ਭਾਰਤ ਸਰਕਾਰ ਨੇ ਸਮਾਂ ਰਹਿੰਦਿਆਂ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਨਹੀਂ ਕੱਢਿਆ
ਹਰਿੰਦਰ ਨਿੱਕਾ , ਬਰਨਾਲਾ, 5 ਮਾਰਚ 2022
‘ਭਾਰਤ ਸਰਕਾਰ ਆਪਣੇ ਵਿਦਿਆਰਥੀਆਂ ਨੂੰ ਸਮੇਂ ਸਿਰ ਯੂਕਰੇਨ ਤੋਂ ਬਾਹਰ ਨਹੀਂ ਕੱਢ ਸਕੀ ਜਦਕਿ ਇਜ਼ਰਾਈਲ, ਮੋਰੱਕੋ, ਬਰਤਾਨੀਆ ਤੇ ਅਮਰੀਕਾ ਵਰਗੇ ਮੁਲਕਾਂ ਨੇ ਸਮਾਂ ਰਹਿੰਦਿਆਂ ਹੀ ਆਪੋ-ਆਪਣੇ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਬਾਹਰ ਕੱਢ ਲਿਆ ਸੀ’ ਉਕਤ ਸ਼ਬਦਾਂ ਦਾ ਪ੍ਰਗਟਾਵਾ ਯੂਕਰੇਨ ਤੋਂ ਪਰਤੀ ਜਿਲ੍ਹਾ ਬਰਨਾਲਾ ਦੇ ਪਿੰਡ ਗੰਗੋਹਰ ਦੀ ਵਿਦਿਆਰਥਣ ਕਰਮਜੀਤ ਕੌਰ ਨੇ ਕੀਤਾ।ਉਸ ਨੇ ਕਿਹਾ ਕਿ ਹਮਲੇ ਵਾਲੇ ਦਿਨ 24 ਫਰਵਰੀ ਨੂੰ ਵੀ ਭਾਰਤ ਸਰਕਾਰ ਚਾਹੁੰਦੀ ਤਾਂ ਭਾਰਤੀ ਵਿਦਿਆਰਥੀਆਂ ਨੂੰ ਬੱਸਾਂ ਰਾਹੀਂ ਯੂਕਰੇਨ ਤੋਂ ਕਿਸੇ ਪੋਲੈਂਡ,ਅਰਮੀਨੀਆ ਵਰਗੇ ਮੁਲਕ ਸ਼ਿਫਟ ਕਰ ਸਕਦੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ, ਸ਼ਾਇਦ ਸਾਡੀ ਸਰਕਾਰ ਉਸ ਸਮੇਂ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਰੁੱਝੀ ਹੋਈ ਸੀ।
ਕਰਮਜੀਤ ਕੌਰ 2019 ’ਚ ਪੜ੍ਹਾਈ ਲਈ ਯੂਕਰੇਨ ਗਈ ਸੀ ਤੇ ਉਹ ਉਥੋਂ ਦੀ ਖਾਰਕੀਵ ਨੈਸ਼ਨਲ ਯੂਨੀਵਰਸਿਟੀ ’ਚ ਐੱਮਬੀਬੀਐੱਸ ਦੇ ਤੀਜੇ ਸਾਲ ਦੀ ਵਿਦਿਆਰਥਣ ਹੈ। ਉਸ ਨੇ ਦੱਸਿਆ ਕਿ 24 ਫਰਵਰੀ ਨੂੰ ਜਦੋਂ ਯੂਕਰੇਨ ’ਤੇ ਹਮਲਾ ਹੋਇਆ ਤਾਂ ਧਮਾਕੇ ਦੀ ਅਵਾਜ਼ ਸੁਣ ਕੇ ਸਾਰੇ ਵਿਦਿਆਰਥੀ ਡਰ ਗਏ ਤੇ ਯੂਨੀਵਰਸਿਟੀ ਅਧਿਕਾਰੀਆਂ ਦੇ ਕਹਿਣ ’ਤੇ ‘ਅੰਡਰਗਰਾਊਂਡ’ ਹੋ ਗਏ ਸਨ। ਉਸ ਨੇ ਦੱਸਿਆ ਕਿ ਉਹ ਬਾਕੀ ਵਿਦਿਆਰਥੀਆਂ ਨਾਲ 28 ਫਰਵਰੀ ਨੂੰ ਖਾਰਕੀਵ ਤੋਂ ਪੋਲੈਂਡ ਲਈ ਰਵਾਨਾ ਹੋਈ। ਪੋਲੈਂਡ ਪਹੁੰਚਣ ਤੱਕ ਕਿਸੇ ਸਰਕਾਰ ਨੇ ਵਿਦਿਆਰਥੀਆਂ ਦੀ ਮਦਦ ਨਹੀਂ ਕੀਤੀ। ਉਥੇ ਪਹੁੰਚਣ ਤੋਂ ਬਾਅਦ ਹੀ ਭਾਰਤ ਸਰਕਾਰ ਵੱਲੋਂ ‘ਮਿਸ਼ਨ ਗੰਗਾ’ ਤਹਿਤ ਉਨ੍ਹਾਂ ਨੂੰ ਦਿੱਲੀ ਲਿਆਉਣ ਤੱਕ ਦਾ ਪ੍ਰਬੰਧ ਕੀਤਾ ਗਿਆ।ਆਪਣੀਆਂ ਸਹਿਯੋਗੀ ਵਿਦਿਆਰਥਣਾਂ ਸਮੇਤ ਖਾਰਕੀਵ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਲਵੀਵ ਰਾਹੀਂ ਹੁੰਦੇ ਹੋਏ ਪੋਲੈਂਡ ਪਹੁੰਚੀ ਕਰਮਜੀਤ ਨੇ ਦੱਸਿਆ ਕਿ ਜੰਗ ਦੇ ਮਾਹੌਲ ‘ਚ ਖਾਰਕੀਵ ਮੈਟਰੋ ਸਟੇਸ਼ਨ ਤੋਂ ਨਿੱਕਲ ਕੇ ਪੋਲੈਂਡ ਬਾਰਡਰ ਤੱਕ ਪਹੁੰਚਣ ਦਾ ਸਫ਼ਰ ਕਠਨਾਈਆਂ ਭਰਪੂਰ ਰਿਹਾ।ਵਿਦਿਆਰਥਣ ਦੇ ਉਕਤ ਸ਼ਬਦਾਂ ਤੋਂ ਸਾਫ ਹੈ ਕਿ ਭਾਰਤ ਸਰਕਾਰ ਦਾ ‘ਮਿਸ਼ਨ ਗੰਗਾ’ ਯੂਕਰੇਨ ਦੇ ਗੁਆਂਢੀ ਮੁਲਕਾਂ ਤੋਂ ਵਿਦਿਆਰਥੀ ਦਿੱਲੀ ਲਿਆਉਣ ਤੱਕ ਸੀਮਤ ਹੈ।
ਵਿਦਿਆਰਥਣ ਕਰਮਜੀਤ ਕੌਰ ਦੇ ਘਰ ਵਾਪਸ ਪਰਤਣ ਤੇ ਪਰਿਵਾਰਕ ਮੈਂਬਰਾਂ ‘ਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਹਨ।ਕਰਮਜੀਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਬੇਟੀ ਨੂੰ ਡਾਕਟਰ ਬਣਨ ਲਈ ਯੂਕਰੇਨ ਭੇਜਿਆ ਸੀ ਪਰ ਜੰਗ ਕਾਰਨ ਬਣੇ ਹਾਲਾਤ ਕਰਕੇ ਉਸ ਦੀ ਪੜ੍ਹਾਈ ਅਧੂਰੀ ਰਹਿ ਰਹੀ ਹੈ। ਆਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਭ ਸੁਖਾਵਾਂ ਹੋ ਜਾਵੇਗਾ ਤੇ ਬੱਚੇ ਆਪਣੀ ਪੜ੍ਹਾਈ ਮੁੜ ਪੂਰੀ ਕਰ ਸਕਣਗੇ।
ਕਰਮਜੀਤ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਐਮਬੀਬੀਐਸ ਦੀਆਂ ਸੀਟਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ ਜੇਕਰ ਆਪਣੇ ਦੇਸ਼ ‘ਚ ਹੀ ਸੀਟਾਂ ਪੂਰੀਆਂ ਹੋਣ ਤੋਂ ਵਿਦਿਆਰਥੀ ਇੱਥੇ ਹੀ ਡਿਗਰੀ ਹਾਸਲ ਕਰਨਗੇ।