ਕ੍ਰਿਸ਼ਨ ਕੁਮਾਰ ਨੇ ਪਟਿਆਲਾ ਦੀਆਂ ਦਰਜਨ ਦੇ ਕਰੀਬ ਅਨਾਜ ਮੰਡੀਆਂ ਦਾ ਦੌਰਾ ਕੀਤਾ
ਲਿਫਟਿੰਗ, ਝੋਨੇ ਦੀ ਨਮੀ ਬਾਰੇ ਹਦਾਇਤਾਂ ਦਾ ਪਾਲਣ ਕਰਨ ਬਾਰੇ ਦਿੱਤੇ ਅਧਿਕਾਰੀਆਂ ਨੂੰ ਨਿਰਦੇਸ਼
ਬਲਵਿੰਦਰਪਾਲ , ਰਾਜਪੁਰਾ, 9 ਅਕਤੂਬਰ 2021
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਲਾਗੂ ਸਕੀਮਾਂ ਅਤੇ ਚੱਲ ਰਹੀਆਂ ਕਿਰਿਆਵਾਂ ਦੀ ਮੋਨੀਟਰਿੰਗ ਕਰਨ ਲਈ ਨਿਯੁਕਤ ਕੀਤੇ ਗਏ ਅਧਿਕਾਰੀਆਂ ਨੇ ਆਪਣਾ ਕੰਮ ਬਾਖੂਬੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹਾ ਪਟਿਆਲਾ ਦੇ ਲਈ ਨਿਯੁਕਤ ਅਧਿਕਾਰੀ ਕ੍ਰਿਸ਼ਨ ਕੁਮਾਰ ਆਈ ਏ ਐੱਸ ਨੇ ਸ਼ਨੀਵਾਰ ਨੂੰ ਦਰਜ਼ਨ ਦੇ ਕਰੀਬ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਮੰਡੀਆਂ ਵਿੱਚ ਝੋਨੇ ਦੀ ਆਮਦ ਅਤੇ ਇਸਦੀ ਲਿਫਟਿੰਗ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਪਾਲਣ ਲਈ ਮੰਡੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਕ੍ਰਿਸ਼ਨ ਕੁਮਾਰ ਨੇ ਮੰਡੀਆਂ ਵਿੱਚ ਝੋਨੇ ਦੇ ਵਿਚਲੀ ਨਮੀ ਨੂੰ ਚੈੱਕ ਕੀਤਾ। ਕ੍ਰਿਸ਼ਨ ਕੁਮਾਰ ਨੇ ਮੰਡੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਅਦਾਇਗੀ ਅਤੇ ਇਸ ਨਾਲ ਸੰਬੰਧਿਤ ਹੋਰ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਪੇਸ਼ ਆਵੇ। ਇਸ ਮੌਕੇ ਉਹਨਾਂ ਮੰਡੀਆਂ ਵਿੱਚ ਮੌਜੂਦ ਕਿਸਾਨਾਂ ਨਾਲ ਵੀ ਗੱਲ ਕੀਤੀ।
ਉਹਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੰਜਾਬ ਤੋਂ ਬਾਹਰ ਦੇ ਰਾਜਾਂ ਤੋਂ ਆਏ ਝੋਨੇ ਦੀ ਖਰੀਦ ਨਾ ਕੀਤੀ ਜਾਵੇ। ਅਜਿਹਾ ਮਾਮਲਾ ਸਾਹਮਣੇ ਆਉਣ ਤੇ ਸੰਬੰਧਿਤ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਰਿਪੋਰਟ ਤੁਰੰਤ ਸਰਕਾਰ ਨੂੰ ਭੇਜੀ ਜਾਵੇ। ਇਸ ਦੌਰਾਨ ਕ੍ਰਿਸ਼ਨ ਕੁਮਾਰ ਨੇ ਘਨੌਰ, ਸਮਾਣਾ, ਡਕਾਲਾ, ਪਟਿਆਲਾ ਅਤੇ ਹੋਰ ਮੰਡੀਆਂ ਵਿੱਚ ਪਈਆਂ ਝੋਨੇ ਦੀਆਂ ਢੇਰੀਆਂ ਦੇਖੀਆਂ ਅਤੇ ਨਮੀ ਦੇ ਪੱਧਰ ਨੂੰ ਮੌਕੇ ‘ਤੇ ਜਾਂਚਿਆ-ਪਰਖਿਆ। ਮੌਕੇ ‘ਤੇ ਮੌਜੂਦ ਜ਼ਿਮੀਦਾਰਾਂ ਨੇ ਸਰਕਾਰੀ ਖਰੀਦ ਪ੍ਰਕਿਰਿਆ ‘ਤੇ ਤਸੱਲੀ ਪ੍ਰਗਟਾਈ।
ਇਸ ਮੌਕੇ ਮਨਪ੍ਰੀਤ ਬਰਾੜ ਫੂਡ ਸਪਲਾਈ ਇੰਸਪੈਕਟਰ ਰਾਜਪੁਰਾ, ਜੁਝਾਰ ਸਿੰਘ ਆਕਸ਼ਨ ਰਿਕਾਰਡਰ ਮਾਰਕਿਟ ਕਮੇਟੀ ਰਾਜਪੁਰਾ, ਜੈ ਪ੍ਰੀਤ ਸਿੰਘ ਜ਼ਿਮੀਂਦਾਰ ਪਿਲਖਣੀ, ਮਨਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਕਿਸਾਨ ਅਤੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ।