ਕਿਰਾਏ ਤੇ ਲੈ ਲਈ ਕੋਠੀ ਤੇ ਆਪਣੀ ਨਵੀਂ ਕੋਠੀ ਬਣਾਉਣ ਨੂੰ ਲੈ ਲਈ ਜਗ੍ਹਾ
ਪੱਕਾ ਦਫਤਰ ਬਣਾਉਣ ਲਈ ਲੈ ਲਈਆਂ ਦੁਕਾਨਾਂ
ਹਰਿੰਦਰ ਨਿੱਕਾ, ਬਰਨਾਲਾ 4 ਮਾਰਚ 2022
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਨੇ ਚੋਣਾਂ ਤੋਂ ਬਾਅਦ ਉਨਾਂ ਵੱਲੋਂ ਬਰਨਾਲਾ ਛੱਡ ਕੇ ਚਲੇ ਜਾਣ ਦੀਆਂ ਕਥਿਤ ਅਫਵਾਹਾਂ ਨੂੰ ਵਿਰਾਮ ਦਿੰਦਿਆਂ ਮਨੀਸ਼ ਬਾਂਸਲ ਨੇ ਨਿਰਾਲਾ ਚੌਂਕ ਦੇ ਨੇੜੇ, ਆਪਣੀ ਰਿਹਾਇਸ਼ ਲਈ ਆਲੀਸ਼ਾਨ ਕੋਠੀ ਕਿਰਾਏ ਤੇ ਲੈ ਕੇ,ਉਸ ਦੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਜਦੋਂਕਿ ਆਪਣੀ ਨਵੀਂ ਕੋਠੀ ਲਈ ਵੀ ਸੰਘੇੜਾ ਰੋਡ ਤੇ ਸਥਿਤ ਨਿਰੰਕਾਰੀ ਭਵਨ ਦੇ ਨੇੜੇ ਜਗ੍ਹਾ ਵੀ ਲੈ ਲੈਣ ਦੀ ਕਨਸੋਅ ਵੀ ਮਿਲੀ ਹੈ। ਪਤਾ ਲੱਗਿਆ ਹੇ ਕਿ ਮਨੀਸ਼ ਬਾਂਸਲ ਨੇ ਨਵੀਂ ਕੋਠੀ ਦੇ ਨਿਰਮਾਣ ਲਈ, ਪੂਰੀ ਵਿਉਂਤਬੰਦੀ ਵੀ ਤਿਆਰ ਕਰ ਲਈ ਹੈ। ਜਿਸ ਤੋਂ ਹੁਣ ਇੱਕ ਗੱਲ , ਚਿੱਟੇ ਦਿਨ ਵਾਂਗ ਸਾਫ ਹੋ ਗਈ ਕਿ ਚੋਣ ਨਤੀਜਾਂ ਭਾਂਵੇ ਕੋਈ ਵੀ ਕਿਉਂ ਨਾ ਹੋਵੇ, ਮਨੀਸ਼ ਬਾਂਸਲ ਨੇ ਬਰਨਾਲਾ ਸ਼ਹਿਰ ਨੂੰ ਆਪਣੀ ਕਰਮਭੂਮੀ ਬਣਾ ਕੇ ਆਪਣਾ ਪੱਕਾ ਠਿਕਾਣਾ ਬਣਾ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਨੀਸ਼ ਬਾਂਸਲ ਵੱਲੋਂ ਲਾਈਫ ਲਾਈਨ ਹਸਪਤਾਲ ਦੇ ਬਿਲਕੁਲ ਸਾਹਮਣੇ ਵਾਲੀ 22 ਏਕੜ ਕਲੋਨੀ ਵਿੱਚ ਸਥਿਤ ਆਹਲੂਵਾਲੀਆ ਪਰਿਵਾਰ ਤੋਂ ਇੱਕ ਕੋਠੀ, ਕਿਰਾਏ ਤੇ ਲੈ ਕੇ, ਉਸ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਹੈ। ਇਸ ਦੀ ਪੁਸ਼ਟੀ ਖੁਦ ਮਨੀਸ਼ ਬਾਂਸਲ ਨੇ ਵੀ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਕੀਤੀ ਹੈ। ਮਨੀਸ਼ ਬਾਂਸਲ ਨੇ ਕਿਹਾ ਕਿ ਉਨਾਂ ਦੇ ਕੁੱਝ ਰਾਜਨੀਤਕ ਵਿਰੋਧੀ, ਇਹ ਅਫਵਾਹਾਂ ਫੈਲਾ ਰਹੇ ਹਨ ਕਿ ਮੈਂ ਤੇ ਮੇਰਾ ਪਰਿਵਾਰ ਚੋਣ ਤੋਂ ਬਾਅਦ ਇੱਥੋਂ ਚਲਾ ਗਿਆ ਹੈ ਅਤੇ ਚੋਣ ਨਤੀਜ਼ੇ ਤੋਂ ਬਾਅਦ ਪੱਕੇ ਤੌਰ ਤੇ ਹੀ ਚੰਡੀਗੜ੍ਹ ਰਹੇਗਾ।
ਬਾਂਸਲ ਨੇ ਕਿਹਾ ਕਿ ਮੈਂ ਚੋਣ ਮੁਹਿੰਮ ਦੌਰਾਨ ਲੋਕਾਂ ਨੂੰ ਹਰ ਥਾਂ ਭਰੋਸਾ ਦਿੱਤਾ ਸੀ ਕਿ ਮੈਂ ਚੋਣ ਤੋਂ ਬਾਅਦ ਬਰਨਾਲਾ ਦਾ ਹੀ ਪੱਕਾ ਵਸਨੀਕ ਬਣ ਕੇ ਰਹਾਂਗਾ। ਮੈਂ ਵਾਅਦੇ ਦਾ ਪੱਕਾ ਵਿਅਕਤੀ ਹਾਂ, ਇਸ ਲਈ,ਮੈਂ ਲੋਕਾਂ ਨੂੰ ਦਿੱਤੇ ਭਰੋਸੇ ਤੇ ਖਰਾ ਉਤਰਦਿਆਂ ਨਵੀਂ ਕੋਠੀ ਦੀ ਉਸਾਰੀ ਤੱਕ ਰਹਾਇਸ਼ ਲਈ ਕਿਰਾਏ ਤੇ ਕੋਠੀ ਲੈ ਲਈ ਹੈ ਅਤੇ ਕੋਠੀ ਤੋਂ ਕੁੱਝ ਕਦਮਾਂ ਦੀ ਦੂਰੀ ਤੇ ਆਪਣਾ ਪੱਕਾ ਦਫਤਰ ਰੱਖਣ ਲਈ ਬਕਾਇਦਾ ਦੁਕਾਨਾਂ ਵੀ ਲੈ ਲਈਆਂ ਹਨ। ਤਾਂਕਿ ਇਲਾਕੇ ਦੇ ਲੋਕਾਂ ਦੀ ਹਲਕੇ ਵਿੱਚ ਰਹਿ ਕੇ ਹੀ ਸੇਵਾ ਕਰਨ ਦਾ ਵਾਅਦਾ ਪੂਰਾ ਕਰ ਸਕਾਂ ਅਤੇ ਲੋਕਾਂ ਨੂੰ ਮਿਲਣ ਅਤੇ ਆਪਣੇ ਕੰਮ ਕਰਵਾਉਣ ਵਿੱਚ ਕੋਈ ਵੀ ਮੁਸ਼ਕਲ ਪੇਸ਼ ਨਾ ਆਵੇ। ਬਾਂਸਲ ਨੇ ਕਿਹਾ ਕਿ ਮੈਂ ਜਿਲ੍ਹੇ ਦੀ ਤਪਾ ਮੰਡੀ ਦਾ ਜੱਦੀ ਪੁਸ਼ਤੀ ਵਸਨੀਕ ਹਾਂ, ਹੁਣ ਪਾਰਟੀ ਹਾਈਕਮਾਂਡ ਵੱਲੋਂ ਬਰਨਾਲਾ ਹਲਕੇ ਦੀ ਜਿੰਮੇਵਾਰੀ ਸੰਭਾਲ ਦੇਣ ਤੋਂ ਬਾਅਦ ਬਰਨਾਲਾ ਨੂੰ ਆਪਣੀ ਕਰਮਭੂਮੀ ਬਣਾ ਲਿਆ ਹੈ। ਚੋਣ ‘ਚ ਮਿਲਿਆ ਅਥਾਹ ਪਿਆਰ ਤੇ ਲੋਕਾਂ ਨੇ ਮੈਨੂੰ ਆਪਣਾ ਬਣਾ ਲਿਆ
ਚੋਣ ਮੁਹਿੰਮ ਦੀ ਮਿਲੀ ਸਫਲਤਾ ਤੋਂ ਗਦਗਦ ਪ੍ਰਸੰਨ ਤੇ ਉਤਸ਼ਾਹਿਤ ਮਨੀਸ਼ ਬਾਂਸਲ ਨੇ ਕਿਹਾ ਕਿ ਚੋਣ ਮੁਹਿੰਮ ਦੌਰਾਨ ਮੈਂਨੂੰ ਅਥਾਹ ਪਿਆਰ ਮਿਲਿਆ ਹੈ ਅਤੇ ਲੋਕਾਂ ਨੇ ਮੈਨੂੰ ਆਪਣਾ ਬਣਾ ਲਿਆ ਹੈ। ਉਨਾਂ ਮੰਨਿਆ ਕਿ ਬੇਸ਼ੱਕ ਉਨਾਂ ਨੂੰ ਚੋਣ ਮੁਹਿੰਮ ਚਲਾਉਣ ਲਈ, ਬਹੁਤ ਘੱਟ ਸਮਾਂ ਮਿਲਿਆ, ਪਰੰਤੂ ਇਲਾਕੇ ਦੇ ਆਗੂਆਂ/ਵਰਕਰਾਂ ਅਤੇ ਦੋਸਤਾਂ/ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਸਮੇਂ ਦੀ ਘਾਟ ਨੂੰ ਚੋਣ ਮੁਹਿੰਮ ਵਿੱਚ ਰੜਕਣ ਹੀ ਨਹੀਂ ਦਿੱਤਾ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਕਿਹਾ ਕਿ ਵੋਟਰਾਂ ਦਾ ਰੁਝਾਨ ਦੇਖ ਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਮਨੀਸ਼ ਬਾਂਸਲ ਦੀ ਜਿੱਤ ਯਕੀਨੀ ਹੈ। ਉਨਾਂ ਦੀ ਅਗਵਾਈ ਅਤੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਜੀ ਦੇ ਮਾਰਗ ਦਰਸ਼ਨ ਵਿੱਚ ਇਲਾਕੇ ਦੇ ਵਿਕਾਸ ਦੀ ਰਹਿੰਦੀ ਕਸਰ ਵੀ ਪੂਰੀ ਕਰ ਦਿਆਂਗੇ।