ਮਿਲ-ਜੁਲ ਕੇ ਸਰਕਾਰੀ ਖਜ਼ਾਨੇ ਨੂੰ ਸਹਾਇਕ ਜਿਲ੍ਹਾ ਮਾਈਨਿੰਗ ਅਫਸਰ , ਜੇ.ਈ ਟਾਂਗਰੀ ਦਫਤਰ ਤੇ ਕੰਟਰੈਕਟਰ ਨੇ ਲਾਇਆ ਰਗੜਾ
ਹਰਿੰਦਰ ਨਿੱਕਾ , ਪਟਿਆਲਾ 9 ਅਕਤੂਬਰ 2021
”ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ, ਫਿਰ ਖੇਤ ਨੂੰ ਭਲਾਂ ਕੌਣ ਬਚਾਏ ” ਦੀ ਕਹਾਵਤ ਪਟਿਆਲਾ ਜਿਲ੍ਹੇ ਦੇ ਦੋ ਮਾਈਨਿੰਗ ਅਧਿਕਾਰੀਆਂ ਤੇ ਐਨ ਫਿੱਟ ਬੈਠਦੀ ਹੈ। ਥਾਣਾ ਪਸਿਆਣਾ ਵਿਖੇ ਪੁਲਿਸ ਨੇ ਨਜਾਇਜ਼ ਮਾਈਨਿੰਗ ਦੇ ਦੋਸ਼ ਵਿੱਚ ਸਰਕਾਰੀ ਖਜ਼ਾਨੇ ਨੂੰ ਰਗੜਾ ਲਾਉਣ ਵਾਲੇ ਸਹਾਇਕ ਜਿਲ੍ਹਾ ਮਾਈਨਿੰਗ ਅਫਸਰ ਅਤੇ ਟਾਂਗਰੀ ਦਫਤਰ ਦੇ ਜੇ.ਈ. ਫਰਮ ਦੇ ਕੰਟਰੈਕਟਰ ਅਤੇ ਜਮੀਨ ਮਾਲਿਕ ਦੇ ਵਿਰੁੱਧ ਐਫ.ਆਈ.ਆਰ. ਦਰਜ਼ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਪਟਿਆਲਾ ਦੇ ਐਸ.ਆਈ ਪਵਿੱਤਰ ਸਿੰਘ ਵੱਲੋਂ ਦਰਜ਼ ਐਫ.ਆਈ.ਆਰ .ਵਿੱਚ ਲਿਖਵਾਇਆ ਗਿਆ ਹੈ ਕਿ ਉਨਾਂ ਨੂੰ ਮਸੂਲ ਹੋਈ ਸ਼ਕਾਇਤ ਅਨੁਸਾਰ ਪਿੰਡ ਖੇੜੀ ਮੁਸਲਮਾਨੀਆਂ ਵਿੱਚ ਨਜਾਇਜ ਮਾਇਨਿੰਗ ਹੋ ਰਹੀ ਹੈ, ਜੋ ਪੜਤਾਲ ਤੋਂ ਪਾਇਆ ਗਿਆ ਕਿ ਮਿਤੀ 20/5/21 ਨੂੰ ਪਿੰਡ ਧਬਲਾਨ ਦੇ ਨੇੜੇ ਸੁਖਵਿੰਦਰ ਸਿੰਘ ਦੀ ਜਮੀਨ ਵਿੱਚ ਮਿੱਟੀ ਦੀ ਖੁਦਾਈ ਹੋ ਰਹੀ ਸੀ। ਪੜਤਾਲੀਆ ਰਿਪੋਰਟ ਅਨੁਸਾਰ ਮਾਈਨਿੰਗ ਵਿਭਾਗ ਵੱਲੋਂ 1 ਮੀਟਰ ਖੁਦਾਈ ਦੀ ਮੰਨਜੂਰੀ ਮਿਲੀ ਹੋਈ ਸੀ। ਪਰੰਤੂ ਮੌਕਾ ਪਰ 1.74 ਮੀਟਰ ਅੋਸਤਾਨ ਮਿੱਟੀ ਦੀ ਖੁਦਾਈ ਦਾ ਹੋਣਾ ਪਾਇਆ ਗਿਆ। ਪੜਤਾਲ ਰਿਪੋਰਟ ਵਿੱਚ ਇਹ ਤੱਥ ਵੀ ਉੱਭਰ ਕੇ ਸਾਹਮਣੇ ਆਇਆ ਕਿ ਮਾਈਨਿੰਗ ਕਰਨ ਸਮੇਂ ਟਰਾਸਪੋਰਟ ਸਬੰਧੀ ਵੀ ਕੋਈ ਵੇਰਵਾ ਨਹੀ ਮਿਲਿਆ । ਹੋ ਰਹੀ ਨਜਾਇਜ਼ ਮਾਈਨਿੰਗ ਦੇ ਉਕਤ ਇਲਾਕੇ ਦਾ ਚਾਰਜ ਸ੍ਰੀ ਨਿਸ਼ਾਤ ਗਰਗ ,ਉਪ ਮੰਡਲ ਅਫਸਰ ਕਮ ਸਹਾਇਕ ਜਿਲ੍ਹਾ ਮਾਇੰਨਿੰਗ ਅਫਸਰ ਪਾਸ ਹੈ ਅਤੇ ਠੇਕੇਦਾਰ ਨਰੇਸ਼ ਕੁਮਾਰ ਮਿੱਟੀ ਚੁੱਕ ਰਿਹਾ ਸੀ ।
ਆਖਿਰ ਬੋਲ ਪਏ ਫਾਇਲਾਂ ਵਿੱਚ ਦਬੇ ਦਸਤਾਵੇਜ਼
ਮਾਈਨਿੰਗ ਵਿਭਾਗ ਦੀਆਂ ਫਾਇਲਾਂ ਫਰੋਲਣ ਤੋਂ ਸਾਹਮਣੇ ਆਇਆ ਕਿ ਜਮੀਨ ਦੇ ਮਾਲਕ ਨੂੰ ਠੇਕੇਦਾਰ ਨੇ 5 ਲੱਖ 80 ਹਜ਼ਾਰ ਰੁਪਏ ਦਿੱਤੇ ਗਏ ਸਨ । ਨਜਾਇਜ ਮਾਈਨਿੰਗ ਵਾਲੇ ਇਸ ਇਲਾਕੇ ਦਾ ਜੇ. ਈ ਮਾਇਨਿੰਗ ਇੰਸਪੈਕਟਰ ਕੰਵਲਜੀਤ ਸਿੰਘ ਹੈ। ਰਿਕਾਰਡ ਵਾਚਣ ਤੇ ਇਹ ਸਾਹਮਣੇ ਆਇਆ ਕਿ ਜੋ ਫਰਮ ਵੱਲੋ ਮਹਿਕਮਾ ਮਾਇਨਿੰਗ ਨੂੰ 5 ਲੱਖ 18 ਹਜ਼ਾਰ 145 ਰੁਪਏ ਦੀ ਫੀਸ ਅਦਾ ਕੀਤੀ ਗਈ ਸੀ। ਪਰੰਤੂ ਇਸ ਸਬੰਧੀ ਕੋਈ ਵੀ ਰਸੀਦ ਮਾਈਨਿੰਗ ਵਿਭਾਗ ਦੇ ਰਿਕਾਰਡ ਵਿੱਚੋਂ ਨਹੀ ਮਿਲੀ। ਸ਼ਕਾਇਤ ਦੇ ਪੜਤਾਲੀਆ ਅਫਸਰ ਐਸ.ਆਈ. ਪਵਿੱਤਰ ਸਿੰਘ ਵਿਜੀਲੈਂਸ ਬਿਊਰੋ ਪਟਿਆਲਾ ਅਨੁਸਾਰ ਦੋਸ਼ੀਆਨ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਪ੍ਰਵਾਨਗੀ ਤੋ ਵੱਧ ਮਿੱਟੀ ਨੂੰ ਪੁਟਾ ਕੇ ਸਰਕਾਰ ਨੂੰ ਵਿੱਤੀ ਨੁਕਸਾਨ ਪੁਹੰਚਾਇਆ ਹੈ। ਐਸ.ਐਚ.ਉ ਪਸਿਆਣਾ ਨੇ ਦੱਸਿਆ ਕਿ ਪੜਤਾਲੀਆ ਅਫਸਰ ਦੀ ਸ਼ਕਾਇਤ ਦੇ ਅਧਾਰ ਪਰ ਨਾਮਜ਼ਦ ਦੋਸ਼ੀ ਨਰੇਸ਼ ਕੁਮਾਰ (ਮਾਲਕ ਫਾਰਮ ਲੱਕੀ ਕੰਨਟਰੈਕਟਰ) ਵਾਸੀ ਮਕਾਨ ਨੰ. 8 ਗਲੀ ਨੰ. 5 ਨਿਊ ਫਰੈਡਜ ਸਾਹਮਣੇ ਫੇਸ -2 ਪਟਿਆਲਾ, ਨਿਸ਼ਾਤ ਗਰਗ (ਉਪ ਮੰਡਲ ਅਫਸਰ ਕਮ ਸਹਾਇਕ ਜਿਲਾ ਮਾਈਨਿੰਗ) ਵਾਸੀ ਪੰਚਕੁਲਾ, ਕੰਵਲਜੀਤ ਸਿੰਘ (ਜੇ.ਈ ਦਫਤਰ ਟਾਂਗਰੀ) ਵਾਸੀ ਮਕਾਨ ਨੰਬਰ 6 ਗਲੀ ਨੰ. 6 ਅਨੰਦ ਨਗਰ-ਬੀ ਪਟਿਆਲਾ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਜੱਸੋਵਾਲ ਦੇ ਖਿਲਾਫ ਅਧੀਨ ਜੁਰਮ Sec 21 Mines & Minerals Act 1957 ਦੇ ਤਹਿਤ ਕੇਸ ਦਰਜ਼ ਕਰਕੇ ਮਾਮਲੇ ਦੀ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।