ਇੰਜੀਨੀਅਰ ਸ਼ਾਖਾ ਦਾ ਕਰਿਸ਼ਮਾ , ਟੁੱਟੀਆਂ ਸੜਕਾਂ , ਬੰਦ ਸਟਰੀਟ ਲਾਈਟਾਂ ਤੇ ਪਾਰਕ ਨੂੰ ਕਿਹਾ OK
ਕੌਂਸਲ ਮੈਂਬਰਾਂ ਨੂੰ ਪਤਾ ਨਹੀਂ , ਆਉਟ ਆਫ ਅਜੰਡਾ ਹੀ ਹੈਂਡਉਵਰ ਕਰ ਲਈ ਖਰਚੇ ਦਾ ਘਰ ਕਲੋਨੀ
ਹਰਿੰਦਰ ਨਿੱਕਾ , ਬਰਨਾਲਾ 20 ਅਕਤੂਬਰ 2021
ਨਗਰ ਕੌਂਸਲ ਬਰਨਾਲਾ ਇੱਨ੍ਹੀਂ ਦਿਨੀਂ ਕਲੋਨਾਈਜ਼ਰਾਂ ਨੂੰ ਕਰੋੜਾਂ ਰੁਪਏ ਦਾ ਨਿੱਜੀ ਫਾਇਦਾ ਦੇਣ ਅਤੇ ਨਗਰ ਕੌਂਸਲ ਦੇ ਫੰਡਾਂ ਨੂੰ ਉਨ੍ਹਾਂ ਦੇ ਸਿਰ ਤੋਂ ਵਾਰਨ ਲਈ ਪੱਬਾਂ ਭਾਰ ਹੋਈ ਪਈ ਹੈ। ਜਿਸ ਦੀ ਕੌਂਸਲ ਦੇ ਬਹੁਤੇ ਮੈਂਬਰਾਂ ਅਤੇ ਸ਼ਹਿਰ ਦੇ ਨਾਗਰਿਕਾਂ ਨੂੰ ਭੋਰਾ ਭਿਣਕ ਤੱਕ ਵੀ ਨਹੀਂ ਪੈਣ ਦਿੱਤੀ ਜਾ ਰਹੀ। ਇਸ ਦੀ ਤਾਜ਼ਾ ਮਿਸਾਲ ਹੰਡਿਆਇਆ-ਬਰਨਾਲਾ ਰੋਡ ਤੇ ਪੈਂਦੀ ੳਮ ਸਿਟੀ ਕਲੋਨੀ ਨੂੰ ਕਰੀਬ 2 ਮਹੀਨੇ ਪਹਿਲਾਂ ਨਗਰ ਕੌਂਸਲ ਵੱਲੋਂ ਬਿਨਾਂ ਕੰਪਲੀਸ਼ਨ ਦੇ ਹੀ ਹੈਂਡਉਵਰ ਕਰਨ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ੳਮ ਸਿਟੀ ਕਲੋਨੀ ‘ਚ ਬਰਨਾਲਾ ਟੂਡੇ ਦੀ ਟੀਮ ਵੱਲੋਂ ਕੀਤਾ ਮੌਕਾ ਮੁਆਇਨਾ , ਨਗਰ ਕੌਂਸਲ ਦੀ ਇੰਜੀਨੀਅਰ ਸ਼ਾਖਾ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੀ ਪੋਲ ਖੋਲ੍ਹਦਾ ਹੈ । ਬਿਨਾਂ ਕੰਪਲੀਸ਼ਨ ਹੀ ੳਮ ਸਿਟੀ ਕਲੋਨੀ ਨੂੰ ਨਗਰ ਕੌਂਸਲ ਵੱਲੋਂ ਹੈਂਡਉਵਰ ਕਰ ਲੈਣ ਦਾ ਫੈਸਲਾ , ਲੋਕਾਂ ਨੂੰ ਅੱਖੀਂ ਘੱਟਾ ਪਾ ਕੇ ਹੈਰਾਨ ਅਤੇ ਪ੍ਰੇਸ਼ਾਨ ਕਰ ਦੇਣ ਵਾਲਾ ਹੈ । ਨਗਰ ਕੌਂਸਲ ਦੇ ਅਜਿਹੇ ਹੀ ਹੋਰ ਫੈਸਲਿਆਂ ਦੀ ਹਕੀਕਤ ਦਾ ਭਾਂਡਾ ਆਉਣ ਵਾਲੇ ਦਿਨਾਂ ‘ਚ ਗਰਾਉਂਡ ਜੀਰੋ ਰਿਪੋਰਟ ਰਾਹੀਂ ਲੋਕ ਕਚਿਹਰੀ ਵਿੱਚ ਪੇਸ਼ ਕੀਤਾ ਜਾਵੇਗਾ।
ਟੁੱਟੀਆਂ ਸੜਕਾਂ ਤੇ ਬੰਦ ਸਟਰੀਟ ਲਾਇਟਾਂ ਨੂੰ ਦਿੱਤੀ OK ਦੀ ਰਿਪੋਰਟ
ਨਗਰ ਕੌਂਸਲ ਵੱਲੋਂ ਹੈਂਡਉਵਰ ਕੀਤੀ ਗਈ , ੳਮ ਸਿਟੀ ਕਲੋਨੀ ਦੀ ਕੰਪਲੀਸ਼ਨ ਰਿਪੋਰਟ ਦੀ ਹਕੀਕਤ ਵਾਚਣ ਲਈ ਬਰਨਾਲਾ ਟੂਡੇ ਦੀ ਟੀਮ ਨੇ ਮੌਕਾ ਮੁਆਇਨਾ ਕੀਤਾ। ਜਿਸ ਤੋਂ ਬਾਅਦ ਹੈਰਾਨੀਜਨਕ ਤੱਥ ਸਾਹਮਣੇ ਆਏ। ਕਲੋਨੀ ਦੀਆਂ ਸੜਕਾਂ ਖਸ਼ਤਾ ਹਾਲ ਹਨ, ਬਹੁਤੀਆਂ ਸਟਰੀਟ ਲਾਈਟਾਂ ਬੰਦ ਹਨ, ਜੋ ਚਾਲੂ ਹਾਲਤ ਵਿੱਚ ਹਨ, ਉਨਾਂ ਵਿੱਚ ਸਟਰੀਟ ਲਾਈਟ ਦੀ ਬਜਾਏ, ਸਿਰਫ ਖਾਨਾਪੂਰਤੀ ਲਈ ਛੋਟੇ –ਛੋਟੇ ਐਲ.ਡੀ. ਬੱਲਬ ਲਗਾਏ ਹੋਏ ਹਨ। ਨਾਮ ਨਿਹਾਦ ਛੋਟੇ-ਛੋਟੇ ਪਾਰਕਾਂ ਦੀ ਹਾਲਤ ਵੀ ਲੋਕਾਂ ਦੇ ਸੈਰ ਕਰਨ ਯੋਗ ਨਹੀਂ ਹੈ, ਬੈਠਣ ਲਈ ਬਣੇ, ਬੈਂਚ ਵੀ ਕਬਾੜ ਦਾ ਰੂਪ ਲੈ ਚੁੱਕੇ ਹਨ । ਪਾਣੀ ਸਟੋਰ ਕਰਨ ਲਈ ਬਣੀ ਟੈਂਕੀ ਵਿੱਚੋਂ ਪਾਣੀ ਤੁਪਕਾ ਤੁਪਕਾ ਕਰਕੇ, ਚੋਅ ਰਿਹਾ ਹੈ। ਯੋਗ ਸਾਂਭ ਸੰਭਾਲ ਨਾ ਹੋਣ ਕਾਰਣ, ਪਾਣੀ ਵਾਲੀ ਟੈਂਕੀ ,ਕਦੋਂ ਮਲਬੇ ਵਿੱਚ ਬਦਲ ਜਾਵੇ, ਇਹ ਖਤਰਾ ਕਲੋਨੀ ਵਾਸੀਆਂ ਦੇ ਸਿਰ ਤੇ ਮੰਡਰਾ ਰਿਹਾ ਹੈ। ਰਿਪੇਅਰ ਨੂੰ ਲੰਬੇ ਅਰਸੇ ਤੋਂ ਤਰਸਦੀਆਂ ਕਲੋਨੀ ਦੀਆਂ ਟੁੱਟੀਆਂ ਸੜਕਾਂ , ਸਟਰੀਟ ਲਾਈਟਾਂ ਦੀ ਅਣਹੋਂਦ ਵਿੱਚ ਅਸੁਰੱਖਿਅਤ ਮਾਹੌਲ ਅਤੇ ਪਾਰਕਾਂ ਦੀ ਮਾੜੀ ਹਾਲਤ ਸਬੰਧੀ, ਕਲੋਨੀ ਵਾਸੀਆਂ ਦੀਆਂ ਸ਼ਕਾਇਤਾਂ ਵੀ ਉੱਚ ਅਧਿਕਾਰੀਆਂ ਕੋਲ ਹਾਲੇ ਫਾਇਲਾਂ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ।
ਕਲੋਨੀ ਹੈਂਡਉਵਰ ਕਰਨ ਵਿੱਚ ਆ ਰਹੀ ਭ੍ਰਿਸ਼ਟਾਚਾਰ ਦੀ ਬੋਅ
ਨਗਰ ਕੌਂਸਲ ਵੱਲੋਂ ਚੁੱਪ ਚਪੀਤੇ ਹੈਂਡਉਵਰ ਕਰ ਲਈ ਗਈ ਕਲੋਨੀ ਨੂੰ , ਹੈਂਡਉਵਰ ਕਰਨ ਲਈ ਲੱਖਾਂ ਰੁਪਏ ਪ੍ਰਤੀ ਏਕੜ ਰਿਸ਼ਵਤ ਦਾ ਦੇਣ ਲੈਣ ਹੋਣ ਦੀਆਂ ਕਨਸੋਆਂ ਵੀ ਮਿਲ ਰਹੀਆਂ ਹਨ। ਕਰੀਬ 10 ਸਾਲ ਪਹਿਲਾਂ 12 . 32 ਏਕੜ ਵਿੱਚ ਕੱਟੀ ਗਈ ੳਮ ਸਿਟੀ ਕਲੋਨੀ ਹੈਂਡਉਵਰ ਕਰ ਲੈਣ ਨਾਲ, ਬੇਸ਼ੱਕ ਕਲੋਨਾਈਜਰ ਦਾ ਸਾਰੀਆਂ ਸੜਕਾਂ ਬਣਾਉਣ , ਸਟਰੀਟ ਲਾਈਟਾਂ ਲਾਉਣ ਅਤੇ ਪਾਰਕਾਂ ਆਦਿ ਤਿਆਰ ਕਰਨ ਤੇ ਖਰਚ ਹੋਣ ਵਾਲਾ ਕਰੋੜਾਂ ਰੁਪੱਈਆਂ ਬਚਾ ਦਿੱਤਾ ਗਿਆ ਹੈ। ਪਰੰਤੂ ਹੁਣ ਕਲੋਨੀ ਦਾ ਕਰੋੜਾਂ ਰੁਪਏ, ਖਰਚੇ ਦਾ ਘਰ ਬਣੀ, ਇਸ ਕਲੋਨੀ ਤੇ ਖਰਚਿਆ ਜਾਣਾ ਤੈਅ ਹੈ।
ਕੌਂਸਲ ਦੀ ਮੀਟਿੰਗ ‘ਚ ਆਊਟ ਆਫ ਅਜੰਡਾਂ ਹੋਈ ਵਿਚਾਰ
ਪ੍ਰਾਪਤ ਜਾਣਕਾਰੀ ਅਨੁਸਾਰ ੳਮ ਸਿਟੀ ਕਲੋਨੀ ਦੇ ਮਾਲਿਕ ਵੱਲੋਂ ਕਲੋਨੀ ਨੂੰ ਹੈਂਡਓਵਰ ਕਰਨ ਲਈ ਦਰਖਾਸਤ ਪੇਸ ਕੀਤੀ ਗਈ ਸੀ। ਦਰਖਾਸਤ ਵਿੱਚ ਕਲੋਨਾਈਜ਼ਰ ਵੱਲੋਂ ਕਲੋਨੀ ਦੀ ਕੰਪਲੀਸ਼ਨ ਸਬੰਧੀ ਪੇਸ਼ ਕੀਤੇ ਦਾਅਵੇ ਦੀ ਪੜਤਾਲ ਕਰਨ ਲਈ ਇੰਜੀਨੀਅਰ ਸਾਖਾ ਵੱਲੋਂ ਮੌਕਾ ਦੇਖਿਆ ਗਿਆ। ਮੌਕਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਲੋਨੀ ਦੀ ਕੰਪਲੀਸ਼ਨ ਅਨੁਸਾਰ ਹੀ ਸੜਕਾਂ ਸਹੀ ਬਣੀਆ ਹੋਈਆਂ ਹਨ। ਸਟਰੀਟ ਲਾਈਟਾਂ ਵਰਕਿੰਗ ਕੰਡੀਸਨ ਵਿੱਚ ਹਨ। ਕਲੋਨੀ ਵਿੱਚ ਕੋਈ ਇੰਨਕਰੋਚਮੈਂਟ ਵਗੈਰਾ ਨਹੀਂ ਹੈ। ਪਲਾਟ ਹੋਲਡਰਾਂ ਲਈ ਪਾਰਕ ਮੈਟੀਨੈਂਸ ਕੀਤੇ ਹੋਏ ਹਨ। ਕਲੋਨੀ ਨੂੰ ਹੈਂਡਉਵਰ ਕਰਨ ਲਈ ਮਤਾ ਮੀਟਿੰਗ ਦੇ ਅਜੰਡੇ ਦੀ ਆਈਟਮ ਵਿੱਚ ਸ਼ਾਮਿਲ ਨਹੀਂ ਸੀ। ਪ੍ਰਧਾਨ ਜੀ ਦੀ ਆਗਿਆ ਨਾਲ ਇਹ ਮਤਾ ਆਊਟ ਆਫ ਅਜੰਡਾ ਹੀ ਰੱਖਿਆ ਗਿਆ। ਅਜੰਡੇ ਤੋਂ ਬਾਹਰੀ ਇਹ ਮਤਾ ਸਰਬਸੰਮਤੀ ਨਾਲ ਪਾਸ ਵੀ ਕਰ ਦਿੱਤਾ ਗਿਆ। ਜਦੋਂਕਿ ਬਹੁਤੇ ਮੈਂਬਰਾਂ ਨੂੰ ਕਲੋਨੀ ਨੂੰ ਹੈਂਡੳਵਰ ਕਰਨ ਲਈ ਪਾਸ ਕੀਤੇ ਮਤੇ ਦੀ ਹਾਲੇ ਵੀ ਕੋਈ ਜਾਣਕਾਰੀ ਨਹੀਂ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵੱਲੋਂ ਕਥਿਤ ਤੌਰ ਤੇ ਹਾਊਸ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ,ਇਹ ਮਤਾ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਤੋਂ ਪ੍ਰਵਾਨਗੀ ਲਈ 19 ਅਗਸਤ ਨੂੰ 2021 ਨੂੰ ਭੇਜਿਆ ਗਿਆ ਹੈ।