ਡੇਂਗੂ ਹੋਇਆ ਬੇਕਾਬੂ, ਮਰੀਜ਼ਾਂ ਅਤੇ ਮੌਤ ਦੇ ਆਂਕੜੇ ਲਕੋ ਰਿਹਾ ਪ੍ਰਸ਼ਾਸਨ
ਦੀਪਇੰਦਰ ਢਿੱਲੋਂ ਅਤੇ ਐਨ. ਕੇ. ਸ਼ਰਮਾ ਜਿੰਮੇਵਾਰੀ ਤੋਂ ਭੱਜੇ
ਰਾਜੇਸ਼ ਗਰਗ , ਜ਼ੀਰਕਪੁਰ, 25ਅਕਤੂਬਰ :2021
ਜੈਕ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਵਿਚ ਡੇਂਗੂ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਦੇ ਮਾਮਲੇ ਵਿਚ ਪ੍ਰ਼ਸ਼ਾਸਨ ਖਿਲਾਫ਼ ਨਿੰਦਾ ਪ੍ਰਸਤਾਵ ਪਾਸ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੁਨਿਆਦੀ ਸਹੂਲਤਾਂ ਨਾ ਦੇਣ ਦੇ ਚਲਦਿਆਂ ਨਗਰ ਕੌਂਸਲ ਅਤੇ ਸਿਹਤ ਵਿਭਾਗ ਖਿਲਾਫ਼ ਅਦਾਲਤਾਂ ਵਿਚ ਕੇਸ ਦਾਇਰ ਕਰਨ ਅਤੇ ਅਦਾਲਤੀ ਕਾਰਵਾਈ ’ਤੇ ਆਉਣ ਵਾਲਾ ਸਾਰਾ ਖਰਚ ਅਤੇ ਵਕੀਲਾਂ ਦੀ ਮਦਦ ਜੈਕ ਵਲੋਂ ਮੁਫਤ ਕੀਤੀ ਜਾਵੇਗੀ। ਜੈਕ ਰੈਜੀਡੈਂਟਸ ਵੈਲਫੇਅਰ ਐਸੋ. ਦੇ ਪ੍ਰਧਾਨ ਸੁਖਦੇਵ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕਿਹਾ ਗਿਆ ਹੈ ਕਿ ਜ਼ੀਰਕਪੁਰ ਅਤੇ ਡੇਰਾਬੱਸੀ ਵਿਚ ਥਾਂ ਥਾਂ ਸੀਵਰੇਜ ਦੇ ਮੇਨਹੋਲ ਓਵਰਫਲੋ ਹੋ ਰਹੇ ਹਨ। ਖਾਲੀ ਪਲਾਟਾਂ ਵਿਚ ਘਾਹ ਖੜਾ ਹੈ ਅਤੇ ਡੇਰਾਬੱਸੀ ਅਤੇ ਜੀਰਕਪੁਰ ਨਗਰ ਕੌਂਸਲਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ। ਡੇਰਾਬੱਸੀ, ਜੀਰਕਪੁਰ ਅਤੇ ਲਾਲੜੂ ਵਿਚ ਆਏ ਦਿਨ ਲੋਕ ਡੇਂਗੂ ਨਾਲ ਮਰ ਰਹੇ ਹਨ। ਤਿੰਨਾਂ ਕੌਂਸਲਾਂ ਤੋਂ ਨਾ ਤਾਂ ਸਫਾਈ ਦਾ ਪ੍ਰਬੰਧ ਹੋ ਰਿਹਾ ਹੈ ਅਤੇ ਨਾ ਹੀ ਫੌਗਿੰਗ ਹੋ ਰਹੀ ਹੈ। ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਬੈਡ ਨਹੀਂ ਹਨ।
ਜੈਕ ਪ੍ਰਤੀਨਿਧ ਐਡਵੋਕੇਟ ਵਿਨੈ ਕੁਮਾਰ, ਵਾਸੂਦੇਵ, ਪਾਠਕ, ਜੀਵਨ ਸ਼ਰਮਾ, ਰਾਜ ਕੁਮਾਰ ਅਤੇ ਜਵਾਅ ਸਿੰਘ ਨੇ ਕਿਹਾ ਕਿ ਚੋਣਾਂ ਵਿਚ ਬਹੁਤ ਘੱਟ ਸਮਾਂ ਵਚਿਆ ਹੋਣ ਕਾਰਨ ਕੌਂਸਲ ਨੁਮਾਇੰਦਿਆਂ ਵਲੋਂ ਦੋਨਾਂ ਹੱਥਾਂ ਨਾਲ ਲੁੱਟ ਵੱਲ੍ਹ ਹੀ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਭਗਵਾਨ ਭਰੋਸੇ ਛੱਡਿਆ ਗਿਆ ਹੈ। ਅੱਜ ਹਾਲਾਤ ਇਹ ਹਨ ਕਿ ਜੀਰਕਪੁਰ ਅਤੇ ਡੇਰਾਬੱਸੀ ਨਗਰ ਕੌਂਸਲਾਂ ਚਲਾਉਣ ਵਾਲੇ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਆਪਣੀ ਰਾਜਨੀਤਕ ਜਮੀਨ ਖਿਸਕਦੀ ਦੇਖ ਹਾਈਕਮਾਂਡ ਦੇ ਦਰਬਾਰ ਵਿਚ ਹਾਜ਼ਰੀ ਲਗਾਉਣ ਵਿਚ ਰੁਝੇ ਹੋਏ ਹਨ।
ਹਲਕਾ ਵਿਧਾਇਕ ਐਨ. ਕੇ. ਸ਼ਰਮਾ ਵੀ ਇਸ ਮੁੱਦੇ ’ਤੇ ਵਿਧਾਇਕ ਦੀ ਜਿੰਮੇਵਾਰੀ ਨਿਭਾਉਣ ਵਿਚ ਅਸਫਲ ਸਿੱਧ ਹੋਏ ਹਨ। ਜੈਕ ਦੇ ਨੁਮਾਇੰਦਿਆਂ ਨੇ ਡੇਂਗੂ ਅਤੇ ਹੋਰ ਬਿਮਾਰੀਆਂ ਦੇ ਮਾਮਲੇ ਵਿਚ ਸ਼ਹਿਰ ਵਾਸੀਆਂ ਨੂੰ ਲਾਮਬੰਦ ਹੋਣ ਦੀ ਅਪੀਲ ਕਰਦਿਆਂ ਅਦਾਲਤ ਦਾ ਸਹਾਰਾ ਲੈਣ ਲਈ ਕਿਹਾ ਹੈ। ਅਦਾਲਤਾਂ ਵਿਚ ਵਕੀਲਾਂ ਅਤੇ ਹੋਰ ਖਰਚਾ ਸਾਰਾ ਜੈਕ ਵਲੋਂ ਹੀ ਕੀਤਾ ਜਾਵੇਗਾ।