ਸਿੰਗਲਾ ਨੇ ਹਾੜੀ ਦੀਆਂ ਫਸਲਾਂ ਅਤੇ ਝੋਨੇ ਦੀ ਸਾਂਭ ਸੰਭਾਲ ਲਈ ਲਗਾਏ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਕੀਤਾ ਉਦਘਾਟਨ
*ਪੰਜਾਬ ਦੇ ਕਿਸਾਨਾਂ ਨੂੰ ਫਸਲਾਂ ਲਈ ਡੀ.ਏ.ਪੀ. ਖਾਦ ਦੀ ਨਹੀ ਆਉਣ ਦਿੱਤੀ ਜਾਵੇਗੀ ਘਾਟ-ਵਿਜੈ ਇੰਦਰ ਸਿੰਗਲਾ
*ਦੇਸ਼ ਅਤੇ ਸੂਬੇ ਦੀ ਮਜ਼ਬੂਤੀ ਲਈ ਕਿਸਾਨਾਂ ਨੇ ਹਮੇਸ਼ਾ ਅਹਿਮ
ਭੂਮਿਕਾ ਨਿਭਾਈ-ਸਿੰਗਲਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 19 ਅਕਤੂਬਰ 2021
ਪੰਜਾਬ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਅਤੇ ਰਾਜ ਸਰਕਾਰ ਵੱਲੋਂ ਹਮੇਸ਼ਾਂ ਕਿਸਾਨ ਹਿਤੈਸੀ ਫੈਸਲੇ ਲਏ ਗਏ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਅਤੇ ਪ੍ਰਸ਼ਾਸਕੀ ਸੁਧਾਰ ਬਾਰੇ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੰਗਰੂਰ ਵੱਲੋਂ ਹੋਟਲ ਸਨਰਾਈਜ਼ ਧੂਰੀ ਰੋਡ ਵਿਖੇ ਹਾੜੀ ਦੀਆਂ ਫਸਲਾਂ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਲਗਾਏ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਰਾਜ ਅੰਦਰ ਹਾੜੀ ਦੀਆਂ ਫਸਲਾਂ ਲਈ ਲੋੜੀਂਦੇ ਡੀ.ਏ.ਪੀ ਖਾਦ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ 22 ਰੈਕ ਡੀ.ਏ.ਪੀ ਖਾਦ ਦੇ ਮਨਜ਼ੂਰ ਹੋ ਗਏ ਹਨ, ਜਿਸਦੇ ਵਿੱਚੋਂ 3 ਰੈਕ ਜ਼ਿਲਾ ਸੰਗਰੂਰ ’ਚ ਜਲਦ ਪਹੰੁਚ ਜਾਣਗੇ। ਉਨਾਂ ਕਿਸਾਨ ਭਰਾਵਾਂ ਨੂੰ ਖੇਤੀ ਮਾਹਿਰਾਂ ਦੁਆਰਾ ਦੱਸੀਆਂ ਸਿਫਾਰਸ਼ਾਂ ਉਪਰ ਅਮਲ ਕਰਨ ਲਈ ਕਿਹਾ ਅਤੇ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਜਿਵੇਂ ਮਧੂ ਮੱਖੀ ਪਾਲਣ, ਪਸ਼ੂ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਡੇਅਰੀ, ਬਾਗਬਾਨੀ ਅਤੇ ਫੁੱਲਾਂ ਦੀ ਕਾਸ਼ਤ ਆਦਿ ਅਪਣਾਉਣ ਦੀ ਅਪੀਲ ਕੀਤੀ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਖਰੀਦ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਫਸਲ ਵੇਚਣ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਖੇਤੀਬਾੜੀ ਦੇ ਕਾਰੋਬਾਰ ਨਾਲ ਜੁੜੇ ਨੌਜਵਾਨ ਵਰਗ ਨੂੰ ਆਧੁਨਿਕ ਤਕਨੋਲਜੀ ਨਾਲ ਜੁੜ ਕੇ ਹੋਰਨਾ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਹਾ। ਉਨਾਂ ਕਿਹਾ ਕਿ ਦੇਸ਼ ਅਤੇ ਸੂਬੇ ਦੀ ਮਜ਼ਬੂਤੀ ਲਈ ਕਿਸਾਨਾਂ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ। ਉਨਾਂ ਕਿਸਾਨਾਂ ਨੂੰ ਦੇਸ਼ ਦਾ ਪੇਟ ਭਰਨ ਵਾਲਾ ਅੰਨਦਾਤਾ ਕਹਿ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ’ਤੇ ਥੋਪੇ ਜਾ ਰਹੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ।
ਇਸ ਤੋਂ ਪਹਿਲਾ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕੈਂਪ ਦੋਰਾਨ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਨਿਰੀਖਣ ਕੀਤਾ। ਉਨਾਂ ਆਪਣੇ ਨਿਰੀਖਣ ਦੌਰਾਨ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਰਾਜ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਆਦੇਸ਼ ਦਿੱਤੇ।
ਕੈਂਪ ਦੌਰਾਨ ਡਾ. ਬਲਦੇਵ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਦੱਸਿਆ ਕਿ ਹਾੜੀ 2021-22 ਲਈ ਖਾਦਾਂ, ਬੀਜਾਂ ਅਤੇ ਕੀੜੇਮਾਰ ਦਵਾਈਆਂ ਦੇ ਸਰਕਾਰ ਵਲੋਂ ਪੁਖਤਾ ਪ੍ਰਬੰਧ ਕੀਤੇੇ ਗਏ ਹਨ ਅਤੇ ਬਿਜਾਈ ਸਮੇਂ ਕਿਸੇ ਵੀ ਖੇਤੀ ਇਨਪੁਟਸ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਡਾ. ਜਸਵਿੰਦਰਪਾਲ ਸਿਘ ਗਰੇਵਾਲ, ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਨੇ ਖੇਤੀਬਾੜੀ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਇਨ-ਸੀਟੂ ਸਕੀਮ ਅਧੀਨ ਜਿਨਾ ਕਿਸਾਨਾਂ/ਕਸਟਮ ਹਾਇੰਰਿੰਗ ਸੈਟਰਾਂ ਵੱਲੋਂ ਮਸ਼ੀਨਰੀ ਲਈ ਅਪਲਾਈ ਕੀਤਾ ਸੀ, ਉਨਾਂ ਨੂੰ ਪੋਰਟਲ ਰਾਹੀਂ ਮਸੀਨਰੀ ਦੀ ਸੈਕਸਨ ਕੀਤੀ ਜਾ ਰਹੀਂ ਹੈ। ਇਸ ਸਬੰਧੀ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਪਲਾਈ ਕੀਤੀ ਖੇਤੀ ਮਸੀਨਰੀ ਜਲਦੀ ਤੋ ਜਲਦੀ ਖਰੀਦਕੇ ਮਸੀਨਰੀ ਦੀ ਵੈਰੀਫਿਕੇਸਨ ਕਰਵਾਉਣ ਤਾਂ ਜ਼ੋ ਆਉਦੇ ਸੀਜਨ ਤੋ ਪਹਿਲਾਂ-2 ਪਰਾਲੀ ਦੇ ਯੌਗ ਪ੍ਰਬੰਧਨ ਸਬੰਧੀ ਤਿਆਰੀ ਮੁਕੰਮਲ ਹੋ ਸਕੇ।
ਇਸ ਕਿਸਾਨ ਮੇਲੇ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਜਿਲੇ ਦੇ ਵੱਖ ਸੈਲਫ ਹੈਲਪ ਗਰੁੱਪਾਂ ਵਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ । ਇਸ ਤੋ ਇਲਾਵਾ ਜਿਲੇ ਦੇ 28 ਅਗਾਹਵਧੂ ਕਿਸਾਨਾਂ ਨੂੰ ਜਿਨਾਂ ਨੇ ਫਸਲਾਂ ਦੀ ਰਹਿੰਦ ਖੂੰਹਦ ਅਤੇ ਨਾੜ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਸੀ, ਨੂੰ ਵਿਸੇਸ ਤੋਰ ਤੇ ਮੁੱਖ ਮਹਿਮਾਨ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਡਾ: ਅਮਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ(ਇਨਫੋ) ਵਲੋਂ ਸਟੇਜ਼ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ ਅਤੇ ਕੈਂਪ ਵਿੱਚਂ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਪ੍ਰਸ਼ਨਾਂ ਦੇ ਢੁਕਵੇਂ ਜਵਾਬ ਮੌਕੇ ਤੇ ਦਿੱਤੇ ਗਏ।