ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਔਰਤ ਪਿੰਡ ਇਕਾਈ ਖੁੱਡੀਕਲਾਂ ਦੀ ਨਵੀਂ ਚੋਣ

Advertisement
Spread information

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਔਰਤ ਪਿੰਡ ਇਕਾਈ ਖੁੱਡੀਕਲਾਂ ਦੀ ਨਵੀਂ ਚੋਣ

ਕੁਲਵਿੰਦਰ ਕੌਰ ਕਨਵੀਨਰ ਅਤੇ ਬਲਦੇਵ ਕੌਰ ਕੋ ਕਨਵੀਨਰ ਨਿਯੁਕਤ

ਮਨਜੀਤ ਕੌਰ ਨੂੰ ਜਥੇਬੰਦੀ ਦੇ ਸੰਵਿਧਾਨ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਏ ਜਾਣ ਕਰਕੇ ਕੀਤਾ ਖਾਰਜ


ਪਰਦੀਪ ਕਸਬਾ  , ਖੁੱਡੀਕਲਾਂ  19 ਅਕਤੂਬਰ 2021
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜਨ ਅਧਾਰ ਲਗਾਤਾਰ ਵਧ ਰਿਹਾ ਹੈ। ਜਥੇਬੰਦੀ ਦੀ ਅੱਧ ਸੰਸਾਰ ਦੀਆਂ ਮਾਲਕ ਕਿਸਾਨ ਔਰਤਾਂ ਨੂੰ ਜਥੇਬੰਦੀ ਦਾ ਅਹਿਮ ਅੰਗ ਬਨਾਉਣ ਅਤੇ ਜਥੇਬੰਦੀ ਦੇ ਅਸੂਲਾਂ/ਨਿਯਮਾਂ ਦੀ ਪਾਲਣ ਕਰਨ ਸਬੰਧੀ ਪਿੰਡ ਇਕਾਈ ਦੀ ਖੁੱਲੀ ਜਨਰਲ ਮੀਟਿੰਗ ਹੋਈ। ਮੀਟਿੰਗ ਵਿੱਚ ਔਰਤ ਵਿੰਗ ਦੀ ਬਲਾਕ ਆਗੂ ਮਨਜੀਤ ਕੌਰ ਖੁੱਡੀਕਲਾਂ ਦਾ ਭਾਰਤ ਬੰਦ ਵਾਲੇ ਦਿਨ ਜਥੇਬੰਦੀ ਦੇ ਅਸੂਲਾਂ ਦੀ ਉਲੰਘਣਾ ਕਰਨ ਦਾ ਮਸਲਾ ਗੰਭੀਰਤਾ ਨਾਲ ਵਿਚਾਰਿਆ ਗਿਆ ਅਤੇ ਮਨਜੀਤ ਕੌਰ ਨੂੰ ਮੀਟੰਗ ਵਿੱਚ ਬੁਲਾਕੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਸੀ।
ਪਰ ਖੁਦ ਮਨਜੀਤ ਕੌਰ ਮੀਟਿੰਗ ਵਿੱਚ ਹਾਜਰ ਨਹੀਂ ਹੋਈ ।ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਉਸ ਨੂੰ ਜਥੇਬੰਦੀ ਵਿੱਚੋਂ ਖਾਰਜ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਕਰਦਿਆਂ ਬਲਾਕ ਆਗੂਆਂ ਦੀ ਹਾਜਰੀ ਵਿੱਚ ਕੁਲਵਿੰਦਰ ਕੌਰ ਪਤਨੀ ਸੇਵਕ ਸਿੰਘ ਮਾਨ ਕੌਰ ਨੂੰ ਕਨਵੀਨਰ ਅਤੇ ਬਲਦੇਵ ਕੌਰ ਪਤਨੀ ਜਰਨੈਲ ਸਿੰਘ ਨੰਬਰਦਾਰ ਨੂੰ ਕੋ ਕਨਵੀਨਰ ਵਜੋਂ ਜਿੰਮੇਵਾਰੀ ਸੌਂਪੀ ਗਈ।
ਇਸ ਸਮੇਂ ਇਕੱਤਰ ਹੋਈਆਂ ਵੱਡੀ ਗਿਣਤੀ ਵਿੱਚ ਭੈਣਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੀ ਔਰਤ ਆਗੂ ਅਮਰਜੀਤ ਕੌਰ, ਪ੍ਰੇਮਪਾਲ ਕੌਰ ਬਾਬੂ ਸਿੰਘ ਖੁੱਡੀਕਲਾਂ ਅਤੇ ਹਰਮੇਲ ਸਿੰਘ ਖੁੱਡੀਕਲਾਂ ਨੇ ਕਿਹਾ ਕਿ ਕਿਸਾਨੀ ਕਿੱਤੇ ਨੂੰ ਉਜਾੜਣ ਲਈ ਮੋਦੀ ਹਕੂਮਤ ਵੱਲੋਂ ਤਿੰਨ ਬਿਲ ਲਿਆਂਦੇ ਗਏ ਹਨ।ਇਨ੍ਹਾਂ ਬਿਲਾਂ ਨੂੰ ਲਿਆਉਣ ਪਿੱਛੇ ਸਾਜਿਸ਼ ਕੌਮਾਂਤਰੀ ਲੁਟੇਰੀਆਂ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੀ ਹੈ ਜੋ ਭਾਰਤੀ ਹਾਕਮਾਂ ਰਾਹੀਂ ਚੰਦ ਕੁ ਉੱਚ ਅਮੀਰ ਘਰਾਣਿਆਂ ਦੇ ਮੁਨਾਫਿਆਂ ਲਈ ਲਿਆਂਦੇ ਗਏ ਹਨ।
ਇਸੇ ਕਰਕੇ ਹੀ ਭਾਰਤੀ ਅਰਥਚਾਰੇ ਦੀ ਰੀੜ ਦੀ ਹੱਡੀ ਖੇਤੀ ਅਰਥਚਾਰੇ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ। ਇਹ ਕਾਨੂੰਨ ਉਸ ਸਮੇਂ ਮੋਦੀ ਸਰਕਾਰ ਲੈਕੇ ਆਈ ਜਦ ਸਮੁੱਚੀ ਭਾਰਤੀ ਵਸੋਂ ਕਰੋਨਾ ਦੀ ਦਹਿਸ਼ਤ ਪਾਕੇ ਘਰਾਂ ਅੰਦਰ ਕੈਦ ਕੀਤਾ ਹੋਇਆ ਸੀ। ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵਡੇਰੇ ਖਤਰੇ ਨੂੰ ਭਾਪਦਿਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ ਸੰਘਰਸ਼ ਨੂੰ ਵਿਆਪਕ ਬਣਾਇਆ।ਹੁਣ ਇਹ ਮੁਲਕ ਪੱਧਰੀਆਂ 472 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਉੱਸਰ ਗਿਆ ਹੈ।
ਇਸ ਮੋਰਚੇ ਨੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਨੌਂ ਮਹੀਨੇ ਦੇ ਕਰੀਬ ਸਮੇਂ ਤੋਂ ਘੇਰਕੇ ਵਕਤ ਪਾਇਆ ਹੋਇਆ ਹੈ। ਇਸ ਸੰਘਰਸ਼ ਵਿੱਚ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਸ਼ਮੂਲੀਅਤ ਕਰਕੇ ਕਿਸਾਨ ਔਰਤਾਂ ਅਹਿਮ ਫਰਜ ਨਿਭਾ ਰਹੀਆਂ ਹਨ।
ਆਗੂਆਂ ਕਿਹਾ ਕਿ ਅੱਜ ਸਾਡੀ ਜਥੇਬੰਦੀ ਲਈ ਮਾਣ ਵਾਲੀ ਗੱਲ ਹੈ ਕਿ ਕਿਸਾਨ ਔਰਤਾਂ ਖੁਦ ਜਥੇਬੰਦ ਹੋਕੇ ਸੰਘਰਸ਼ ਦੇ ਰਣ ਤੱਤੇ ਮੈਦਾਨ ਵਿੱਚ ਜੂਝਣ ਲਈ ਅੱਗੇ ਆਈਆਂ ਹਨ। ਅਜਿਹਾ ਹੋਣ ਨਾਲ ਜਥੇਬੰਦੀ ਦੀ ਤਾਕਤ ਦੂਣ ਸਵਾਈ ਹੋਈ ਹੈ।ਆਗੂਆਂ ਨੇ ਕਿਹਾ ਅਸੂਲਾਂ ਅਧਾਰਤ ਉੱਸਰੀ ਅਜਿਹੀ ਜਥੇਬੰਦ ਹੋਕੇ ਵਧਦੀ ਤਾਕਤ ਹੀ ਕਿਸਾਨ/ਲੋਕਾਈ ਦੀ ਦੁਸ਼ਮਣ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰੇਗੀ।
ਇਸ ਸਮੇਂ ਗੁਰਮੀਤ ਕੌਰ, ਹਰਦੇਵ ਕੌਰ,ਮਲਕੀਤ ਕੌਰ,ਭਜਨ ਕੌਰ,ਹਰਬੰਸ ਕੌਰ, ਨਸੀਬ ਕੌਰ, ਮਨਪ੍ਰੀਤ ਕੌਰ,ਕੁਲਵਿੰਦਰ ਕੌਰ, ਬਲਵਿੰਦਰ ਕੌਰ, ਸੁਰਜੀਤ ਕੌਰ,ਗੁਰਦੀਪ ਸਿੰਘ, ਗੁਰਜੰਟ ਸਿੰਘ, ਸੁਰਜੀਤ ਸਿੰਘ, ਜਗਦੇਵ ਸਿੰਘ, ਜਰਨੈਲ ਸਿੰਘ, ਬਿੱਕਰ ਸਿੰਘ, ਹਰਪਾਲ ਸਿੰਘ ਆਦਿ ਤੋਂ ਬਿਨ੍ਹਾਂ ਵੱਡੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਸ਼ਾਮਿਲ ਹੋਏ।
Advertisement
Advertisement
Advertisement
Advertisement
Advertisement
error: Content is protected !!