ਵਿਆਹ ਦੀ ਸ਼ੌਪਿੰਗ ਕਰਵਾਉਣ ਦੇ ਬਹਾਨੇ ਕੁੜੀ ਨੂੰ 11 ਅਕਤੂਬਰ ਨੂੰ ਹੀ ਮੁੰਡੇ ਨੇ ਬੁਲਾਇਆ ਸੀ ਪਟਿਆਲੇ
ਕੁੜੀ ਦੇ ਪਿਉ ਦਾ ਦੋਸ਼- ਦੋਸ਼ੀ ਲੜਕਾ ਪਹਿਲਾਂ ਹੀ ਵਿਆਹਿਆ ਹੋਇਐ , ਪਰ ਇਹ ਗੱਲ ਉਹਨੇ ਛੁਪਾ ਕੇ ਰੱਖੀ
ਹਰਿੰਦਰ ਨਿੱਕਾ , ਪਟਿਆਲਾ 20 ਅਕਤੂਬਰ 2021
ਛਪਿੰਦਰਪਾਲ ਕੌਰ ਦਾ ਅੱਜ ਦੇ ਦਿਨ ਦਾ ਵਿਆਹ ਧਰਿਆ ਹੋਇਆ ਸੀ। ਮਾਪਿਆਂ ਵੱਲੋਂ ਵਿਆਹ ਦੀਆਂ ਸਾਰੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਸਨ। ਪਰੰਤੂ ਅਚਾਣਕ ਇੱਕ ਫੋਨ ਕਾਲ ਨੇ ਵਿਆਹ ਦੇ ਰੰਗ ਵਿੱਚ ਅਜਿਹੀ ਭੰਗ ਪਾ ਦਿੱਤੀ ਕਿ ਉਸ ਦੇ ਪੇਕਾ ਪਰਿਵਾਰ ਦੇ ਪੈਰਾਂ ਹੋਠੋਂ ਜਮੀਨ ਖਿਸਕ ਗਈ। ਪੜਤਾਲ ਤੋਂ ਸ਼ੱਕ ਹੋਇਆ ਕਿ ਛਪਿੰਦਰਪਾਲ ਕੌਰ ਦੇ ਹੋਣ ਵਾਲੇ ਪਤੀ ਨਵਨਿੰਦਰਪ੍ਰੀਤ ਸਿੰਘ ਨੇ ਹੀ ਉਸ ਨੂੰ ਅਗਵਾ ਕਰ ਲਿਆ । ਛਪਿੰਦਰਪਾਲ ਕੌਰ ਦੇ ਪਿਤਾ ਸੁਖਚੈਨ ਸਿੰਘ ਵਾਸੀ ਬਠਿੰਡਾ ਨੇ ਡਰ ਪ੍ਰਗਟ ਕੀਤਾ ਕਿ ਦੋਸ਼ੀ ਨਵਨਿੰਦਰਪ੍ਰੀਤ ਸਿੰਘ ਨੇ ਉਸ ਦੀ ਲੜਕੀ ਨੂੰ ਅਗਵਾ ਕਰਕੇ, ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਨਾਮਜ਼ਦ ਦੋਸ਼ੀ ਨਵਨਿੰਦਰਪ੍ਰੀਤ ਸਿੰਘ ਦੇ ਖਿਲਾਫ ਥਾਣਾ ਅਰਬਨ ਅਸਟੇਟ ਪਟਿਆਲਾ ‘ਚ ਅਗਵਾ ਦਾ ਕੇਸ ਦਰਜ਼ ਕਰਕੇ, ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਧੀਅ ਦੀ ਜਿੱਦ ਅੱਗੇ ਝੁਕਿਆ ਪਿਉ, ਪਰ ਫਿਰ ਵੀ ,,
ਮੁਦਈ ਸੁਖਚੈਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ L I G 133 ਫੇਸ-1 ਮਾਡਲ ਟਾਊਨ ਬਠਿੰਡਾ ਹਾਲ ਵਾਸੀ ਵਿਸ਼ਵਾਸ਼ ਕਲੋਨੀ ਬਹਿਮਣ ਰੋਡ ਗਲੀ ਨੰ . 1 ਬਠਿੰਡਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲਿਖਵਾਇਆ ਕਿ ਨਵਨਿੰਦਰਪ੍ਰੀਤ ਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮਕਾਨ ਨੰ. 368 ਫੇਸ-1 ਨੇੜੇ ਸਲਾਰੀਆ ਵਿਹਾਰ ਅਰਬਨ ਅਸਟੇਟ ਪਟਿਆਲਾ ਨਾਲ ਮੁਦਈ ਦੀ ਲੜਕੀ ਛਪਿੰਦਰਪਾਲ ਕੋਰ ਉਮਰ ਕਰੀਬ 28 ਸਾਲ ਦੀ ਜਾਣ-ਪਛਾਣ ਸੀੇ ਦੋਵਾਂ ਦੀ ਆਪਸੀ ਜਾਣ ਪਹਿਚਾਣ ਹੋਣ ਕਾਰਨ ਹੀ ਮੁਦਈ ਨੇ ਆਪਣੀ ਲੜਕੀ ਦਾ ਰਿਸ਼ਤਾ ਦੋਸ਼ੀ ਨਵਨਿੰਦਰਪ੍ਰੀਤ ਸਿੰਘ ਨਾਲ ਪੱਕਾ ਕਰ ਦਿੱਤਾ ਸੀ ਅਤੇ ਮਿਤੀ 20/10/21 ਨੂੰ ਵਿਆਹ ਦੀ ਤਾਰੀਖ ਤੈਅ ਹੋ ਗਈ ਸੀ । ਪਰੰਤੂ ਵਿਆਹ ਦਾ ਦਿਨ ਨਿਸਚਿਤ ਕਰ ਲੈਣ ਤੋਂ ਬਾਅਦ ਵਿੱਚ ਦੋਸ਼ੀ ਵਿਆਹ ਕਰਾਉਣ ਤੋਂ ਟਾਲ ਮਟੋਲ ਕਰਨ ਲੱਗ ਪਿਆ ਸੀ ।
ਸ਼ਾਪਿੰਗ ਦੇ ਬਹਾਨੇ ਦੋਸ਼ੀ ਨੇ ਲੜਕੀ ਨੂੰ ਆਪਣੇ ਕੋਲ ਬੁਲਾਇਆ, ਪਰ ,,
ਮੁਦਈ ਸੁਖਚੈਨ ਸਿੰਘ ਨੇ ਅਚਾਣਕ ਹੀ ਵਾਪਰੇ ਘਟਨਾਕ੍ਰਮ ਦੀ ਤਫਸ਼ੀਲ ਦਿੰਦਿਆਂ ਦੱਸਿਆ ਕਿ ਮਿਤੀ 11/10/21 ਨੂੰ ਦੋਸ਼ੀ ਨਵਨਿੰਦਰਪ੍ਰੀਤ ਸਿੰਘ ਨੇ ਛਪਿੰਦਰਪਾਲ ਕੌਰ ਨੂੰ ਵਿਆਹ ਦੀ ਸ਼ਾਪਿੰਗ ਕਰਨ ਬਹਾਨੇ ਪਟਿਆਲਾ ਵਿਖੇ ਬੁਲਾਇਆ ਅਤੇ ਮਿਤੀ 14/10/21 ਨੂੰ ਨਵਨਿੰਦਰ ਨੇ ਉਸ ਦੇ ਬੇਟੇ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਭੈਣ ਛਪਿੰਦਰ ਝਗੜ੍ਹਾ ਕਰਕੇ ਕਿਤੇ ਚਲੀ ਗਈ ਅਤੇ ਮੋਬਾਇਲ ਵੀ ਉਸ ਪਾਸ ਹੀ ਰੱਖ ਗਈ ਹੈ ।
ਲਾਪਤਾ ਲੜਕੀ ਦੀ ਤਲਾਸ਼ ਕੀਤਿਆਂ ਪਤਾ ਲੱਗਿਆ ਕਿ ,,,
ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮਿਤੀ 15/10/21 ਨੂੰ ਪਟਿਆਲਾ ਵਿਖੇ ਆਇਆ ਤੇ ਦੋਸ਼ੀ ਨਵਨਿੰਦਰ ਨੂੰ ਨਾਲ ਲੈ ਕੇ ਹੀ ਆਪਣੀ ਲੜਕੀ ਦੀ ਭਾਲ ਕਰਨ ਲੱਗ ਪਿਆ । ਪਰ ਲੜਕੀ ਬਾਰੇ ਕੋਈ ਪਤਾ ਨਹੀ ਲੱਗਿਆ । ਫਿਰ ਮਿਤੀ 17/10/21 ਨੂੰ ਵੀ ਮੁਦਈ ਨੇ ਆਪਣੀ ਲੜਕੀ ਦੀ ਹੋਰ ਬਹੁਤ ਥਾਵਾਂ ਤੇ ਭਾਲ ਕੀਤੀ ,ਪਰੰਤੂ ਉਸ ਦੀ ਕੋਈ ਉੱਘ ਸੁੱਘ ਨਹੀਂ ਲੱਗੀ । ਕਾਫੀ ਪੜਤਾਲ ਤੋਂ ਬਾਅਦ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਦੋਸ਼ੀ ਨਵਨਿੰਦਰ ਨੇ ਪਹਿਲਾ ਹੀ ਕਿਸੇ ਲਖਵਿੰਦਰ ਕੋਰ ਨਾਮ ਦੀ ਔਰਤ ਨਾਲ ਵਿਆਹ ਕੀਤਾ ਹੋਇਆ ਹੈ। ਜਿਸ ਕਰਕੇ ਉਹ ਮੁਦਈ ਦੀ ਲੜਕੀ ਨਾਲ ਵਿਆਹ ਨਹੀ ਸੀ ਕਰਾਉਣਾ ਚਾਹੁੰਦਾ ਅਤੇ ਕਿਸੇ ਸ਼ਾਜਿਸ ਤਹਿਤ ਉਸ ਨੇ ਛਪਿੰਦਰਪਾਲ ਕੌਰ ਨੂੰ ਆਪਣੇ ਪਾਸ ਬੁਲਾ ਕੇ ਉਸਦਾ ਕਥਿਤ ਤੌਰ ਤੇ ਕਤਲ ਕਰ ਦਿੱਤਾ ਜਾਂ ਫਿਰ ਦੋਸ਼ੀ ਨੇ ਛਪਿੰਦਰਪਾਲ ਕੌਰ ਦਾ ਕਤਲ ਕਰਨ ਦੀ ਮੰਸ਼ਾ ਨਾਲ ਉਸ ਨੂੰ ਕਿਸੇ ਨਾ-ਮਾਲੂਮ ਜਗ੍ਹਾ ਪਰ ਬੰਦੀ ਬਣਾ ਕੇ ਰੱਖਿਆ ਹੋਇਆ ਹੈ।
ਐਸ.ਐਚ.ਉ SI RONNEI SINGH ਬੋਲਿਆ,
ਥਾਣਾ ਅਰਬਨ ਅਸਟੇਟ ਪਟਿਆਲਾ ਦੇ ਐਸ.ਐਚ.ਉ SI RONNEI SINGH ਨੇ ਦੋਸ਼ੀ ਦੀ ਗਿਰਫਤਾਰੀ ਬਾਰੇ ਪੁੱਛਣ ਤੇ ਪਹਿਲਾਂ ਕਿਹਾ ਪਤਾ ਕਰ ਲੈਣੇ ਹਾਂ, ਫਿਰ ਕਹਿੰਦਾ, ਜਦੋਂ ਗਿਰਫਤਾਰ ਕਰ ਲਿਆ , ਉਦੋਂ ਦੱਸ ਦਿਆਂਗੇ।