ਪਲਾਟਾਂ ਸਬੰਧੀ ਵਿਤਕਰੇਬਾਜ਼ੀ ਖਿਲਾਫ ਅੱਠ ਅਕਤੂਬਰ ਨੂੰ ਰੋਸ ਮਾਰਚ ਅਤੇ ਡੀ ਸੀ ਦਫਤਰ ਸੰਗਰੂਰ ਮੂਹਰੇ ਧਰਨਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ , 5 ਅਕਤੂਬਰ 2021
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿੰਡਾਂ ਵਿੱਚ ਪੰਚਾਇਤਾਂ ਦੁਆਰਾ ਪੰਜ-ਪੰਜ ਮਰਲੇ ਦੇ ਪਲਾਟਾਂ ਸਬੰਧੀ ਪਾਏ ਜਾ ਰਹੇ ਮਤਿਆਂ ਵਿਚ ਕੀਤੀ ਜਾ ਰਹੀ ਵਿਤਕਰੇਬਾਜ਼ੀ ਖ਼ਿਲਾਫ਼ ਅੱਠ ਅਕਤੂਬਰ ਨੂੰ ਸੰਗਰੂਰ ਸ਼ਹਿਰ ਵਿਚ ਰੋਸ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਮੂਹਰੇ ਧਰਨਾ ਲਗਾਇਆ ਜਾਵੇਗਾ ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਅਤੇ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ ਦੱਸਿਆ ਕਿ ਜੋ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਛਤਵਾਲ ਰਾਹੀਂ ਪੰਜ -ਪੰਜ ਮਰਲੇ ਪਲਾਟਾਂ ਨੂੰ ਬੇਘਰੇ /ਬੇਜ਼ਮੀਨੇ ਲੋਕਾਂ ਵਿੱਚ ਵੰਡਣ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਉਸ ਦੀ ਖੁਦ ਪਿੰਡ ਦੀਆਂ ਪੰਚਾਇਤਾਂ ਪਾਲਣਾ ਨਹੀਂ ਕਰ ਰਹੀਆਂ।
ਜਿਸ ਕਾਰਨ ਹੇਠਾਂ ਪਿੰਡਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਜੋ ਡਾਇਰੈਕਟਰ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਸ ਵਿੱਚ ਸਾਫ਼ ਤੇ ਸਪੱਸ਼ਟ ਹੈ ਕਿ ਜਿਹੜਾ ਵੀ ਵਿਆਹਿਆ ਜਾਂਦਾ ਹੈ ਉਹ ਪਰਿਵਾਰਕ ਤੌਰ ਤੇ ਵੱਖਰਾ ਯੂਨਿਟ ਬਣਦਾ ਹੈ, ਉਸ ਹਿਸਾਬ ਨਾਲ ਉਹ ਪੰਜ ਮਰਲੇ ਪਲਾਟ ਦਾ ਹੱਕਦਾਰ ਬਣਦਾ ਹੈ। ਪਰ ਇਸ ਤਰੀਕੇ ਨਾਲ ਪਿੰਡਾਂ ਵਿੱਚ ਲਿਸਟ ਨਹੀਂ ਬਣਾਈ ਜਾ ਰਹੀ ਅਤੇ ਨਾ ਹੀ ਫਾਰਮ ਭਰਵਾਏ ਜਾ ਰਹੇ ਹਨ।
ਆਗੂਆਂ ਨੇ ਅੱਗੇ ਕਿਹਾ ਕਿ ਜਿੱਥੇ ਬੇਘਰੇ ਬੇਜ਼ਮੀਨਿਆਂ ਨੂੰ ਪੰਜ ਪੰਜ ਮਰਲੇ ਪਲਾਟਾਂ ਦੀ ਲੋਡ਼ ਹੈ ਅਤੇ ਉਸ ਦੀ ਉਸਾਰੀ ਲਈ ਵੀ ਪੰਜ ਪੰਜ ਲੱਖ ਰੁਪਿਆ ਪ੍ਰਤੀ ਪਰਿਵਾਰ ਯੂਨਿਟ ਨੂੰ ਮਿਲਣਾ ਚਾਹੀਦਾ ਹੈ। ਪਿੰਡਾਂ ਵਿੱਚ ਹੋ ਰਹੀ ਵਿਤਕਰੇਬਾਜ਼ੀ ਅਤੇ ਵੱਜ ਰਹੇ ਹੱਕਾਂ ਤੇ ਡਾਕੇ ਖ਼ਿਲਾਫ਼ ਕੋਈ ਸੁਣਵਾਈ ਨਾ ਹੋਣ ਦੇ ਚਲਦਿਆਂ ਸੰਗਰੂਰ ਸ਼ਹਿਰ ਵਿਚ ਰੋਸ ਮਾਰਚ ਅਤੇ ਡੀਸੀ ਦਫ਼ਤਰ ਮੂਹਰੇ ਧਰਨਾ ਲਗਾ ਕੇ ਮੰਗ ਪੱਤਰ ਸੌਂਪਿਆ ਜਾਏਗਾ ।
ਆਗੂਆਂ ਨੇ ਅਖੀਰ ਤੇ ਕਿਹਾ ਕਿ ਪਿੰਡਾਂ ਵਿੱਚ ਅੱਠ ਅਕਤੂਬਰ ਦੇ ਸੰਗਰੂਰ ਸ਼ਹਿਰ ਚ ਰੋਸ ਮਾਰਚ ਅਤੇ ਡੀਸੀ ਦਫ਼ਤਰ ਮੂਹਰੇ ਲਗਾਏ ਜਾ ਰਹੇ ਧਰਨੇ ਸਬੰਧੀ ਜ਼ੋਰ ਸ਼ੋਰ ਨਾਲ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ ।