ਵਧੀਕ ਮੁੱਖ ਚੋਣ ਅਫ਼ਸਰ ਵੱਲੋਂ ਸਟ੍ਰਾਂਗ ਰੂਮਾਂ ਅਤੇ ਕਾਊਂਟਿੰਗ ਸੈਂਟਰਾਂ ਦਾ ਲਿਆ ਗਿਆ ਜਾਇਜ਼ਾ
ਬਿੱਟੂ ਜਲਾਲਾਬਾਦੀ,ਫਾਜਿ਼ਲਕਾ, 25 ਫਰਵਰੀ 2022
ਵਧੀਕ ਮੁੱਖ ਚੋਣ ਅਫ਼ਸਰ ਸ੍ਰੀ ਬੀ.ਸ੍ਰੀਨਿਵਾਸਨ ਨੇ ਇੱਥੇ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲੇ ਅੰਦਰ ਸਥਾਪਿਤ ਕੀਤੇ ਗਏ ਵੱਖ-ਵੱਖ ਸਟ੍ਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਸਬੰਧਿਤ ਆਰ.ਓਜ਼ ਨੂੰ ਹਦਾਇਤ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਣਾਏ ਗਏ ਸਟ੍ਰਾਂਗ ਰੂਮਾਂ ਵਿਖੇ ਸੁਰੱਖਿਆ ਅਤੇ ਹੋਰ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ।ਇਸ ਤੋਂ ਪਹਿਲਾਂ ਜਿ਼ਲ੍ਹੇ ਵਿਚ ਪੁੱਜਣ ਤੇ ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਸਬੰਧੀ ਕੀਤੇ ਇੰਤਜਾਮ ਅਤੇ ਚੋਣ ਪ੍ਰਕ੍ਰਿਆ ਦੀ ਹੁਣ ਤੱਕ ਦੀ ਪ੍ਰਗਤੀ ਦੀ ਜਾਣਕਾਰੀ ਦਿੱਤੀ।
ਇਸ ਦੌਰਾਨ ਵਧੀਕ ਮੁੱਖ ਚੋਣ ਅਫ਼ਸਰ ਸ੍ਰੀ ਬੀ ਸ੍ਰੀਨਿਵਾਸਨ ਨੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਫਾਜਿ਼ਲਕਾ ਵਿਖੇ ਵਿਧਾਨ ਸਭਾ ਹਲਕਾ 79 ਜਲਾਲਾਬਾਦ ਅਤੇ 80 ਫਾਜਿ਼ਲਕਾ ਦੇ ਬਣਾਏ ਸਟਰਾਂਗ ਰੂਮਾਂ ਜਿੱਥੇ ਕਿ ਵੋਟਿੰਗ ਮਸ਼ੀਨਾਂ ਰੱਖੀਆਂ ਗਈਆਂ ਹਨ ਅਤੇ ਜਿੱਥੇ ਵੋਟਾਂ ਦੀ ਗਿਣਤੀ ਹੋਣੀ ਹੈ ਦਾ ਦੌਰਾ ਕੀਤਾ। ਉਨ੍ਹਾਂ ਨੂੰ ਇੱਥੇ ਰਿਟਰਨਿੰਗ ਅਫ਼ਸਰਾਂ ਸ੍ਰੀ ਰਵਿੰਦਰ ਸਿੰਘ ਅਰੋੜਾ, ਸ੍ਰੀ ਦੇਵ ਦਰਸ਼ ਦੀਪ ਸਿੰਘ ਅਤੇ ਸ੍ਰੀ ਅਮਿਤ ਗੁਪਤਾ ਨੇ ਕੀਤੇ ਸੁਰੱਖਿਆ ਪ੍ਰਬੰਧਾਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਇੱਥੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਨੁੰਮਾਇੰਦੇ ਵੀ ਸਟਰਾਂਗ ਰੂਮ ਤੇ ਲਗਾਏ ਕੈਮਰਿਆਂ ਦੀ ਲਾਇਵ ਫੀਡ ਵੇਖ ਸਕਦੇ ਹਨ ਅਤੇ ਇੱਥੇ ਤਿੰਨ ਪਰਤਾਂ ਵਿਚ ਸੁਰੱਖਿਆ ਦੇ ਇੰਤਜਾਮ ਕੀਤੇ ਹੋਏ ਹਨ।ਇੱਥੇ ਜਿਕਰਯੋਗ ਹੈ ਕਿ 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਬਾਅਦ ਵਿਚ ਵਧੀਕ ਮੁੱਖ ਚੋਣ ਅਫ਼ਸਰ ਸ੍ਰੀ ਬੀ ਸ੍ਰੀਨਿਵਾਸਨ ਨੇ ਅਬੋਹਰ ਵਿਖੇ ਵਿਧਾਨ ਸਭਾ ਹਲਕਾ 81 ਅਬੋਹਰ ਅਤੇ 82 ਬੱਲੂਆਣਾ ਦੇ ਬਣਾਏ ਗਏ ਸਟਰਾਂਗ ਰੂਮਾਂ ਦਾ ਵੀ ਦੌਰਾ ਕੀਤਾ ਅਤੇ ਇੱਥੇ ਵੋਟਾਂ ਦੀ ਗਿਣਤੀ ਲਈ ਕੀਤੇ ਇੰਤਜਾਮਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨੂੰ ਅਬੋਹਰ ਦੇ ਰਿਟਰਨਿੰਗ ਅਫ਼ਸਰ ਸ੍ਰੀ ਅਮਿਤ ਗੁਪਤਾ ਨੇ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਐਸਪੀ ਸ੍ਰੀਮਤੀ ਅਵਨੀਤ ਸਿੱਧੂ ਅਤੇ ਸਬੰਧਤ ਹਲਕਿਆਂ ਦੇ ਏਆਰਓਜ਼ ਵੀ ਹਾਜਰ ਸਨ।