ਪ੍ਰੀਤ ਕਲੇਰ ਨੇ ਕਿਹਾ ਸੀ ਵਿਧਾਇਕ ਨੂੰ ਕੈਂਸਰ ਦਾ ਮਰੀਜ਼
ਹਰਿੰਦਰ ਨਿੱਕਾ ਬਰਨਾਲਾ 16 ਅਪ੍ਰੈਲ 2020
ਭਦੌੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਚੁੱਕੇ ਵਿਧਾਇਕ ਪਿਰਮਲ ਸਿੰਘ ਧੌਲਾ ਨੂੰ ਕੈਂਸਰ ਦਾ ਮਰੀਜ਼ ਕਹਿ ਕੇ ਫੇਸਬੁੱਕ ਤੇ ਝੂਠੀ ਪੋਸਟ ਪਾਉਣ ਵਾਲੇ ਵਿਅਕਤੀ ਤੇ ਪੁਲਿਸ ਨੇ ਵਿਧਾਇਕ ਧੌਲਾ ਦੀ ਸ਼ਿਕਾਇਤ ਤੇ ਕੇਸ ਦਰਜ਼ ਕੀਤਾ ਹੈ। ਪਰ ਹਾਲੇ ਦੋਸ਼ੀ ਦੀ ਗਿਰਫਤਾਰੀ ਨਹੀਂ ਹੋਈ। ਵਿਧਾਇਕ ਪਿਰਮਲ ਸਿੰਘ ਧੌਲਾ ਨੇ 7 ਅਪ੍ਰੈਲ ਨੂੰ ਪੁਲਿਸ ਨੂੰ ਦੁਰਖਾਸਤ ਦੇ ਕੇ ਕਿਹਾ ਸੀ ਕਿ ਪ੍ਰੀਤ ਕਲੇਰ ਨਾਮ ਦੇ ਫੇਸਬੁੱਕ ਪੇਜ਼ ਤੇ 27 ਮਾਰਚ ਨੂੰ ਉਸ ਨੂੰ ਕੈਂਸਰ ਦਾ ਮਰੀਜ਼ ਦੱਸ ਕੇ ਅਤੇ ਬੀਕਾਨੇਰ ਇਲਾਜ਼ ਲਈ ਦਾਖਿਲ ਹੋਣ ਸਬੰਧੀ ਲੋਕਾਂ ਚ, ਝੂਠੀ ਪੋਸਟ ਪਾਈ ਗਈ ਸੀ। ਅਜਿਹਾ ਕਰਕੇ ਨਾਮਜ਼ਦ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਕਲੇਰ ਪੁੱਤਰ ਹਰਵਿੰਦਰ ਸਿੰਘ ਵਾਸੀ ਵਾਰਡ ਨੰਬਰ 13 ਖੱਟਰ ਪੱਤੀ, ਤਪਾ ਨੇ , ਮੁਦਈ ਦੇ ਅਕਸ ਨੂੰ ਖਰਾਬ ਕੀਤਾ ਹੈ, ਇਸ ਨਾਲ ਵਿਧਾਇਕ ਦੇ ਮਾਣ ਦੀ ਹਾਨੀ ਵੀ ਹੋਈ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਪ੍ਰੀਤ ਕਲੇਰ ਦੇ ਖਿਲਾਫ ਥਾਣਾ ਰੂੜੇਕੇ ਕਲਾਂ ਚ, ਅਧੀਨ ਜ਼ੁਰਮ 505 ਆਈ.ਪੀ.ਸੀ. ਦੇ ਤਹਿਤ ਕੇਸ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
-ਕੀ ਹੁੰਦੀ ਐ ਧਾਰਾ 505
ਭਾਰਤੀ ਦੰਡ ਸੰਘਤਾ ਦੇ ਅਨੁਸਾਰ ਜੇਕਰ ਕੋਈ ਵਿਅਕਤੀ, ਕਿਸੇ ਦੇ ਵਿਰੁੱਧ ਕੋਈ ਅਫਵਾਹ , ਕੋਈ ਬਿਆਨ ਪਬਲਿਸ਼ ਕਰੇ ਜਾਂ ਵੰਡਦਾ ਹੈ ਤਾਂ ਉਸ ਵਿਅਕਤੀ ਨੂੰ 3 ਸਾਲ ਤੱਕ ਦੀ ਸਜ਼ਾ ਜਾਂ ਜਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ। ਇਹ ਜੁਰਮ ਗੈਰ ਜਮਾਨਤੀ ਹੈ।