ਅਜੈ ਮਿਸ਼ਰਾ ਟੈਨੀ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਲਈ ਡੀ.ਸੀ ਦਫਤਰ ਮੂਹਰੇ ਧਰਨਾ ਦਿੱਤਾ

Advertisement
Spread information

 ਦਿੱਲੀ ਮੋਰਚੇ ਦੇ 11 ਮਹੀਨੇ ਪੂਰੇ : ਅਜੈ ਮਿਸ਼ਰਾ ਟੈਨੀ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਲਈ ਡੀ.ਸੀ ਦਫਤਰ ਮੂਹਰੇ ਧਰਨਾ ਦਿੱਤਾ ਅਤੇ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਦਿੱਤਾ।

* ਬੇਮੌਸਮੀ ਬਾਰਿਸ਼ ਕਾਰਨ ਖੜ੍ਹੀ ਤੇ ਮੰਡੀ ‘ਚ ਪਈ ਫਸਲ ਅਤੇ ਗੁਲਾਬੀ ਸੁੰਡੀ ਕਾਰਨ ਤਬਾਹ ਨਰਮੇ ਦੇ ਮੁਆਵਜ਼ੇ ਲਈ ਡੀ.ਸੀ ਨੂੰ ਮੰਗ-ਪੱਤਰ ਸੌਂਪਿਆ।

 ਕਿਸਾਨ ਅੰਦੋਲਨ ਦੇ ਸਰਗਰਮ ਸਮੱਰਥਕ ਐਨਆਰਆਈ ਦਰਸ਼ਨ ਧਾਲੀਵਾਲ ਨੂੰ ਏਅਰਪੋਰਟ ਤੋਂ ਵਾਪਸ ਭੇਜਣ ਦੀ ਸਖਤ ਨਿਖੇਧੀ


ਪਰਦੀਪ ਕਸਬਾ , ਬਰਨਾਲਾ: 26 ਅਕਤੂਬਰ, 2021

  ਅੱਜ ਦਿੱਲੀ ਮੋਰਚਿਆਂ ਦੇ 11ਮਹੀਨੇ ਪੂਰੇ ਹੋ ਗਏ। ਇਸ ਮੌਕੇ ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਹਰ ਰੋਜ਼ ਰੇਲਵੇ ਸਟੇਸ਼ਨ ‘ਤੇ ਲਾਇਆ ਜਾਣ ਵਾਲਾ ਧਰਨਾ ਅੱਜ ਡੀ.ਸੀ ਬਰਨਾਲਾ ਦੇ ਦਫਤਰ ਮੂਹਰੇ ਲਾਇਆ ਗਿਆ। ਬੁਲਾਰਿਆਂ ਨੇ ਲਖੀਮਪੁਰ-ਖੀਰੀ ਕਾਂਡ ਦੇ ਦੋਸ਼ੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖਾਸਤ ਅਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ।  ਆਗੂਆਂ ਨੇ ਕਿਹਾ ਕਿ ਜਿਹੜੀ ਪੁਲਿਸ ਇਸ ਦੋਸ਼ੀ ਮੰਤਰੀ ਦੇ ਅਧੀਨ ਕੰਮ ਕਰ ਰਹੀ ਹੈ, ਉਸ ਪੁਲਿਸ ਤੋਂ ਇਹ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਸ ਦੇ ਕਾਤਲ ਪੁੱਤਰ ਵਿਰੁੱਧ ਨਿਰਪੱਖ ਜਾਂਚ ਕਰੇਗੀ।

Advertisement

ਇਹ ਸਿਆਸੀ ਅਨੈਤਿਕਤਾ ਦਾ ਸ਼ਿਖਰ ਹੈ ਕਿ ਕਤਲ ਦੇ ਕੇਸ ਦਾ ਸਾਜ਼ਿਸ਼-ਕਰਤਾ ਦੇਸ਼ ਦਾ ਗ੍ਰਹਿ ਮੰਤਰੀ ਵੀ ਹੈ। ਇਸ ਗ੍ਰਹਿ ਰਾਜ ਮੰਤਰੀ ਨੇ ਖੂਨੀ ਕਾਂਡ ਤੋਂ ਇੱਕ ਹਫਤਾ ਪਹਿਲਾਂ ਹੀ ਆਪਣੀ ਖੂਨੀ ਮਨਸ਼ਾ ਦਾ ਸ਼ਰੇਆਮ ਇਜ਼ਹਾਰ ਕਰ ਦਿੱਤਾ ਸੀ। ਅਸੀਂ ਉਸ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਤੱਕ ਸੰਘਰਸ਼ ਕਰਦੇ ਰਹਾਂਗੇ।
   ਅੱਜ  ਉਪਰੋਕਤ ਮੰਗਾਂ ਦੀ ਪੂਰਤੀ ਲਈ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ-ਪੱਤਰ ਡੀ.ਸੀ ਬਰਨਾਲਾ ਨੂੰ ਸੌਂਪਿਆ ਗਿਆ।
   ਪਿਛਲੇ ਦਿਨੀਂ ਪੰਜਾਬ ਵਿੱਚ ਹੋਈ ਬੇਮੌਸਮੀ ਬਾਰਿਸ਼ ਕਾਰਨ ਖੜ੍ਹੀਆਂ ਅਤੇ  ਮੰਡੀਆਂ ਵਿੱਚ ਪਈ ਫਸਲ ਦਾ ਬਹੁਤ ਨੁਕਸਾਨ ਹੋਇਆ। ਇਸ ਤੋਂ ਇਲਾਵਾ ਪੰਜਾਬ ਦੀ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਪੂਰੀ ਫਸਲ ਬਰਬਾਦ ਕਰ ਦਿੱਤੀ ਹੈ। ਅੱਜ ਡੀ.ਸੀ ਬਰਨਾਲਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜ ਕੇ ਪੀੜ੍ਹਤ ਕਿਸਾਨਾਂ  ਅਤੇ ਨਰਮਾ ਚੁਗਣ ਵਾਲੇ ਖੇਤ-ਮਜ਼ਦੂਰਾਂ ਨੂੰ ਤੁਰੰਤ ਢੁੱਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ।
 

  ਕਿਸਾਨ ਆਗੂਆਂ ਨੇ ਅੱਜ ਇੱਕ ਨਵੀਂ ਸਿਰਦਰਦੀ ਦਾ ਜ਼ਿਕਰ ਕੀਤਾ। ਆਗੂਆਂ ਨੇ ਦੱਸਿਆ ਕਿ ਕੁੱਝ ਮੰਡੀਆਂ ਵਿੱਚੋਂ ਖਬਰਾਂ ਆ ਰਹੀਆਂ ਹਨ ਕਿ ਖਰੀਦ ਏਜੰਸੀਆਂ ਵੱਲੋਂ  ਝੋਨੇ ਦੀ ਨਮੀ ਚੈਕ ਕਰਨ ਤੋਂ ਬਾਅਦ ਸ਼ੈਲਰ ਮਾਲਕ ਫਿਰ ਤੋਂ ਉਸੇ ਢੇਰੀ ਦੀ ਨਮੀ ਚੈਕ ਕਰਦੇ ਹਨ। ਇਹ ਬਿਲਕੁੱਲ ਗੈਰ-ਕਾਨੂੰਨੀ ਅਤੇ ਕਿਸਾਨਾਂ ਦੇ ਸਿਰ ‘ਤੇ ਇੱਕ ਹੋਰ ਪਰਾਈਵੇਟ ਏਜੰਸੀ  ਥੋਪਣ ਦੇ ਤੁੱਲ ਹੈ। ਅਸੀਂ ਅਜਿਹੀ ਅਪਮਾਨ-ਜਨਕ ਕਾਰਵਾਈ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਰਕਾਰ ਨੂੰ ਇਸ ਕੋਝੀ ਕਾਰਵਾਈ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕਰਦੇ ਹਾਂ।

ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ,ਦਰਸ਼ਨ ਸਿੰਘ ਉਗੋਕੇ,ਸੰਪੂਰਨ ਸਿੰਘ ਚੂੰਘਾਂ,ਗੁਰਨਾਮ ਸਿੰਘ ਠੀਕਰੀਵਾਲਾ,ਬਲਜੀਤ ਸਿੰਘ ਚੌਹਾਨਕੇ, ਗੁਰਮੇਲ ਸ਼ਰਮਾ, ਪਵਿੱਤਰ ਸਿੰਘ ਲਾਲੀ, ਜਸਮੇਲ ਸਿੰਘ ਕਾਲੇਕੇ ,ਹਰਨੇਕ ਸਿੰਘ ਸੰਘੇੜਾ,ਗੁਰਚਰਨ ਸਿੰਘ ਐਡਵੋਕੇਟ,ਜਗਸੀਰ ਸਿੰਘ ਛੀਨੀਵਾਲ, ਅਮਰਜੀਤ ਕੌਰ, ਗੁਰਜਿੰਦਰ ਸਿੰਘ ਸਿੱਧੂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮੌਸਮ ਦੀ ਤਬਦੀਲੀ ਕਾਰਨ ਤਾਪਮਾਨ ਬਹੁਤ ਘਟ ਗਿਆ ਹੈ ਜਿਸ ਕਾਰਨ ਝੋਨੇ ਦੀ 17 ਫੀ ਸਦੀ ਨਮੀ ਵਾਲਾ ਮਾਪਦੰਡ ਦੀ ਪੂਰਤੀ ਬਹੁਤ ਮੁਸ਼ਕਲ ਹੋ ਗਈ ਹੈ। ਆਗੂਆਂ ਨੇ ਮੰਗ ਕੀਤੀ ਕਿ ਨਮੀ ਸਬੰਧੀ ਅਤੇ ਦੂਸਰੇ ਮਾਪਦੰਡ ਨਰਮ ਕਰਕੇ ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਂਦੀ ਜਾਵੇ।

  ਬੁਲਾਰਿਆਂ ਨੇ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੇ ਸਰਗਰਮ ਸਮਰਥਕ ਅਤੇ ਉਘੇ ਐਨਆਰਆਈ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋਂ ਹੀ ਅਮਰੀਕਾ ਵਾਪਸ ਭੇਜਣ ਦੇ ਸਰਕਾਰੀ ਫੈਸਲੇ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਇੰਨੀਆਂ ਕੋਝੀਆਂ ਤੇ ਅਨੈਤਿਕ ਕਾਰਵਾਈਆਂ ‘ਤੇ ਉਤਰ ਆਈ ਹੈ ਕਿ ਕਿਸਾਨ ਅੰਦੋਲਨ  ਦੇ ਐਨਆਰਆਈ ਸਮੱਰਥਕਾਂ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ। ਸਰਕਾਰ ਅਜਿਹੀਆਂ ਕਾਰਵਾਈਆਂ ਨਾਲ  ਕਿਸਾਨ ਅੰਦੋਲਨ ਨੂੰ ਮਿਲ ਰਹੀ ਕੌਮਾਂਤਰੀ ਹਮਾਇਤ ਨੂੰ ਘਟਾ ਨਹੀਂ ਕਰ ਸਕਦੀ।
    ਅੱਜ ਰਾਮ ਸਿੰਘ ਹਠੂਰ,ਪੱਪੂ ਕਾਲੇਕੇ ਨੇ ਗੀਤ ਸੁਣਾਏ।

Advertisement
Advertisement
Advertisement
Advertisement
Advertisement
error: Content is protected !!