BKU ਉਗਰਾਹਾਂ ਵੱਲੋਂ ਚੋਣਾਂ ਦੇ ਮੁਕਾਬਲੇ ਸੰਘਰਸ਼ਾਂ ਦਾ ਰਾਹ ਉਭਾਰਨ ਲਈ ਜ਼ੋਰਦਾਰ ਜਾਗ੍ਰਤੀ/ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ

Advertisement
Spread information

BKU ਉਗਰਾਹਾਂ ਵੱਲੋਂ ਚੋਣਾਂ ਦੇ ਮੁਕਾਬਲੇ ਸੰਘਰਸ਼ਾਂ ਦਾ ਰਾਹ ਉਭਾਰਨ ਲਈ ਜ਼ੋਰਦਾਰ ਜਾਗ੍ਰਤੀ/ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ

ਪਰਦੀਪ ਕਸਬਾ,ਸੰਗਰੂਰ,13 ਜਨਵਰੀ,  2022
ਅੱਜ ਇੱਥੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਵੱਲੋਂ ਚੋਣਾਂ ਦੇ ਇਸ ਦੌਰ ਵਿੱਚ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਚੱਲੇ ਮੁਲਕ ਵਿਆਪੀ ਜੇਤੂ ਘੋਲ਼ ਵਰਗੇ ਘੋਲ਼ਾਂ ਦਾ ਰਾਹ ਉਭਾਰਨ ਲਈ ਜ਼ੋਰਦਾਰ ਜਾਗ੍ਰਤੀ ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੀ ਨੀਤੀ ਚੋਣਾਂ ਦੇ ਬਾਈਕਾਟ ਦੀ ਨਹੀਂ ਬਲਕਿ ਨਿਰਪੱਖ ਰਹਿਣ ਦੀ ਹੈ ਜੀਹਦੇ ਮੁਤਾਬਕ ਕਿਸੇ ਵੀ ਪੱਧਰ ਦੀਆਂ ਸਰਕਾਰੀ ਚੋਣਾਂ ਵਿੱਚ ਜਥੇਬੰਦੀ ਦਾ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ ਦਾ ਕੋਈ ਵੀ ਆਗੂ ਨਾ ਤਾਂ ਆਪ ਉਮੀਦਵਾਰ ਖੜ੍ਹ ਸਕਦਾ ਹੈ ਅਤੇ ਨਾ ਹੀ ਕਿਸੇ ਉਮੀਦਵਾਰ ਦੀ ਹਮਾਇਤ ਕਰ ਸਕਦਾ ਹੈ।
ਹਰ ਇੱਕ ਜਥੇਬੰਦਕ ਮੈਂਬਰ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਦਾ ਜਾਂ ਨਾ ਪਾਉਣ ਦਾ ਫ਼ੈਸਲਾ ਕਰਨ ਦਾ ਹੱਕ ਹੈ। ਕਿਉਂਕਿ ਚੋਣਾਂ ਲੜ ਰਹੀਆਂ ਸਾਰੀਆਂ ਵੋਟ ਪਾਰਟੀਆਂ ਕਿਸਾਨਾਂ ਸਮੇਤ ਸਾਰੇ ਕਿਰਤੀ ਲੋਕਾਂ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਦੀ ਏਕਤਾ ਨੂੰ ਲੀਰੋ-ਲੀਰ ਕਰਦੀਆਂ ਹਨ। ਜਦੋਂ ਕਿ ਉਨ੍ਹਾਂ ਦੇ ਭਖਦੇ ਅਤੇ ਬੁਨਿਆਦੀ ਮਸਲਿਆਂ ਦਾ ਹੱਲ ਏਕਤਾ ਅਤੇ ਸੰਘਰਸ਼ਾਂ ਰਾਹੀਂ ਹੀ ਹੁੰਦਾ ਹੈ।
    ਉਨ੍ਹਾਂ ਦੱਸਿਆ ਕਿ 15 ਜਨਵਰੀ ਨੂੰ ਹੋ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਮੀਟਿੰਗ ਤੋਂ ਤੁਰੰਤ ਬਾਅਦ ਇਸ ਜਾਗ੍ਰਤੀ ਚੇਤਨਾ ਮੁਹਿੰਮ ਦੀ ਠੋਸ ਵਿਉਂਤਬੰਦੀ ਉਲੀਕ ਕੇ ਜਥੇਬੰਦੀ ਦੇ ਆਧਾਰ ਵਾਲ਼ੇ ਸਾਰੇ ਜ਼ਿਲ੍ਹਿਆਂ ਵਿੱਚ ਸਿੱਖਿਆ ਮੁਹਿੰਮਾਂ ਦੀ ਲੜੀ ਤੋਰੀ ਜਾਵੇਗੀ। ਸਿੱਖਿਆ ਮੁਹਿੰਮਾਂ ਦੀ ਤਿਆਰੀ ਵਾਸਤੇ ਹਰ ਪੱਧਰ ਦੀਆਂ ਆਗੂ ਟੀਮਾਂ ਨੂੰ ਲੈਸ ਕਰਨ ਅਤੇ ਹੋਰ ਜਥੇਬੰਦਕ ਆਗੂਆਂ ਸਮੇਤ ਆਮ ਲੋਕਾਂ ਤੱਕ ਇਸ ਵਿਸ਼ੇ ਬਾਰੇ ਜਥੇਬੰਦੀ ਦੀ ਪੂਰੀ ਸਮਝ ਸੰਖੇਪ ਰੂਪ ਵਿੱਚ ਬਿਆਨਦਾ ਛਪਿਆ ਪੈਂਫਲਟ ਇੱਕ ਲੱਖ ਦੀ ਗਿਣਤੀ ਵਿੱਚ ਵੰਡਣ ਲਈ ਅੱਜ ਸਾਰੇ ਜ਼ਿਲ੍ਹਿਆਂ ਨੂੰ ਵੰਡ ਕੇ ਸੌਂਪ ਦਿੱਤਾ ਗਿਆ।
         ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕਰਜ਼ਿਆਂ ਖੁਦਕੁਸ਼ੀਆਂ ਤੋਂ ਮੁਕਤੀ ਦਿਵਾਉਣ ਵਾਲੇ ਅਹਿਮ ਮੁੱਦੇ ਜ਼ਮੀਨੀ ਸੁਧਾਰ ਲਾਗੂ ਕਰਕੇ ਜ਼ਮੀਨਾਂ ਦੀ ਕਾਣੀ ਵੰਡ ਦਾ ਖਾਤਮਾ, ਸੂਦਖੋਰੀ ਦਾ ਖਾਤਮਾ ਕਰਨ ਤੋਂ ਇਲਾਵਾ ਸਮੂਹ ਕਿਰਤੀਆਂ ਦੀ ਜੂਨ ਤਬਾਹ ਕਰਨ ਵਾਲੇ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਕਾਰਨ ਫੈਲੀ ਬੇਰੁਜ਼ਗਾਰੀ, ਮਹਿੰਗਾਈ, ਨਸ਼ਿਆਂ ਵਰਗੇ ਮੁੱਦਿਆਂ ਬਾਰੇ ਅਤੇ ਇਨ੍ਹਾਂ ਦੇ ਹੱਲ ਲਈ ਜਾਨਹੂਲਵੇਂ ਸੰਘਰਸ਼ਾਂ ਦੀਆਂ ਤਿਆਰੀਆਂ ਇਸ ਮੁਹਿੰਮ ਦੇ ਟੀਚੇ ਹੋਣਗੇ। ਮੀਟਿੰਗ ਵਿੱਚ ਝੰਡਾ ਸਿੰਘ ਜੇਠੂਕੇ,ਸ਼ਿੰਗਾਰਾ ਸਿੰਘ ਮਾਨ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ ਅਤੇ ਕਮਲਜੀਤ ਕੌਰ ਬਰਨਾਲਾ ਤੋਂ ਇਲਾਵਾ 16 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!