5 ਗੱਡੀਆਂ ਦੇ ਸ਼ੀਸ਼ੇ ਭੰਨ੍ਹੇ, 1 ਦੇ ਲਾਹ ਕੇ ਲੈ ਗਏ ਟਾਇਰ
ਰਘਵੀਰ ਹੈਪੀ / ਅਦੀਸ਼ ਗੋਇਲ , ਬਰਨਾਲਾ 14 ਜਨਵਰੀ 2022
ਸ਼ਹਿਰ ਅੰਦਰ ਸ਼ਰਾਰਤੀ ਅਨਸਰਾਂ ਦਾ ਬੋਲਬਾਲਾ ਵਧ ਜਾਣ ਕਾਰਣ, ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਕੱਚਾ ਕਾਲਜ ਰੋਡ ਦੀ ਗਲੀ ਨੰਬਰ 4 ਵਿੱਚ ਲੰਘੀ ਰਾਤ ਸ਼ਰਾਰਤੀ ਅਨਸਰਾਂ ਨੇ ਗਲੀ ਵਿੱਚ ਖੜ੍ਹੀਆਂ 5 ਗੱਡੀਆਂ ਦੇ ਸ਼ੀਸ਼ੇ ਭੰਨ੍ਹ ਦਿੱਤੇ , ਜਦੋਂਕਿ ਅਣਪਛਾਤੇ ਚੋਰ , ਐਸ.ਡੀ ਕਾਲਜ ਨੇੜਲੇ ਉਵਰਬ੍ਰਿਜ ਦੇ ਹੇਠਾਂ ਖੜ੍ਹੀ ਸਵਿਫਟ ਕਾਰ ਦੇ ਚਾਰੋਂ ਟਾਇਰ ਖੋਲ੍ਹ ਕੇ ਲੈ ਗਏ। ਇਕੱਠੇ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਜੰਮ ਕੇ ਭੜਾਸ ਵੀ ਕੱਢੀ। ਡੀਐਸਪੀ ਲਖਵੀਰ ਸਿੰਘ ਟਿਵਾਣਾ ਅਤੇ ਐਸਐਚਉ ਇਸ ਮੌਕੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਵਰਬ੍ਰਿਜ ਦੇ ਹੇਠਾਂ ਮੇਰੇ ਭਰਾ ਨਰੇਸ਼ ਕੁਮਾਰ ਦੀ ਸਵਿਫਟ ਕਾਰ ਪੀਬੀ 19 ਐਲ – 5271 ਦੇ ਰਾਤ ਸਮੇਂ ਅਣਪਛਾਤੇ ਚੋਰ , ਚਾਰੋਂ ਟਾਇਰ ਲਾਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਗਲੀ ਨੰਬਰ 4 ਵਿੱਚ ਖੜ੍ਹੀਆਂ ਪੰਜ ਕਾਰਾਂ ਦੇ ਸ਼ੀਸ਼ੇ ਭੰਨ ਦਿੱਤੇ ਗਏ।
ਨਾਈਟ ਕਰਫਿਉ ਬੇਅਸਰ
ਗਲੀ ਨੰਬਰ ਚਾਰ ਵਿੱਚ ਖੜ੍ਹੇ ਲੋਕਾਂ ਨੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੀਆਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਰਾਤ ਕਰੀਬ 1 ਵਜੇ ਸਵਿਫਟ ਕਾਰ ਵਿੱਚ ਸਵਾਰ ਵਿਅਕਤੀ ਬਿਨ੍ਹਾਂ ਕਿਸੇ ਡਰ ਭੈਅ ਦੇ ਹੁੜੰਦਗ ਮਚਾ ਕੇ ਚੱਲਦੇ ਬਣੇ। ਲੋਕਾਂ ਨੇ ਕਿਹਾ ਕਿ ਬੇਸ਼ੱਕ ਆਮ ਲੋਕਾਂ ਲਈ ਰਾਤ ਦਾ ਕਰਫਿਉ ਲਾਗੂ ਹੈ, ਪਰੰਤੂ ਸ਼ਰਾਰਤੀ ਅਨਸਰਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਜਲਦੀ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਰੋਸ ਧਰਨਾ ਦੇ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ।
ਮੌਕਾ ਦੇਖਣ ਤੇ ਲੋਕਾਂ ਨੂੰ ਸ਼ਾਂਤ ਕਰਨ ਪਹੁੰਚੇ ਡੀਐਸਪੀ ਟਿਵਾਣਾ
ਡੀਐਸਪੀ ਲਖਵੀਰ ਸਿੰਘ ਟਿਵਾਣਾ ਅਤੇ ਐਸਐਚਉ ਇੰਸਪੈਕਟਰ ਗੁਰਮੀਤ ਸਿੰਘ ਮੌਕਾ ਵਾਰਦਾਤ ਤੇ ਘਟਨਾ ਸਬੰਧੀ ਪੜਤਾਲ ਕਰਨ ਅਤੇ ਭੜ੍ਹਕੇ ਲੋਕਾਂ ਨੂੰ ਸ਼ਾਂਤ ਕਰਨ ਲਈ ਪਹੁੰਚੇ। ਇਸ ਮੌਕੇ ਡੀਐਸਪੀ ਟਿਵਾਣਾ ਨੇ ਕਿਹਾ ਕਿ ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ, ਦੋਸ਼ੀਆਂ ਦੀ ਸ਼ਨਾਖਤ ਕਰਕੇ,ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਾਤ ਸਮੇਂ ਆਪਣੀਆਂ ਗੱਡੀਆਂ ਘਰਾਂ ਦੇ ਅੰਦਰ ਜਾਂ ਹੋਰ ਸੁਰੱਖਿਅਤ ਥਾਂਵਾਂ ਤੇ ਖੜ੍ਹੀਆਂ ਕਰਨ। ਉਨ੍ਹਾਂ ਕਿਹਾ ਕਿ ਫਿਰ ਵੀ ਅਸੀਂ ਪੀਸੀਆਰ ਕਰਮਚਾਰੀਆਂ ਦੀ ਗਸ਼ਤ ਤੇਜ਼ ਕਰਨ ਲਈ ਕਹਾਂਗੇ। ਉਨ੍ਹਾਂ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।