
ਜੁਲਾਈ ਨੂੰ ਸ਼ਹੀਦ ਕਾਮਰੇਡ ਚਾਰੂ ਮੌਜੂਮਦਾਰ ਅਤੇ ਸ਼ਹੀਦ ਬਾਬਾ ਬੂਝਾ ਸਿੰਘ ਦੇ ਸ਼ਹਾਦਤ ਦਿਵਸ ਤੱਕ ਸੰਪੂਰਨ ਹੋਵੇਗੀ। ਇਸ ਮੁਹਿੰਮ ਦੇ ਉਦੇਸ਼ ਅਤੇ ਵਿਸਥਾਰ ਪਾਰਟੀ ਵਲੋਂ 13 ਤੇ 14 ਮਾਰਚ ਨੂੰ ਮਾਨਸਾ ਵਿਖੇ ਹੋਣ ਵਾਲੀ ਸੂਬਾ ਪੱਧਰ ਦੀ ਪਾਰਟੀ ਵਰਕਸ਼ਾਪ ਦੌਰਾਨ ਤਹਿ ਕੀਤੇ ਜਾਣਗੇ।
ਮੀਟਿੰਗ ਨੇ ਇਕ ਮਤਾ ਪਾਸ ਕਰਕੇ ਸੰਘ-ਬੀਜੇਪੀ ਦੇ ਪਿੱਠੂ ਅਖੌਤੀ ਇਤਿਹਾਸਕਾਰਾਂ ਵਲੋਂ ਲਿਖੀਆਂ ਗਈਆਂ ਸਿਲੇਬਸ ਦੀਆਂ ਪਾਠ ਪੁਸਤਕਾਂ ਵਿਚ ਸਿੱਖ ਇਤਿਹਾਸ ਤੇ ਸਿੱਖ ਗੁਰੂ ਸਾਹਿਬਾਨ ਬਾਰੇ ਗਲਤ ਤੇ ਅਪਮਾਨਜਨਕ ਟਿਪਣੀਆਂ ਦੀ ਸਖ਼ਤ ਨਿੰਦਾ ਕਰਦਿਆਂ , ਅਜਿਹੀਆਂ ਪੁਸਤਕਾਂ ਨੂੰ ਜ਼ਬਤ ਕਰਨ ਤੇ ਇਸ ਕਰਤੂਤ ਲਈ ਜ਼ਿੰਮੇਵਾਰ ਸਾਰੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਮੁਹਾਲੀ ਵਿਖੇ ਜਾਰੀ ਧਰਨੇ ਦੀ ਹਿਮਾਇਤ ਦਾ ਐਲਾਨ ਕੀਤਾ ਹੈ।
ਇਕ ਦੂਜੇ ਮਤੇ ਵਿਚ ਮੋਦੀ ਸਰਕਾਰ ਵਲੋਂ ਮਨਮਾਨੇ ਢੰਗ ਨਾਲ ਬੀਬੀਐਮਬੀ ਐਕਟ ਵਿਚ ਸੋਧ ਕਰਕੇ ਪੰਜਾਬ ਦੇ ਹਿੱਤਾਂ ਉਤੇ ਸਿੱਧੀ ਸੱਟ ਮਾਰਨ ਨੂੰ ਬੀਜੇਪੀ ਦੀ ਫੈਡਰਲ ਢਾਂਚੇ ਅਤੇ ਘੱਟਗਿਣਤੀ ਵਿਰੋਧੀ ਵਿਚਾਰਧਾਰਾ ਦੀ ਖੁੱਲੀ ਨੁਮਾਇਸ਼ ਕਰਾਰ ਦਿੱਤਾ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਇਹ ਪੰਜਾਬ ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਵਿਚ ਮੋਹਰੀ ਭੂਮਿਕਾ ਨਿਭਾਉਣ ਬਦਲੇ ਦਿੱਤੀ ਗਈ ਸਜ਼ਾ ਹੈ ਅਤੇ ਲਿਬਰੇਸ਼ਨ ਸਮੂਹ ਹਮਖਿਆਲ ਤਾਕਤਾਂ ਨਾਲ ਮਿਲ ਕੇ ਮੋਦੀ ਸਰਕਾਰ ਦੇ ਇਸ ਹਮਲੇ ਦਾ ਪੂਰੀ ਤਾਕਤ ਨਾਲ ਵਿਰੋਧ ਕਰੇਗੀ।
ਮੀਟਿੰਗ ਵਿਚ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ, ਗੁਰਮੀਤ ਸਿੰਘ ਬਖਤਪੁਰ, ਭਗਵੰਤ ਸਿੰਘ ਸਮਾਓ, ਨਛੱਤਰ ਸਿੰਘ ਖੀਵਾ, ਜਸਬੀਰ ਕੌਰ ਨੱਤ, ਗੁਲਜ਼ਾਰ ਸਿੰਘ, ਗੁਰਨਾਮ ਸਿੰਘ ਭੀਖੀ, ਬਲਬੀਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਰੂੜੇਕੇ, ਹਰਭਗਵਾਨ ਭੀਖੀ, ਅਸ਼ਵਨੀ ਲੱਖਣ ਕੇ, ਹਰਵਿੰਦਰ ਸਿੰਘ ਸੇਮਾ, ਗੁਰਮੀਤ ਸਿੰਘ ਨੰਦਗੜ੍ਹ ਅਤੇ ਹਰਮਨਦੀਪ ਹਿੰਮਤਪੁਰਾ ਹਾਜ਼ਰ ਸਨ।