ਜ਼ਿਲਾ ਬਰਨਾਲਾ ’ਚ ਵੋਟਰ ਜਾਗਰੂਕਤਾ ਲਈ ਵਰਚੂਅਲ ਮੁਹਿੰਮ ਸ਼ੁਰੂ
- ਚੋਣ ਕਮਿਸ਼ਨ ਵੱਲੋਂ ਜਾਰੀ ਐਪਜ਼ ਬਾਰੇ ਦਿੱਤੀ ਜਾਣਕਾਰੀ
ਸੋਨੀ ਪਨੇਸਰ,ਬਰਨਾਲਾ, 12 ਜਨਵਰੀ 2022
ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਰਚੁਅਲ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ ਦੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਦਾ ਵੈਬੀਨਾਰ ਕਰਵਾਇਆ ਗਿਆ।
ਇਸ ਸੈਮੀਨਾਰ ਦੌਰਾਨ ਸਹਾਇਕ ਨੋਡਲ ਅਫਸਰ ਸਵੀਪ ਜਗਦੀਪ ਸਿੰਘ ਸਿੱਧੂ, ਲਵਪ੍ਰੀਤ ਸਿੰਘ ਤੇ ਮੇਜਰ ਸਿੰਘ ਵੱਲੋਂ 40 ਦੇ ਕਰੀਬ ਨੌਜਵਾਨ ਭਾਗੀਦਾਰਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਐਪਜ਼, ਨੈਤਿਕ ਵੋਟਿੰਗ ਤੇ ਕਰੋਨਾ ਵਿਰੁੱਧ ਟੀਕਾਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਦੌਰਾਨ ਨਵੇਂ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਲਾਲਚ, ਡਰ, ਭੈਅ ਤੋਂ ਕਰਨ ਦੀ ਅਪੀਲ ਕੀਤੀ ਗਈੇ।
ਇਸ ਮੌਕੇ ਵਿਦਿਆਰਥੀਆਂ ਨੂੰ ਵੋਟਰ ਹੈਲਪਲਾਈਨ ਐਪ, ਸੀ ਵਿਜਿਲ ਮੋਬਾਈਲ ਐਪ, ਸਰਵਿਸ ਵੋਟਰਾਂ, ਪੀਡਬਲਿਊਡੀ ਵੋਟਰਾਂ ਬਾਰੇ ਐਪ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਨੂੰ ਆਪਣੇ ਮਾਪਿਆਂ ਅਤੇ ਆਸ-ਪਾਸ ਦੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਨਵੇਂ ਵੋਟਰਾਂ ਨੇ ਆਪਣੀ ਵੋਟ ਬਿਨਾਂ ਕਿਸੇ ਲਾਲਚ, ਡਰ, ਭੈਅ ਤੋਂ ਆਪਣੀ ਸਮਝ ਨਾਲ ਪਾਉਣ ਦਾ ਪ੍ਰਣ ਵੀ ਲਿਆ।
ਇਸ ਮੌਕੇ ਸਹਾਇਕ ਨੋਡਲ ਅਫਸਰ ਸਵੀਪ ਜਗਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੱਲ ਪੱਖੋ ਕਲਾਂ ਸਕੂਲ ਦੇ ਵਿਦਿਆਰਥੀਆਂ ਦਾ ਵੈਬੀਨਾਰ ਕਰਵਾਇਆ ਗਿਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਵੈਬੀਨਾਰ ਅਤੇ ਹੋਰ ਵਰਚੂਅਲ ਪ੍ਰੋਗਰਾਮ ਜਾਰੀ ਰਹਿਣਗੇ।