ਬੀ ਐਡ ਅਧਿਆਪਕਾਂ ਨੂੰ ਫੇਰ ਮਿਲਿਆ ਸਿੱਖਿਆ ਮੰਤਰੀ ਤੋ ਲਾਰਾ
ਮੁਨੀਸ਼ ਟੈਂਕੀ ਉੱਤੇ ਡੱਟਿਆ, ਬੇਰੁਜ਼ਗਾਰਾਂ ਦਾ ਰੁਖ਼ ਜਲੰਧਰ ਨੂੰ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 26 ਅਕਤੂਬਰ 2021
ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਨੇੜੇ ਉਹਨਾ ਦੇ ਹਲਕੇ ਦੇ ਸ਼ਹਿਰ ਮੋਰਿੰਡਾ ਵਿਖੇ 17ਅਕਤੂਬਰ ਨੂੰ ਵੰਗਾਰ ਰੈਲੀ ਕਰਕੇ ਬੇਰੁਜ਼ਗਾਰਾਂ ਨੇ ਜਿਥੇ ਬੇਰੁਜ਼ਗਾਰਾਂ ਉੱਤੇ 5 ਅਕਤੂਬਰ ਨੂੰ ਹਮਲਾ ਕਰਨ ਵਾਲੇ ਕਾਂਗਰਸੀ ਵਰਕਰਾਂ ਲਲਕਾਰਿਆ ਸੀ ਉਥੇ ਬੇਰੁਜ਼ਗਾਰਾਂ ਨੂੰ ਪੱਕਾ ਮੋਰਚਾ ਲਗਾਉਣ ਤੋਂ ਵਰਜ ਕੇ ਮੋਰਿੰਡਾ ਪ੍ਰਸ਼ਾਸ਼ਨ ਵੱਲੋਂ 25 ਅਕਤੂਬਰ ਲਈ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਕਰਵਾਈ ਸੀ।
ਪ੍ਰੰਤੂ 23 ਅਕਤੂਬਰ ਨੂੰ ਮੋਰਿੰਡਾ ਦੇ ਐਸ ਡੀ ਐਮ ਵੱਲੋ ਫੋਨ ਕਰਕੇ ਸੁਨੇਹਾ ਦਿੱਤਾ ਗਿਆ ਕਿ ਪੈਨਲ ਮੀਟਿੰਗ 25 ਅਕਤੂਬਰ ਦੀ ਬਜਾਏ 29 ਅਕਤੂਬਰ ਨੂੰ ਹੋਵੇਗੀ। ਉੱਧਰ ਲਾਰਿਆਂ ਤੋ ਅੱਕੇ ਬੇਰੁਜ਼ਗਾਰਾਂ ਨੇ 23 ਅਕਤੂਬਰ ਨੂੰ ਜਲੰਧਰ ਵਿਖੇ ਸੂਬਾਈ ਮੀਟਿੰਗ ਕਰਕੇ 28 ਅਕਤੂਬਰ ਨੂੰ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ।
ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਮੀਟਿੰਗਾਂ ਅਕਸਰ ਹੀ ਰੱਦ ਹੁੰਦੀਆਂ ਹਨ ਜਾਂ ਫੇਰ ਬੇਸਿੱਟਾ ਰਹਿੰਦੀਆਂ ਹਨ।ਭਾਵੇਂ ਅੱਜ 25 ਅਕਤੂਬਰ ਨੂੰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ 29 ਅਕਤੂਬਰ ਤੇ ਪਾਈ ਗਈ ਹੈ ਪ੍ਰੰਤੂ ਆਪਣੀ ਕੋਠੀ ਦੇ ਘਿਰਾਓ ਤੋ ਡਰਦਿਆਂ ਸਿੱਖਿਆ ਮੰਤਰੀ ਨੇ ਅੱਜ 25 ਅਕਤੂਬਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਗਈ ਸੀ।
ਪ੍ਰੰਤੂ ਬੇਰੁਜ਼ਗਾਰਾਂ ਨੂੰ ਮੁੜ ਸਿੱਖਿਆ ਮੰਤਰੀ ਨੇ ਲਾਰਾ ਲਾਇਆ ਹੈ।ਯੂਨੀਅਨ ਦੇ ਸੂਬਾਈ ਆਗੂ ਸੰਦੀਪ ਗਿੱਲ ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਦਾ ਵਫ਼ਦ ਡੀ ਪੀ ਆਈ ਨੂੰ ਵੀ ਮਿਲਿਆ।ਜਿੱਥੇ ਓਹਨਾਂ ਮਾਸਟਰ ਕੇਡਰ ਦੀ ਭਰਤੀ ਸੰਬੰਧੀ ਪ੍ਰਕਿਰਿਆ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ।
ਇੱਧਰ ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਮੁਨੀਸ਼ ਜਿਉਂ ਦੀ ਤਿਉਂ ਡੱਟਿਆ ਹੋਇਆ ਹੈ ,ਭਾਵੇਂ ਬੀਤੇ ਦਿਨ 23 ਅਤੇ 24 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਮੀਂਹ – ਝੱਖੜ ਵਰਦਾ ਰਿਹਾ ਹੈ। ਟੈਂਕੀ ਹੇਠਾਂ ਜੁੜੇ ਬੇਰੁਜ਼ਗਾਰਾਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜੀ ਕੀਤੀ।
ਬਸਪਾ ਪਾਰਟੀ ਦੇ ਮਹਿਲ ਕਲਾਂ ਤੋ ਹਲਕਾ ਇੰਚਾਰਜ ਚਮਕੌਰ ਸਿੰਘ,ਰਣਧੀਰ ਸਿੰਘ ਨਾਗਰਾ,ਜਗਤਾਰ ਸਿੰਘ ਵਾਲੀਆ ਅਤੇ ਆਂਚਲ ਗਰਗ ਤੋਂ ਇਲਾਵਾ ਅਨੇਕਾ ਬਸਪਾ ਸਮਰਥਕਾਂ ਨੇ ਵੀ ਮੁਨੀਸ਼ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਕੁਲਵੰਤ ਲੌਂਗੋਵਾਲ, ਜਗਜੀਤ ਸਿੰਘ ਜੋਧਪੁਰ, ਹਰਪ੍ਰੀਤ ਸਿੰਘ, ਸੁਖਬੀਰ ਸਿੰਘ, ਸੰਦੀਪ ਸਿੰਘ, ਗੁਰਵੀਰ ਮੰਗਵਾ, ਸੁਨੀਲ ਕੁਮਾਰ, ਕੁਲਦੀਪ ਕੌਰ, ਇਕਬਾਲ ਸਿੰਘ, ਜਗਤਾਰ ਸਿੰਘ ਨਾਭਾ,ਗੁਰਦੀਪ ਸਿੰਘ,ਮਨਮਿੰਦਰ ਸਿੰਘ, ਅਮਨ ਚੌਂਦਾ ਆਦਿ ਹਾਜ਼ਰ ਸਨ।