ਲਖੀਮਪੁਰ-ਖੀਰੀ ਕਾਂਡ ਦੇ ਸ਼ਹੀਦਾਂ ਦੇ ਅੰਤਿਮ ਅਰਦਾਸ ਦਿਵਸ ਮੌਕੇ,12 ਅਕਤੂਬਰ ਨੂੰ ‘ਸ਼ਹੀਦ ਕਿਸਾਨ ਦਿਵਸ’ ਮਨਾਇਆ ਜਾਵੇਗਾ: ਕਿਸਾਨ ਆਗੂ
*ਲਖੀਮਪੁਰ-ਖੀਰੀ ਕਾਂਡ: 11 ਤਰੀਕ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਤੇ ਮੰਤਰੀ ਨੂੰ ਅਹੁਦੇ ਤੋਂ ਹਟਾਉ; ਵਰਨਾ 18 ਅਕਤੂਬਰ ਨੂੰ ‘ਆਲ ਇੰਡੀਆ ਰੇਲ ਰੋਕੋ ਦਿਵਸ’ ਮਨਾਇਆ ਜਾਵੇਗਾ।
ਪਰਦੀਪ ਕਸਬਾ ਬਰਨਾਲਾ: 9 ਅਕਤੂਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 374ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਅਗਲੇ ਦਿਨਾਂ ਦੌਰਾਨ ਲਾਗੂ ਕੀਤੇ ਜਾਣ ਸੱਦਿਆਂ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ 12 ਅਕਤੂਬਰ ਨੂੰ ਲਖੀਮਪੁਰ-ਖੀਰੀ ਦੇ ਸ਼ਹੀਦਾਂ ਦੀ ਅੰਤਿਮ ਅਰਦਾਸ ਦਿਵਸ ਨੂੰ ‘ ਸ਼ਹੀਦ ਕਿਸਾਨ ਦਿਵਸ’ ਵਜੋਂ ਮਨਾਇਆ ਜਾਵੇਗਾ।
ਮੁੱਖ ਸਮਾਗਮ ਤਿਕੋਨੀਆ ਲਖੀਮਪੁਰ-ਖੀਰੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਯੂ.ਪੀ ਤੇ ਸਾਰੇ ਭਾਰਤ ਦੇ ਕਿਸਾਨਾਂ ਨੂੰ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਸ ਦਿਨ ਸਾਰੇ ਧਰਨਾ ਵਾਲੀਆਂ ਥਾਵਾਂ ਅਤੇ ਸਾਰੇ ਧਰਮਾਂ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਪ੍ਰਾਰਥਨਾ ਸਭਾਵਾਂ ਆਯੋਜਿਤ ਕੀਤੀਆਂ ਜਾਣਗੀਆਂ।ਸ਼ਾਮ ਨੂੰ ਬਾਜ਼ਾਰਾਂ, ਸੱਥਾਂ, ਚੌਕਾਂ ਵਿੱਚ ਕੈਂਡਲ ਮਾਰਚ ਕੀਤੇ ਜਾਣਗੇ ਅਤੇ ਸ਼ਹੀਦਾਂ ਦੀ ਯਾਦ ‘ਚ ਘਰਾਂ ਅੱਗੇ ਪੰਜ ਪੰਜ ਮੋਮਬੱਤੀਆਂ ਜਲਾਈਆਂ ਜਾਣਗੀਆਂ।
ਬੁਲਾਰਿਆਂ ਨੇ ਅੱਗੇ ਦੱਸਿਆ ਕਿ ਜੇਕਰ 11 ਅਕਤੂਬਰ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਉਸ ਦੇ ਅਹੁਦੇ ਤੋਂ ਨਾ ਹਟਾਇਆ ਗਿਆ ਤਾਂ 18 ਅਕਤੂਬਰ ਨੂੰ ‘ਆਲ ਇੰਡੀਆ ਰੇਲ ਰੋਕੋ ਦਿਵਸ ‘ ਮਨਾਇਆ ਜਾਵੇਗਾ ਅਤੇ ਉਸ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਸਬੂਤ ਮਿਟਾਉਣ ਦਾ ਮੌਕਾ ਨਾ ਦਿੱਤਾ ਜਾਵੇ ਅਤੇ ਤੁਰੰਤ ਕਾਨੂੰਨ ਕਾਰਵਾਈ ਕਰਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਰਣਧੀਰ ਸਿੰਘ ਰਾਜਗੜ੍ਹ, ਬਾਬੂ ਸਿੰਘ ਖੁੱਡੀ ਕਲਾਂ, ਗੁਰਬਖਸ਼ ਸਿੰਘ ਕੱਟੂ, ਬਲਵੀਰ ਕੌਰ ਕਰਮਗੜ੍ਹ, ਮੇਲਾ ਸਿੰਘ ਕੱਟੂ, ਮਨਜੀਤ ਰਾਜ, ਗੁਰਮੇਲ ਸ਼ਰਮਾ, ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਅੱਜਕਲ੍ਹ ਖੇਤੀ ਖੇਤਰ ਦੀ ਬਿਜਲੀ ਸਪਲਾਈ ‘ਚ ਬਹੁਤ ਲੰਬੇ ਕੱਟ ਲਾਏ ਜਾ ਰਹੇ ਹਨ। ਡੇਰਾ ਬਾਬਾ ਨਾਨਕ ਸਬ ਡਵੀਜ਼ਨ ਤੋਂ ਲੈਕੇ ਲਹਿਰਾ ਗਾਗਾ ਸਬ ਡਵੀਜ਼ਨ ਤੱਕ ਖੇਤੀਬਾੜੀ ਕੰਮ ਕਾਰ ਦੀ ਬਿਜਲੀ ਸਪਲਾਈ ‘ਚ ਭਾਰੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ। ਕਈ ਫੀਡਰਾਂ ‘ਤੇ ਸਿਰਫ 3-4 ਘੰਟੇ ਸਪਲਾਈ ਦਿੱਤੀ ਜਾ ਰਹੀ ਹੈ। ਸਬਜੀਆਂ ਤੇ ਚਾਰਾ ਫਸਲਾਂ ਲਈ ਵੀ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ। ਬੁਲਾਰਿਆਂ ਨੇ ਸਰਕਾਰ ਨੂੰ ਇਹ ਕਿੱਲਤ ਦੂਰ ਕਰਨ ਲਈ ਤੁਰੰਤ ਜਰੂਰੀ ਕਦਮ ਉਠਾਉਣ ਲਈ ਕਿਹਾ, ਵਰਨਾ ਉਹ ਬਿਜਲੀ ਦਫਤਰਾਂ ਦਾ ਘਿਰਾਉ ਕਰਨ ਲਈ ਮਜਬੂਰ ਹੋਣਗੇ।
ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲਾਇਆ ਧਰਨਾ ਆਪਣੇ 374 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਧਰਨੇ ਨੂੰ ਮੇਜਰ ਸਿੰਘ, ਮੱਘਰ ਸਿੰਘ, ਨਾਜਰ ਸਿੰਘ, ਦਲੀਪ ਸਿੰਘ, ਭੋਲਾ ਸਿੰਘ ਤੇ ਵਿੱਕੀ ਸਿੰਘ ਨੇ ਸੰਬੋਧਨ ਕੀਤਾ।
ਅੱਜ ਸਿਮਰਜੀਤ ਕੌਰ ਸੁਨਾਮ ਤੇ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥਿਆਂ ਨੇ ਕਵੀਸ਼ਰੀ ਗਾਇਣ ਕਰਕੇ ਪੰਡਾਲ ‘ਚ ਜੋਸ਼ ਭਰਿਆ। ਜਸ਼ਨਦੀਪ ਕੌਰ ਠੀਕਰੀਵਾਲਾ ਤੇ ਬਲਵੰਤ ਸਿੰਘ ਖੜਕ ਸਿੰਘ ਵਾਲਾ ਨੇ ਗੀਤ ਸੁਣਾਏ।