ਪਿੰਡ ਸੁਲਤਾਨਵਾਲਾ ਦਾ ਸਰਪੰਚ, ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ
- ਫਿਰੋਜ਼ਪੁਰ ਦਾ ਵਿਕਾਸ ਅਤੇ ਗੁੰਡਾਗਰਦੀ ਦਾ ਖਾਤਮਾ ਕੇਵਲ ਰਾਣਾ ਸੋਢੀ ਹੀ ਕਰ ਸਕਦੇ ਹਨ: ਬਿਮਲਾ
ਬਿੱਟੂ ਜਲਾਲਾਬਾਦੀ,ਫ਼ਿਰੋਜ਼ਪੁਰ, 7 ਫਰਵਰੀ 2022
ਸਰਹੱਦੀ ਜ਼ਿਲ੍ਹੇ ਵਿੱਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪਿੰਡ ਸੁਲਤਾਨ ਵਾਲਾ ਦੇ ਮੌਜੂਦਾ ਸਰਪੰਚ ਬਿਮਲਾ ਨੇ ਕਾਂਗਰਸ ਦੀਆਂ ਨੀਤੀਆਂ ਨੂੰ ਨਕਾਰਦਿਆਂ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣ ਦੀ ਰਸਮ ਸ਼ਹਿਰੀ ਹਲਕੇ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਨਿਭਾਈ ਗਈ। ਮਹਿਲਾ ਸਰਪੰਚ ਦੇ ਨਾਲ-ਨਾਲ ਉਸਦਾ ਪਰਿਵਾਰ, ਸਾਬਕਾ ਸਰਪੰਚ ਤੇ ਹੋਰ ਪਿੰਡਾਂ ਦੇ ਲੋਕ ਵੀ ਸ਼ਾਮਲ ਹੋ ਗਏ ਹਨ। ਇਸ ਮੌਕੇ ਸਰਪੰਚ ਬਿਮਲਾ ਤੋਂ ਇਲਾਵਾ ਉਸ ਦਾ ਪਤੀ ਚਮਕੌਰ ਸਿੰਘ, ਸਾਬਕਾ ਸਰਪੰਚ ਪਾਲਾ ਸਿੰਘ ਵੀ ਹਾਜ਼ਰ ਸਨ। ਬਿਮਲਾ ਨੇ ਕਿਹਾ ਕਿ ਉਹ ਸਥਾਨਕ ਵਿਧਾਇਕ ਦੀਆਂ ਗਲਤ ਨੀਤੀਆਂ ਅਤੇ ਵਰਕਰਾਂ ਨੂੰ ਨਕਾਰਨ ਦੀ ਨੀਤੀ ਤੋਂ ਦੁਖੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਕਦੇ ਵੀ ਉਹ ਸਨਮਾਨ ਨਹੀਂ ਮਿਲਿਆ ਜਿਸਦੇ ਉਹ ਹੱਕਦਾਰ ਸੀ। ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ, ਕਿਉਂਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਭਾਜਪਾ ਹੀ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਰਾਣਾ ਸੋਢੀ ਦੇ ਆਉਣ ਨਾਲ ਫਿਰੋਜ਼ਪੁਰ ਦੇ ਲੋਕ ਖੁੱਲ੍ਹ ਕੇ ਰਾਣਾ ਗੁਰਮੀਤ ਸੋਢੀ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਣਾ ਸੋਢੀ ਨੇ ਚਾਰ ਵਾਰ ਵਿਧਾਇਕ ਰਹਿੰਦਿਆਂ ਗੁਰੂਹਰਸਹਾਏ ਵਿੱਚ ਅਜਿਹੀ ਅਰਾਜਕਤਾ ਨਹੀਂ ਪੈਦਾ ਕੀਤੀ, ਜਿਸ ਤਰ੍ਹਾਂ ਫਿਰੋਜ਼ਪੁਰ ਵਿੱਚ ਗੁੰਡਾਗਰਦੀ ਫੈਲ ਰਹੀ ਹੈ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਭਾਜਪਾ ਵਿੱਚ ਹਰ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਬਿਮਲਾ ਵਾਂਗ ਕਈ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ।