ਠੀਕਰੀਵਾਲਾ ਮੰਡੀ ਦੇ ਫੜ੍ਹ ‘ਚ ਜ਼ੀਰੇ ਲਾਹੁਣ ਨੂੰ ਲੈ ਕੇ ਦੋ ਆੜ੍ਹਤੀਆਂ ‘ਚ ਹੋਇਆ ਝਗੜਾ, ਇਰਾਦਾ ਕਤਲ ਦਾ ਕੇਸ ਦਰਜ਼
ਜਗਸੀਰ ਸਿੰਘ ਚਹਿਲ ਬਰਨਾਲਾ 26 ਅਕਤੂਬਰ 2021
ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਪਿੰਡ ਠੀਕਰੀਵਾਲਾ ਦੀ ਅਨਾਜ਼ ਮੰਡੀ ਵਿੱਚ ਫੜ੍ਹ ‘ਚ ਜੀਰੀ ਲਾਹੁਣ ਨੂੰ ਲੈ ਕੇ ਦੋ ਆੜਤੀਆਂ ਦਰਮਿਆਨ ਹੋਈ ਤਕਰਾਰ, ਨੇ ਉਦੋਂ ਖੂਨੀ ਰੂਪ ਧਾਰ ਲਿਆ, ਜਦੋਂ ਇਕ ਆੜ੍ਹਤੀਏ ਨੇ ਦੂਜੇ ਆਡ਼੍ਹਤੀਏ ਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਆਪਣੇ ਲਾਇਸੰਸੀ ਪਿਸਤੌਲ ਨਾਲ 3 ਗੋਲੀਆਂ ਦਾਗ ਦਿੱਤੀਆਂ। ਜਖਮੀ ਹੋਏ ਆੜਤੀ ਜਗਦੀਸ਼ ਚੰਦ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਰਨਾਲਾ ਦਾਖਿਲ ਕਰਵਾਇਆ ਗਿਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਜਗਦੀਸ਼ ਚੰਦ ਵਾਸੀ ਬਰਨਾਲਾ ਦੇ ਪੁੱਤਰ ਟੋਨੀ ਸਿੰਗਲਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਿਤਾ ਆਪਣੇ ਫੜ ਉੱਤੇ ਖੜ੍ਹੇ ਸਨ। ਸਤੀਸ਼ ਕੁਮਾਰ ਸੰਘੇੜਾ ਵਾਸੀ ਫਰਵਾਹੀ ਬਜ਼ਾਰ ਬਰਨਾਲਾ ਸਾਡੇ ਦੇ ਫੜ ਵਿੱਚ ਆਪਣਾ ਮਾਲ ਲਾਹੁਣ ਲੱਗ ਪਿਆ। ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ। ਵਿਰੋਧ ਤੋਂ ਬਾਅਦ ਦੂਸਰੇ ਸਤੀਸ਼ ਕੁਮਾਰ ਨੇ ਉਨ੍ਹਾਂ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਉਸ ਨੇ ਆਪਣੇ ਪਿਸਤੌਲ ਨਾਲ ਤਿੰਨ ਫਾਇਰ ਉਸ ਦੇ ਪਿਤਾ ਜਗਦੀਸ਼ ਚੰਦ ਤੇ ਕੀਤੇ। ਇੱਕ ਉਹਨਾਂ ਦੀ ਵੱਖੀ ਵਿਚ ਲੱਗਿਆ। ਇਕ ਫਾਇਰ ਕੋਲ ਦੀ ਲੰਘ ਗਿਆ ਅਤੇ ਇਕ ਉਨ੍ਹਾਂ ਦੇ ਹੱਥ ਵਿਚ ਲੱਗਿਆ। ਇਸ ਤੋਂ ਬਾਅਦ ਦੋਸ਼ੀ ਆੜਤੀ ਮੌਕੇ ਤੋਂ ਫਰਾਰ ਹੋ ਗਿਆ।
ਜ਼ਖ਼ਮੀ ਹਾਲਤ ਵਿੱਚ ਉਹ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਲੈ ਕੇ ਆਏ। ਮੌਕੇ ਤੇ ਪਹੁੰਚੇ ਡੀ ਐੱਸ ਪੀ ਸਿਟੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿਹਾ ਕਿ ਥਾਣਾ ਸਦਰ ਬਰਨਾਲਾ ਵਿਖੇ ਨਾਮਜ਼ਦ ਦੋਸ਼ੀ ਆੜਤੀ ਸਤੀਸ਼ ਕੁਮਾਰ ਦੇ ਖਿਲਾਫ ਅਧੀਨ ਜੁਰਮ 307 ਆਈਪੀਸੀ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਦੋਸ਼ੀ ਆੜਤੀ ਨੂੰ ਗਿਰਫਤਾਰ ਵੀ ਕਰ ਲਿਆ ਗਿਆ ਹੈ।