ਦੀਪ ਸਿੱਧੂ ਵਲੋਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਪ੍ਰਤੀ ਪ੍ਰਗਟ ਕੀਤੇ ਵਿਚਾਰ ਉਸਦੀ ਫਾਸ਼ੀਵਾਦੀ ਸੋਚ ਦਾ ਪ੍ਰਗਟਾਵਾ-ਆਗੂ
ਪਰਦੀਪ ਕਸਬਾ , ਨਵਾਸ਼ਹਿਰ 19 ਅਕਤੂਬਰ 2021
ਅੱਜ ਜਨਤਕ ਜਥੇਬੰਦੀਆਂ ਨੇ ਰਿਲਾਇੰਸ ਦੇ ਨਵਾਂਸ਼ਹਿਰ ਮੌਲ ਅੱਗੇ ਮੀਟਿੰਗ ਕਰਕੇ ਦੀਪ ਸਿੱਧੂ ਵਲੋਂ ਇਕ ਪ੍ਰੋਗਰਾਮ ਵਿਚ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਵਿਰੁੱਧ ਕੀਤੇ ਕੂੜ ਪ੍ਰਚਾਰ ਦੀ ਨਿੰਦਾ ਕੀਤੀ ਹੈ।
ਇਸ ਮੀਟਿੰਗ ਵਿਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈਸ ਸਕੱਤਰ ਬੂਟਾ ਸਿੰਘ, ਭੱਠਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ,ਪੇਂਡੂ ਮਜਦੂਰ ਯੂਨੀਅਨ ਦੇ ਆਗੂ ਸੁਰਿੰਦਰ ਮੀਰਪੁਰੀ, ਰੇਹੜੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਸਿੰਘ ,ਪ੍ਰਵਾਸੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰਵੀਨ ਕੁਮਾਰ ਨਿਰਾਲਾ ਨੇ ਕਿਹਾ ਹੈ ਕਿ ਦੀਪ ਸਿੱਧੂ ਵਲੋਂ ਵਰਤੇ ਸ਼ਬਦ ਉਸਦੀ ਫਾਸ਼ੀਵਾਦੀ ਸੋਚ ਦਾ ਪ੍ਰਗਟਾਵਾ ਹਨ।ਸੰਪਾਦਕ ਨੇ ਸੰਪਾਦਕੀ ਦੀਪ ਸਿੱਧੂ ਕੋਲੋਂ ਇਜਾਜ਼ਤ ਲੈਕੇ ਨਹੀਂ ਲਿਖਣੀ।
ਦੀਪ ਸਿੱਧੂ ਵਲੋਂ ਪੰਜਾਬੀ ਟ੍ਰਿਬਿਊਨ ਨੂੰ ਸਿੱਖਾਂ ਅਤੇ ਪੰਜਾਬੀਆਂ ਦੀ ਵਿਰੋਧੀ ਅਖ਼ਬਾਰ ਗਰਦਾਨ ਕੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ।ਆਗੂਆਂ ਨੇ ਕਿਹਾ ਕਿ ਦੀਪ ਸਿੱਧੂ ਦੀਆਂ ਇਹ ਗੱਲਾਂ ਸੱਚਾਈ ਤੋਂ ਕੋਹਾਂ ਦੂਰ ਹੈ।
ਇਹ ਅਖ਼ਬਾਰ ਧਰਮਨਿਰਪੱਖਤਾ ਦੇ ਸਿਧਾਂਤ ਉੱਤੇ ਚੱਲਦਿਆਂ ਨਿਡਰਤਾ ਦੇ ਰਾਹ ਉੱਤੇ ਚੱਲ ਰਿਹਾ ਹੈ।ਦੀਪ ਸਿੱਧੂ ਵਲੋਂ ਪੰਜਾਬੀ ਟ੍ਰਿਬਿਊਨ ਉੱਤੇ ਸਿੱਖ ਵਿਰੋਧੀ ਵਿਰਤਾਂਤ ਸਿਰਜਣ ਦੇ ਇਲਜ਼ਾਮ ਲਾਉਣੇ ਸੱਚਾਈ ਤੋਂ ਕੋਹਾਂ ਦੂਰ ਹਨ।ਆਗੂਆਂ ਨੇ ਕਿਹਾ ਹੈ ਦੀਪ ਸਿੱਧੂ ਵਲੋਂ ਪੱਤਰਕਾਰੀ ਦੀ ਸੁਤੰਤਰਤਾ ਉੱਤੇ ਹਮਲੇ ਬੋਲੇ ਹਨ ਜਿਸਦੀ ਜਥੇਬੰਦੀਆਂ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਵਰਾਜਬੀਰ ਦੀ ਨਿਰਪੱਖ ਪੱਤਰਕਾਰਤਾ ਦੇ ਹੱਕ ਵਿਚ ਖੜੀਆਂ ਹਨ।