ਕਿਸਾਨਾਂ ਵੱਲੋਂ 14 ਨੂੰ ਪਿੰਡ ਪੱਧਰ ਅਤੇ 16 ਨੂੰ ਜਿਲ੍ਹਾ ਪੱਧਰ ‘ਤੇ ਅਰਥੀ ਫੂਕਣ ਦਾ ਫੈਸਲਾ
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਨੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਮੀਟਿੰਗ ਕਰਕੇ ਲਿਆ ਫੈਸਲਾ
ਪ੍ਰਦੀਪ ਕਸਬਾ , ਬਰਨਾਲਾ ,12 ਫਰਵਰੀ 2022
ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਅੱਜ ਤਰਕਸ਼ੀਲ ਭਵਨ ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨਛੱਤਰ ਸਿੰਘ ਸਹੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਵੱਲੋਂ ਵਾਅਦਾ iਖ਼ਲਾਫ਼ੀ ਕਰਨ ਦੇ ਨਾਲ ਨਾਲ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਾਤਲ ਅਸ਼ੀਸ਼ ਮਿਸ਼ਰਾ ਨੂੰ ਸੰਗੀਨ ਦੋਸ਼ੀ ਹੋਣ ਦੇ ਬਾਵਜੂਦ ਦਿੱਤੀ ਗਈ ਜ਼ਮਾਨਤ ਦੀ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕਰਦਿਆਂ ਪੰਜਾਬ ਆਉਣ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀਆਂ ਖਿਲਾਫ ਪਿੰਡ ਪੱਧਰ ਤੇ ਜਿਲ੍ਹਾ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ।ਕਿਸਾਨ ਆਗੂਆਂ ਨੇ ਭਾਜਪਾ ਦੇ ਸਹਿਯੋਗੀ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲ ਦਲ (ਸੰਯੁਕਤ) ਦੇ ਵੀ ਵਿਰੋਧ ਦਾ ਸੱਦਾ ਦਿੱਤਾ।
ਅੱਜ ਦੀ ਮੀਟਿੰਗ ਵਿੱਚ ਸ਼ਾਮਲ ਜਥੇਬੰਦੀਆ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ,ਜਨਰਲ ਸਕੱਤਰ ਕੁਲਵੰਤ ਸਿੰਘ ਠੀਕਰੀਵਾਲਾ,ਜੈ ਕਿਸਾਨ ਅੰਦੋਲਣ ਦੇ ਸੂਬਾ ਪ੍ਰਧਾਨ ਗੁਰਬਖਸ਼ ਸਿੰਘ ਬਰਨਾਲਾ,ਜਿਲ੍ਹਾ ਆਗੂ ਕੁਲਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜਿਲ਼੍ਹਾ ਆਗੂ ਨਛੱਤਰ ਸਿੰਘ ਸਹੌਰ,ਜਗਪਾਲ ਸਿੰਘ ਸਹਿਜੜ੍ਹਾ ਆਦਿ ਨੇ ਕਿਹਾ ਕਿ 14 ਫਰਵਰੀ ਬਰਨਾਲਾ ਜਿਲ੍ਹੇ ਦੇ ਸਮੂਹ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਜਦਕਿ 16 ਫਰਵਰੀ ਅਨਾਜ਼ ਮੰਡੀ ਬਰਨਾਲਾ ਵਿੱਚ ਇਕੱਤਰ ਹੋ ਕੇ ਬਰਨਾਲਾ ਸ਼ਹਿਰ ਵਿੱਚ ਰੋਸ ਮਾਰਚ ਕਰਦੇ ਹੋਏ ਡੀਸੀ ਦਫਤਰ ਬਰਨਾਲਾ ਅੱਗੇ ਅਰਥੀ ਫੂਕੀ ਜਾਵੇਗੀ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ ਕਿਉਂਕਿ ਅਜੇ ਤੱਕ ਐਮਐਸਪੀ ‘ਤੇ ਕਮੇਟੀ ਬਨਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ,ਕਿਸਾਨਾਂ ਖਿਲਾਫ ਦਰਜ਼ ਸਾਰੇ ਕੇਸ ਵਾਪਸ ਨਹੀਂ ਲਏ,ਲਖੀਮਪੁਰ ਖੀਰੀ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਜ਼ਮਾਨਤ ਦਵਾ ਕੇ ਕਿਸਾਨਾਂ ਦੇ ਅੱਲ੍ਹੇ ਜ਼ਖਮਾਂ ‘ਤੇ ਲੂਣ ਛਿੜਕਿਆ ਗਿਆ ਹੈ।ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਸਾਹਮਣੇ ਭਾਜਪਾ ਤੇ ਇਸਦੇ ਭਾਈਵਾਲਾਂ ਦਾ ਅਸਲੀ ਚਿਹਰਾ ਬੇਪਰਦ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਗੋਪੀ,ਵਰਿੰਦਰ ਸਿੰਘ ਅਜ਼ਾਦ,ਸੁਖਦੇਵ ਸਿੰਘ ਬਰਨਾਲਾ, ਗੁਰਵਿੰਦਰ ਸਿੰਘ ਕਾਲੇਕੇ,ਬਲੌਰ ਸਿੰਘ ਢਿੱਲਵਾਂ,ਬੂਟਾ ਸਿੰਘ,ਗੁਰਦੀਪ ਸਿੰਘ ਬਰਨਾਲਾ,ਜਗਤਾਰ ਸਿੰਘ ਸੇਵਾ ਮੁਕਤ ਏਡੀਓ ਆਦਿ ਨੇ ਸਮੂਹ ਕਿਸਾਨਾਂ,ਮਜਦੂਰਾਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਖਿਲਾਫ ਸੰਘਰਸ਼ਾਂ ‘ਚ ਪਹਿਲਾਂ ਵਾਂਗ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।