ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਸਬੰਧ ਵਿਚ ਵੱਖ-ਵੱਖ ਥਾਵਾਂ ਤੇ ਕਰਵਾਏ ਗਏ ਮੁਕਾਬਲੇ
- ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਗਏ ਸਨਮਾਨ ਚਿੰਨ੍ਹ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 28 ਫ਼ਰਵਰੀ 2022
ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਸਬੰਧ ਵਿੱਚ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ 1 ਫਰਵਰੀ ਤੋਂ 26 ਫਰਵਰੀ ਤੱਕ ਵਿਦਿਆਰਥੀਆਂ ਵਿੱਚ ਮਾਤ ਭਾਸ਼ਾ ਅਤੇ ਸਾਹਿਤਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਵਿੱਦਿਅਕ ਅਦਾਰਿਆਂ ਵਿੱਚ ਸਿਰਜਨਾਤਮਕ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਭੁਪਿੰਦਰ ਉਤਰੇਜਾ ਨੇ ਦਿੱਤੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਨੈਸ਼ਨਲ ਡਿਗਰੀ ਕਾਲਜ ਚਵਾੜਿਆਂ ਵਾਲੀ ਵਿਖੇ ਬੋਲ ਲਿਖਤ, ਭਾਸ਼ਣ ਮੁਕਾਬਲੇ ਅਤੇ ਪ੍ਰਸ਼ਨੋਤਰੀ ਮੁਕਾਬਲੇ ਪ੍ਰਿੰਸੀਪਲ ਡਾ. ਰਚਨਾ ਮਹਿਰੋਕ ਦੀ ਯੋਗ ਅਗਵਾਈ ਵਿਚ ਕਾਲਜ ਸਟਾਫ ਪ੍ਰੋ ਸਵਿਤਾ, ਹਰਵਿੰਦਰ ਅਤੇ ਮਨਪ੍ਰੀਤ ਵੱਲੋਂ ਕਰਵਾਏ ਗਏ।
ਉਨ੍ਹਾਂ ਦੱਸਿਆ ਕਿ ਐਮ.ਆਰ. ਸਰਕਾਰੀ ਕਾਲਜ ਫਾਜ਼ਿਲਕਾ ਵਿਖੇ ਲੋਕ ਗੀਤਾਂ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਪ੍ਰਿੰਸੀਪਲ ਸ. ਬਿਕਰਮ ਸਿੰਘ ਵਿਰਕ ਦੀ ਅਗਵਾਈ ਵਿਚ ਜ਼ਿਲ੍ਹਾ ਨੋਡਲ ਅਫ਼ਸਰ ਭਾਸ਼ਾ ਮੰਚ ਸ੍ਰੀ ਸ਼ੇਰ ਸੰਧੂ ਅਤੇ ਪ੍ਰੋ. ਪ੍ਰਵੀਨ ਰਾਣੀ ਦੁਆਰਾ ਆਯੋਜਿਤ ਕੀਤੇ ਗਏ।
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਫ਼ਾਜ਼ਿਲਕਾ ਵਿਖੇ ਸ੍ਰੀ ਪ੍ਰਦੀਪ ਕੁਮਾਰ ਖਣਗਵਾਲ ਦੀ ਅਗਵਾਈ ਵਿੱਚ ਸ੍ਰੀ ਸੁਰਿੰਦਰ ਕੰਬੋਜ ਪੰਜਾਬੀ ਮਾਸਟਰ ਵੱਲੋਂ ਵਿਦਿਆਰਥੀਆਂ ਦੇ ਸੁੰਦਰ ਲਿਖਾਈ, ਬੋਲ ਲਿਖਤ ਅਤੇ ਅਖਾਣ ਪੂਰੇ ਕਰਨ ਦੇ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਖੋਜ ਅਫ਼ਸਰ ਸ. ਪਰਮਿੰਦਰ ਸਿੰਘ ਦਾ ਏਨਾ ਆਯੋਜਿਤ ਮੁਕਾਬਲਿਆਂ ਵਿੱਚ ਪੂਰਨ ਸਹਿਯੋਗ ਰਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਸਰਬਜੀਤ ਕੌਰ ਅਤੇ ਕਨਵੀਨਰ ਕੁਲਦੀਪ ਦੀਪ ਨੇ ਵੀ ਭਰਪੂਰ ਸਹਿਯੋਗ ਦਿੱਤਾ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰਵਾਏ ਗਏ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।