ਤਨਖਾਹਾਂ ਲਈ ਲੋੜੀਦਾਂ ਬਜ਼ਟ ਨਾ ਜਾਰੀ ਹੋਣ ਅਤੇ ਜਬਰੀ ਵੈਕਸੀਨੇਸਨ ਵਿਰੁੱਧ ਸਾਂਝੇ ਅਧਿਆਪਕ ਮੋਰਚੇ ਨੇ ਕੀਤਾ ਡੀ ਸੀ ਦਫਤਰ ਅੱਗੇ ਰੋਸ ਪ੍ਰਦਰਸਨ
ਜਲਦੀ ਬੱਜਟ ਜਾਰੀ ਨਾ ਹੋਇਆ ਤਾਂ ਤਿੱਖੇ ਪ੍ਰਦਰਸ਼ਨਾ ਦੀ ਚਿਤਾਵਨੀ
ਪ੍ਰਦੀਪ ਕਸਬਾ , ਮਾਨਸਾ , 05 ਮਾਰਚ 2022
ਪੰਜਾਬ ਵਿੱਚ ਹਜਾਰਾਂ ਅਧਿਆਪਕਾਂ ਅਤੇ ਨਾਨ ਟੀਚਿੰਗ ਅਮਲੇ ਦੀਆਂ ਜਨਵਰੀ ਅਤੇ ਫਰਵਰੀ 2022 ਮਹੀਨੇ ਦੀਆਂ ਤਨਖਾਹਾਂ ਅਤੇ ਤਨਖਾਹ ਕਮੀਸ਼ਨ ਦੇ ਬਕਾਏ ਰੁਕੇ ਹੋਏ ਹਨ। ਸਾਂਝਾ ਅਧਿਆਪਕ ਮੋਰਚੇ ਦੇ ਸੱਦੇ ਤੇ ਅੱਜ ਮਾਨਸਾ ਜਿਲ੍ਹੇ ਦੇ ਅਧਿਆਪਕ ਸਥਾਨਕ ਬਾਲ ਭਵਨ ਵਿਖੇ ਇਕੱਠੇ ਹੋਏ ਅਤੇ ਜੋਰਦਾਰ ਨਾਆਰੇਬਾਜੀ ਕੀਤੀ । ਇਸ ਉਪਰੰਤ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਰੋਸ ਮਾਰਚ ਕੀਤਾ ਗਿਆ।
ਇੱਥੇ ਅਧਿਅਪਕਾਂ ਦੁਆਰਾ ਧਰਨਾ ਦਿੱਤਾ ਅਤੇ ਬਜਟ ਜਾਰੀ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਪ੍ਰਦਾਸਨ ਦੁਆਰਾ ਸਾਂਝੇ ਅਧਿਅਪਕ ਮੋਰਚੇ ਦੇ ਅਾਗੂਆਂ ਦੀ ਵਧੀਕ ਡਿਪਟੀ ਕਮਿਸਨਰ ਨਾਲ ਗੱਲਬਾਤ ਕਰਵਾਈ ਗਈ । ਵਧੀਕ ਡਿਪਟੀ ਕਮਿਸਨਰ ਵੱਲੋੰ ਡੀ ਪੀ ਆਈ ਦਫਤਰ ਨਾਲ ਗੱਲ ਕਰਕੇ ਬਜਟ ਜਾਰੀ ਕਰਵਾਉਣ ਦੀ ਗੱਲ ਕਹੀ ਅਤੇ ਬੱਚਿਆਂ ਦੀ ਵੈਕਸ਼ੀਨੇਸਨ ਸਬੰਧੀ ਉਹਨਾ ਕਿਹਾ ਕਿ ਅਧਿਆਪਕ ਬੱਚਿਆਂ ਨੂੰ ਸਿਰਫ ਪ੍ਰੇਰਿਤ ਕਰਨ ਇਸ ਸਬੰਧੀ ਕਿਸੇ ਨਾਲ ਕੋਈ ਜਬਰਦਸਤੀ ਨਹੀ ਕੀਤੀ ਜਾ ਸਕਦੀ ਅਤੇ ਨਾ ਹੀ ਕਿਸੇ ਅਧਿਆਪਕ ਤੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। ਅਧਿਆਪਕ ਆਗੂਆਂ ਗੁਰਦਾਸ ਰਾਏਪੁਰ , ਪਰਮਿੰਦਰ ਸਿੰਘ , ਦਰਸਨ ਅਲੀਸੇਰ, ਨਵਨੀਤ ਕੱਕੜ, ਧਰਮਿੰਦਰ ਹੀਰੇਵਾਲਾ ਨੇ ਕਿਹਾ ਕਿ ਤਨਖਾਹਾਂ ਅਤੇ ਤਨਖਾਹ ਬਕਾਏ ਦੀ ਅਦਾਇਗੀ ਲਈ ਸਮੇਂ ਸਿਰ ਬਜ਼ਟ ਨਾ ਉਪਲੱਬਧ ਹੋਣ ਕਾਰਨ ਕਰਮਚਾਰੀਆਂ ਨੂੰ ਗੰਭੀਰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਗੂਆਂ ਨੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਤਨਖਾਹਾਂ ਤੇ ਪਿਛਲੇ ਆਗੂਆਂ ਨੇ ਸਿੱਖਿਆ ਵਿਭਾਗ ਵਲੋਂ ਕੁੱਝ ਅਧਿਆਪਕਾਂ ਦੇ ਤਨਖਾਹ ਏਰੀਅਰ ਕਢਵਾਉਣ ਨੂੰ ਇਸ ਸੰਕਟ ਲਈ ਜ਼ਿੰਮੇਵਾਰ ਕਹਿਣ ਦੀ ਸਖਤ ਨਿਖੇਧੀ ਕਰਦਿਆਂ ਦੱਸਿਆ ਕਿ, ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਦਿੱਤੇ ਲੰਗੜੇ ਤਨਖਾਹ ਕਮਿਸ਼ਨ ਦੇ ਵੀ ਪਿਛਲੇ ਸਾਢੇ ਪੰਜ ਸਾਲ ਦੇ ਬਕਾਏ ਅਤੇ ਮਹਿੰਗਾਈ ਭੱਤੇ ਦਾ ਏਰੀਅਰ ਦੱਬੇ ਹੋਏ ਹਨ। ਸਰਕਾਰ ਨੇ ਮਹਿਜ਼ ਚਾਰ ਮਹੀਨਿਆਂ ਦਾ ਬਕਾਇਆ ਹੀ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਵੀ ਲੋੜੀਂਦਾ ਬਜਟ ਨਾ ਹੋਣਾ ਵਿੱਤ ਵਿਭਾਗ ਦੀ ਘੋਰ ਨਾਲਾਇਕੀ ਹੈ। ਸਰਕਾਰੀ ਅਲਗਰਜ਼ੀ ਕਾਰਨ ਤਨਖਾਹ ਵਿਹੂਣੇ ਅਧਿਆਪਕ, ਬੈਂਕਾਂ ਤੋਂ ਲਏ ਕਰਜ਼ਿਆਂ ਦੀਆਂ ਕਿਸ਼ਤਾਂ ਸਮੇਤ ਹੋਰ ਪਰਿਵਾਰਕ ਖਰਚ ਕਰਨ, ਤੋਂ ਅਸਮਰਥ ਹੋ ਗਏ ਹਨ। ਦੂਜੇ ਪਾਸੇ ਵਿੱਤੀ ਵਰ੍ਹੇ ਦੇ ਅਖੀਰਲੇ ਮਹੀਨੇ ਹੋਣ ਕਾਰਨ, ਬਿਨਾਂ ਤਨਖ਼ਾਹ ਪ੍ਰਾਪਤ ਹੋਇਆਂ ਆਮਦਨ ਕਰ ਭਰਨ ਦੀ ਤਲਵਾਰ ਵੀ ਲਟਕੀ ਹੋਈ ਹੈ।
ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ, ਪੰਜਾਬ ਦੇ ਸਮੂਹ ਸਕੂਲਾਂ ਅਤੇ ਪ੍ਰਾਇਮਰੀ ਬਲਾਕਾਂ ਤੱਕ, ਮੰਗ ਅਨੁਸਾਰ ਫੌਰੀ ਲੋੜੀਦਾਂ ਤਨਖਾਹ ਬਜਟ ਜਾਰੀ ਕੀਤਾ ਜਾਵੇ, ਤਾਂ ਜੋ ਪਿਛਲੇ ਸਮੇਂ ਦੀਆਂ ਰੁਕੀਆਂ ਤਨਖਾਹਾਂ, ਤਨਖਾਹ ਕਮੀਸ਼ਨ ਦੇ ਏਰੀਅਰ ਅਤੇ ਚਾਲੂ ਮਹੀਨੇ ਫਰਵਰੀ-2022 ਦੀਆਂ ਤਨਖਾਹਾਂ ਵੀ ਬਿਨਾ ਦੇਰੀ ਰੀਲੀਜ਼ ਹੋ ਸਕਣ।ਇਸ ਤੋਂ ਇਲਾਵਾ ਅਧਿਆਪਕਾਂ ਨੇ ਮੰਗ ਕੀਤੀ ਕਿ ਯੂਕਰੇਨ ਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਸਰਕਾਰ ਯਤਨ ਤੇਜ ਕਰੇ। ਇਸ ਮੌਕੇ ਉਪਰੋਕਤ ਤੋੰ ਇਲਾਵਾ ਬਲਵਿੰਦਰ ਉੱਲਕ, ਅਮੋਲਕ ਡੇਲੂਆਣਾ, ਗੁਰਪ੍ਰੀਤ ਦਲੇਲਵਾਲਾ, ਰਾਜਵਿੰਦਰ ਮੀਰ, ਹੰਸਾ ਸਿੰਘ ਡੇਲੂਆਣਾ, ਗੁਰਲਾਲ ਗੁਰਨੇ, ਗੁਰਦਾਸ ਗੁਰਨੇ, ਸੰਤੋਖ ਗੁਰਨੇ , ਕੌਰ ਸਿੰਘ ਫੱਗੂ, ਸੁਖਵੀਰ ਸਿੰਘ, ਲਖਵਿੰਦਰ ਸਿੰਘ, ਸਤੀਸ ਕੁਮਾਰ, ਜਸਵੰਤ ਕੌਰ, ਮੈਡਮ ਕੰਚਨ , ਹਰਵਿੰਦਰ ਮੋਹਲ, ਇੰਦਰਜੀਤ ਡੇਲੂਆਣਾ, ਸੁਖਵੀਰ ਸਿੰਘ, ਅਮਰਿੰਦਰ ਸਿੰਘ ਆਦਿ ਹਾਜਰ ਸਨ।