ਚੰਨੀ ਵੱਲੋਂ ਨਵਾਂ ਚੰਨ ਚਾੜ੍ਹਨ ਲਈ ਵਿਉਂਤਬੰਦੀ

Advertisement
Spread information

ਚੰਨੀ ਵੱਲੋਂ ਨਵਾਂ ਚੰਨ ਚਾੜ੍ਹਨ ਲਈ ਵਿਉਂਤਬੰਦੀ


ਅਸ਼ੋਕ ਵਰਮਾ,ਬਠਿੰਡਾ,13 ਜਨਵਰੀ2022:

   ਪੰਜਾਬ ’ਤੇ ਲਗਾਤਾਰ ਪੰਜ ਸਾਲ ਕਾਬਜ਼ ਰਹਿਣ ਤੋਂ ਬਾਅਦ ਆਖਰੀ ਦਿਨਾਂ ’ਚ ਚੰਨੀ ਸਰਕਾਰ ਵੱਲੋਂ ਰਿਉੜੀਆਂ ਵਾਂਗ ਚੋਣ ‘ਸ਼ੀਰਨੀ’ ਵੰਡਣ ਦੇ ਬਾਵਜੂਦ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਕਾਂਗਰਸ ਨੇ ਹੁਣ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਇੱਕ ਨਵਾਂ ਸਿਆਸੀ ਦਾਅ ਲਾਉਣ ਦੀ ਤਿਆਰੀ ਖਿੱਚ੍ਹ ਲਈ ਹੈ। ਇਸ ਰਣਨੀਤੀ ਤਹਿਤ ਚੰਨੀ ਨੂੰ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਾਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।  ਹਾਲਾਂਕਿ ਸੀਨੀਅਰ ਕਾਂਗਰਸੀ ਆਗੂਆਂ ਨੇ ਅਜਿਹੇ ਕਿਸੇ ਵੀ ਫੈਸਲੇ ਨੂੰ ਸਿਰੇ ਤੋਂ ਰੱਦ ਕੀਤਾ ਹੈ ਪਰ ਕਾਂਗਰਸ ਪਾਰਟੀ ਵਿਚਲੇ ਅਹਿਮ ਸੂਤਰ ਇਸ ਪੈਂਤੜੇ ਤੇ ਮੋਹਰ ਲਾ ਰਹੇ ਹਨ। ਸੂਤਰ ਦੱਸਦੇ ਹਨ ਕਿ ਕਾਂਗਰਸ ਪਾਰਟੀ ਵੱਲੋਂ  ਇਸ ਲਈ ਦੋ ਰਾਖਵੇਂ ਹਲਕਿਆਂ ਦੀ ਜੋਰ ਸ਼ੋਰ ਨਾਲ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। 
  ਇੰਨ੍ਹਾਂ ਕਾਂਗਰਸੀ ਹਲਕਿਆਂ ਦੀ ਮੰਨੀਏ ਤਾਂ ਕਾਂਗਰਸ ਹਾਈਕਮਾਂਡ ਇਸ ਤਰਾਂ ਇੱਕ ਸਿਆਸੀ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੇ ਚੱਕਰਾਂ ’ਚ ਹੈ।  ਸੂਤਰਾਂ ਮੁਤਾਬਕ ਕਾਂਗਰਸ ਦਾ ਅਸਲ ਨਿਸ਼ਾਨਾ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਕਰਕੇ ਚੋਣਾਂ ਦੌਰਾਨ ਦਲਿਤ ਪੱਤਾ ਖੇਡ੍ਹਣਾ ਹੈ ਤਾਂ ਜੋ ਪੰਜਾਬ ਦੇ ਇਸ ਅਹਿਮ ਵੋਟ ਬੈਂਕ ਨੂੰ ਸੰਦੇਸ਼ ਦਿੱਤਾ ਜਾ ਸਕੇ ਕਿ ਕਾਂਗਰਸ ਦੇ ਮੁੜ  ਸੱਤਾ ’ਚ ਆਉਣ ਤੇ ਸੂਬੇ ’ਚ ਅਗਲੀ ਸਰਦਾਰੀ  ਵੀ ਦਲਿਤਾਂ ਦੀ ਹੋਵੇਗੀ। ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਛਾਣਬੀਣ ਦੌਰਾਨ  ਇਸ ਵਕਤ ਦੋ ਵਿਧਾਨ ਹਲਕੇ ਸਾਹਮਣੇ ਆ ਰਹੇ ਹਨ ਜਿੰਨ੍ਹਾਂ ’ਚ ਇੱਕ ਮਾਲਵੇ ਦਾ ਅਤੇ ਦੂਸਰਾ ਦੁਆਬੇ ਨਾਲ ਸਬੰਧਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾ ਬਰਨਾਲਾ ਜਿਲ੍ਹੇ ਦਾ ਮਹਿਲ ਕਲਾਂ ਵਿਧਾਨ ਸਭਾ ਹਲਕਾ ਹੈ । 
     ਮਹਿਲ ਕਲਾਂ ਬਾਰੇ ਦਲੀਲ ਦਿੱਤੀ ਜਾ ਰਹੀ ਹੈ ਕਿ ਚੰਨੀ ਦੇ ਇਸ ਹਲਕੇ ਤੋਂ ਚੋਣ ਲੜਨ ਨਾਲ ਪੰਜਾਬ ਦੀ ਸੱਤਾ ’ਚ ਹਮੇਸ਼ਾ ਅਹਿਮ ਰੋਲ ਨਿਭਾਉਣ ਵਾਲੀ ਮਾਲਵਾ ਪੱਟੀ ’ਚ ਵੋਟਾਂ ਦਾ ਧਰੁਵੀਕਰਨ ਕੀਤਾ ਜਾ ਸਕੇਗਾ। ਦੂਸਰਾ ਹਲਕਾ ਦੁਆਬੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਜਿਸ ’ਚ ਦਲਿਤ ਵੋਟਾਂ ਦੀ ਬਹੁਲਤਾ ਹੈ ਜਿੱਥੋਂ ਜਿੱਤ ਪ੍ਰਾਪਤ ਕਰਨੀ ਸੁਖਾਲੀ ਹੋਵੇਗੀ। ਇਸੇ ਤਰਾਂ ਹੀ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਦੇ ਚੋਣਾਂ ’ਚ ਉੱਤਰਨ ਕਾਰਨ ਹੁਣ ਚਮਕੌਰ ਸਾਹਿਬ ਹਲਕਾ ਰਾਜਨੀਤਕ ਤੌਰ ਤੇ ਸੁਰੱਖਿਅਤ ਨਹੀਂ ਰਿਹਾ ਹੈ। ਇਸ ਕਰਕੇ ਚੰਨੀ ਨੂੰ ਦੋ ਹਲਕਿਆਂ ਤੋਂ ਹੀ ਚੋਣ ਮੈਦਾਨ ’ਚ ਉਤਾਰਨਾ ਹੀ ਸਹੀ ਰਹੇਗਾ। 
  ਇਸ ਮਾਮਲੇ ਦਾ ਇੱਕ ਵਿਸ਼ੇਸ਼ ਪਹਿਲੂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਦੀ ਲੀਡਰਸ਼ਿਪ ਨੂੰ ਦਰਕਿਨਾਰ ਕਰਕੇ ਵੱਖਰੇ ਤੌਰ ਤੇ ਵਜਾਈ ਜਾ ਰਹੀ ਸਿਆਸੀ ਡਫਲੀ ਦੀਆਂ ਸੁਰਾਂ ਦੀ ਅਵਾਜ ਨੂੰ ਕਾਬੂ ’ਚ ਕਰਨਾ ਵੀ ਦੱਸਿਆ ਜਾ ਰਿਹਾ ਹੈ ਜੋਕਿ ਕਾਂਗਰਸ ਹਾਈਕਮਾਂਡ ਤੋਂ ਇੱਕ ਤਰਾਂ ਨਾਲ ਬਾਗੀ ਹੋਕੇ ਪੰਜਾਬ ਮਾਡਲ ਨਾਮ ਦਾ ਆਪਣਾ ਪ੍ਰੋਗਰਾਮ ਪੇਸ਼ ਕਰ ਰਹੇ ਹਨ। ਸਿੱਧੂ ਕਾਰਨ ਲੋਕਾਂ ’ਚ ਕਾਂਗਰਸ ਵਿੱਚ ਪਾਟੋਧਾੜ ਹੋਣ ਦਾ ਸੁਨੇਹਾਂ ਜਾ ਰਿਹਾ ਹੈ ਜੋਕਿ ਚੋਣ ਨਤੀਜੇ ਪ੍ਰਭਾਵਿਤ ਕਰ ਸਕਦਾ ਹੈ। 
    ਭਾਵੇਂ ਹਰਿਆਣਾ ਦੇ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਨਵਜੋਤ ਸਿੰਘ ਸਿੱਧੂ ,ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਨਾਮ ਦੇ ਤਿੰਨ ਆਗੂਆਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਕੇ ਚੋਣਾਂ ਲੜਨ ਦੀ ਗੱਲ ਆਖੀ ਹੈ ਪਰ  ਸੂਤਰਾਂ ਅਨੁਸਾਰ ਇਹ ਸੰਭਾਵਨਾ ਬਣਦੀ ਨਜ਼ਰ ਨਹੀਂ ਆ ਰਹੀ ਹੈ। ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਨਾਂ ਆਉਣ ਦੀ ਸ਼ਰਤ ਤੇ ਦੱਸਿਆ ਕਿ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ ਦਿੱਤੀਆਂ ਰਿਆਇਤਾਂ ਅਤੇ ਗੱਫਿਆਂ ਦੇ ਬਾਵਜੂਦ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵੱਡੇ ਰਾਜਸੀ ਇਮਿਤਿਹਾਨ ਵਿਚੋਂ ਲੰਘਣਾ ਪੈ ਰਿਹਾ ਹੈ। 
  ਉਨ੍ਹਾਂ ਆਖਿਆ ਕਿ  ਅਕਾਲੀ -ਭਾਜਪਾ ਗੱਠਜੋੜ ਸਰਕਾਰ ਵੇਲੇ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਇਲਾਵਾ ਤੇ ਇਸ ਨਾਲ ਜੁੜੇ ਪੁਲੀਸ ਗੋਲੀ ਕਾਂਡ ਵਰਗੇ ਮਾਮਲਿਆਂ ਦਾ ਚੋਣ ਵਾਅਦਿਆਂ ਮੁਤਾਬਕ ਹੱਲ ਨਾਂ ਹੋਣ ਕਾਰਨ ਇਹ ਚੋਣਾਂ ਕਾਂਗਰਸ ਲਈ ‘ਅਗਨੀ ਪ੍ਰੀਖਿਆ’ ਸਾਬਿਤ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਕਈ ਕਾਰਨ ਹਨ ਜਿਨ੍ਹਾਂ ਕਰਕੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਈ ਨੁਕਤੇ ਵਿਚਾਰੇ ਜਾ ਰਹੇ ਹਨ। ਇੰਨ੍ਹਾਂ ’ਚ ਚੰਨੀ ਨੂੰ ਦੋ ਹਲਕਿਆਂ ਤੋਂ ਚੋਣ ਲੜਾਉਣ ਲਈ ਵਿਚਾਰ ਕਰਨਾ ਵੀ ਸ਼ਾਮਲ ਹੈ।
  ਬਹੁਜਨ ਸਮਾਜ ਪਾਰਟੀ ਦਾ ਦਬਾਅ: ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਕਹਿਣਾ ਸੀ ਕਿ ਬੇਸ਼ੱਕ ਕਾਂਗਰਸ ਪਾਰਟੀ ਨੇ ਦਲਿਤਾਂ ਨੂੰ  ਕਦੇ ਵੀ ਬਣਦਾ ਸਤਿਕਾਰ ਨਹੀਂ ਦਿੱਤਾ ਪਰ ਪਾਰਟੀ ਵਰਕਰਾਂ  ਵੱਲੋਂ ਲਗਾਤਾਰ ਕੀਤੀ  ਸਖਤ ਮਿਹਨਤ ਸਦਕਾ ਬਣੇ ਹਾਲਾਤਾਂ ਨੂੰ  ਦੇਖਦਿਆਂ ਚੰਨੀ ਦੋ ਹਲਕਿਆਂ ਤੋਂ ਚੋਣ ਮੈਦਾਨ ’ਚ ਉੱਤਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
 ਏਦਾਂ ਦੀ ਚਰਚਾ ਅਫਵਾਹ: ਵੇਰਕਾ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਤੇ ਵਜ਼ੀਰ ਡਾ ਰਾਜ ਕੁਮਾਰ ਵੇਰਕਾ ਨੇ ਮੁੱਖ ਮੰਤਰੀ ਵੱਲੋਂ ਦੋ ਹਲਕਿਆਂ ਤੋਂ ਚੋਣ ਲੜਨ ਬਾਰੇ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਨੂੰ ਕੋਰੀ ਅਫਵਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਫੈਸਲੇ ਪਾਰਟੀ ਦੀ ਚੋਣ ਕਮੇਟੀ ਕਰਦੀ ਹੈ ਜੋਕਿ ਹਾਲੇ ਸਿਰਫ ਮੀਟਿੰਗਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੰਤਮ ਫੈਸਲਾ ਕਾਂਗਰਸ ਹਾਈਕਮਾਂਡ ਵੱਲੋਂ ਕੀਤਾ ਜਾਣਾ ਹੁੰਦਾ ਹੈ।

Advertisement
Advertisement
Advertisement
Advertisement
Advertisement
error: Content is protected !!