ਰਾਣਾ ਸੋਢੀ ਦੀ ਅਗਵਾਈ ‘ਚ ਫਿਰੋਜ਼ਪੁਰ ‘ਚ ਵਧ ਰਿਹਾ ਭਾਜਪਾ ਦਾ ਆਧਾਰ, ਪਾਰਟੀ ਨੂੰ ਮਿਲੀ ਮਜ਼ਬੂਤ ਅਗਵਾਈ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 7 ਫਰਵਰੀ 2022
ਪਿਛਲੇ ਲੰਮੇ ਸਮੇਂ ਤੋਂ ਮਜ਼ਬੂਤ ਲੀਡਰਸ਼ਿਪ ਦੀ ਘਾਟ ਦਾ ਸਾਹਮਣਾ ਕਰ ਰਹੇ ਭਾਜਪਾ ਵਰਕਰਾਂ ਚ ਰਾਣਾ ਗੁਰਮੀਤ ਸਿੰਘ ਸੋਢੀ ਦੇ ਫਿਰੋਜ਼ਪੁਰ ਆਉਣ ਨਾਲ ਵੱਡੇ ਆਗੂ ਦੀ ਕਮੀ ਦੂਰ ਹੋ ਗਈ ਹੈ। ਚਾਰ ਵਾਰ ਵਿਧਾਇਕ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਵਰਕਰਾਂ ਨੂੰ ਮੁੜ ਸੁਰਜੀਤ ਕਰਨ ਲਈ ਮਜਬੂਤ ਕਦਮ ਚੁੱਕ ਰਹੇ ਹਨ। ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਦੇ ਰਾਣਾ ਸੋਢੀ ਦੀ ਖੁੱਲ੍ਹ ਕੇ ਹਮਾਇਤ ਕਰਨ ਕਾਰਨ ਸ਼ਹਿਰੀ ਖੇਤਰ ਤੋਂ ਇਲਾਵਾ ਪਿੰਡਾਂ ਵਿੱਚ ਵੀ ਭਾਜਪਾ ਦਾ ਆਧਾਰ ਵਧਿਆ ਹੈ।
ਕਮਲ ਸ਼ਰਮਾ ਦੀ ਮੌਤ ਤੋਂ ਬਾਅਦ ਭਾਜਪਾ ਵਰਕਰ ਨਿਰਾਸ਼ ਹੋ ਗਏ ਸਨ। ਸੱਤਾ ਪਰਿਵਰਤਨ ਦੌਰਾਨ ਕਈ ਭਾਜਪਾ ਵਰਕਰਾਂ ‘ਤੇ ਸਿਆਸੀ ਰੰਜਿਸ਼ ਤਹਿਤ ਝੂਠੇ ਪਰਚੇ ਦਰਜ ਕਰਨ ਅਤੇ ਭਾਜਪਾ ਵਰਕਰਾਂ ਨੂੰ ਨਗਰ ਕੌਂਸਲ ਚੋਣਾਂ ‘ਚ ਸ਼ਾਮਲ ਨਾ ਹੋਣ ਦੇਣ ਕਾਰਨ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਦੋਂ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਉਮੀਦਵਾਰ ਐਲਾਨਿਆ ਹੈ, ਉਦੋਂ ਤੋਂ ਸਾਰੇ ਭਾਜਪਾ ਵਰਕਰ ਇੱਕ ਮੰਚ ’ਤੇ ਇਕੱਠੇ ਹੋ ਗਏ ਹਨ।
ਕਾਂਗਰਸ ਤੋਂ ਪੰਜ ਵਾਰ ਵਿਧਾਇਕ ਰਹੇ ਮਰਹੂਮ ਪੰਡਿਤ ਬਾਲ ਮੁਕੰਦ ਸ਼ਰਮਾ ਦੇ ਪਰਿਵਾਰ ਨੇ ਵੀ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ ਅਤੇ ਸ਼ਰਮਾ ਪਰਿਵਾਰ ਦਾ ਪਿੰਡਾਂ ਸਮੇਤ ਸ਼ਹਿਰ ਵਿੱਚ ਵੱਡਾ ਵੋਟ ਬੈਂਕ ਹੈ, ਜਿਸਦਾ ਭਾਜਪਾ ਨੂੰ ਵੱਡਾ ਲਾਭ ਹੋਵੇਗਾ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ‘ਤੇ ਲਿਜਾ ਸਕਦੀ ਹੈ। ਉਨ੍ਹਾਂ ਦਾ ਇੱਕੋ-ਇੱਕ ਟੀਚਾ ਸਰਹੱਦੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਸਮੇਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ।
ਪਿੰਡਾਂ ਵਿੱਚ ਮਿਲ ਰਿਹਾ ਸਹਿਯੋਗ
ਕੇਂਦਰ ਸਰਕਾਰ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦਾ ਦਰਜਾ ਦੇਣ, ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ 11 ਸੂਤਰੀ ਏਜੰਡੇ ਵਿਚ ਫਸਲਾਂ ਤੇ ਐਮ.ਐਸ.ਪੀ ਨਾ ਖਤਮ ਕਰਨਾ ਕਿਸਾਨਾਂ ਦੇ ਹਿਤਾਂ ਵਿਚ ਲਏ ਜਾਣ ਵਾਲੇ ਫੈਸਲਿਆਂ ਵਿਚ ਵੀ ਭਾਜਪਾ ਨੂੰ ਪਿੰਡਾਂ ਵਿੱਚ ਸਮਰਥਨ ਮਿਲ ਰਿਹਾ ਹੈ। ਹੁਣ ਤੱਕ ਵਿਰੋਧੀ ਪਾਰਟੀਆਂ ਦੇ ਹਜ਼ਾਰਾਂ ਲੋਕ ਭਾਜਪਾ ‘ਚ ਸ਼ਾਮਲ ਹੋਣ ਦਾ ਐਲਾਨ ਕਰ ਚੁੱਕੇ ਹਨ।
ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਇਹ ਚੋਣ ਜਿੱਤਣਾ ਹੀ ਭਾਜਪਾ ਦਾ ਟੀਚਾ ਹੈ। ਭਾਜਪਾ ਦੇ ਸਾਰੇ ਲੋਕ ਇਕਜੁੱਟ ਹੋ ਕੇ ਚੋਣ ਪ੍ਰਚਾਰ ਵਿਚ ਜੁਟੇ ਹੋਏ ਹਨ ਅਤੇ ਇਹ ਸੀਟ ਜਿੱਤ ਕੇ ਪਾਰਟੀ ਲੀਡਰਸ਼ਿਪ ਦੀ ਝੋਲੀ ਵਿਚ ਪਾਇਆ ਜਾਵੇਗਾ। ਨੰਨੂ ਨੇ ਕਿਹਾ ਕਿ ਪਾਰਟੀ ਵਿੱਚ ਕਿਸੇ ਕਿਸਮ ਦੀ ਕੋਈ ਧੜੇਬੰਦੀ ਨਹੀਂ ਹੈ।
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਗਰੋਵਰ ਨੇ ਕਿਹਾ ਕਿ ਕੇਂਦਰ ਵੱਲੋਂ ਸ਼ਹਿਰ ਵਿੱਚ 200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਅਮਰੁਤ ਸਕੀਮ ਤਹਿਤ ਸ਼ਹਿਰ ਵਾਸੀਆਂ ਨੂੰ ਪਾਰਕਾਂ, ਪੱਕੀਆਂ ਗਲੀਆਂ ਅਤੇ ਸੜਕਾਂ, 100 ਫੀਸਦੀ ਸਾਫ ਪੀਣ ਵਾਲਾ ਪਾਣੀ ਅਤੇ ਸੀਵਰੇਜ ਸਿਸਟਮ, ਸੀਵਰੇਜ ਟ੍ਰੀਟਮੈਂਟ ਪਲਾਂਟ ਸਮੇਤ ਕੂੜੇ ਦੇ ਨਿਪਟਾਰੇ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਤਹਿਤ ਫਿਰੋਜ਼ਪੁਰ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਸਫ਼ਾਈ ਪੱਖੋਂ ਸਭ ਤੋਂ ਅੱਗੇ ਆਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿਕਾਸ ਦੀ ਨਹੀਂ ਸਗੋਂ ਵਿਕਾਸ ਦੀ ਰਾਜਨੀਤੀ ਕਰਦੀ ਹੈ।