ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਦੀ 49ਵੀਂ ਬਰਸੀ ਮੌਕੇ ਵਿਦਿਆਰਥੀ ਇੱਕਤਰਤਾ
ਹਰਪ੍ਰੀਤ ਕੌਰ ਬਬਲੀ ਸੰਗਰੂਰ , 5 ਅਕਤੂਬਰ 2021
ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ 5 ਅਕਤੂਬਰ 1972 ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਦੀ 49ਵੀਂ ਬਰਸੀ ਮੌਕੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਵਿਦਿਆਰਥੀਆਂ ਦੀ ਇਕੱਤਰਤਾ ਕੀਤੀ ਗਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੀ ਐੱਸ ਯੂ ਸ਼ਹੀਦ ਰੰਧਾਵਾ ਦੇ ਆਗੂ ਕੋਮਲ ਖਨੌਰੀ ਅਤੇ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਪੰਜ ਅਕਤੂਬਰ 1972 ਨੂੰ ਮੋਗੇ ਵਿਖੇ ਸਥਿਤ ਰੀਗਲ ਸਿਨੇਮਾ ਵਿੱਚ ਹੁੰਦੀ ਟਿਕਟਾਂ ਦੀ ਬਲੈਕ, ਕੁੜੀਆਂ ਨਾਲ ਛੇੜਖਾਨੀ ਅਤੇ ਲੋਕਾਂ ‘ਤੇ ਹੁੰਦੇ ਜਬਰ ਦੇ ਖਿਲਾਫ ਵਿਦਿਆਰਥੀ ਮੁਜ਼ਾਹਰਾ ਕਰ ਰਹੇ ਸੀ ਪਰ ਵੇਲੇ ਦੀ ਹਕੂਮਤ ਵੱਲੋਂ ਵਿਦਿਆਰਥੀਆਂ ਤੇ ਸਿੱਧੀਆਂ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ।
ਇਸ ਕਤਲੇਆਮ ਵਿਚ ਦੋ ਵਿਦਿਆਰਥੀਆਂ ਸਮੇਤ ਹੋਰ ਲੋਕ ਵੀ ਸ਼ਹੀਦ ਹੋਏ। ਉਹਨਾਂ ਕਿਹਾ ਇਸ ਕਾਂਡ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਦਹਾਕਾ ਭਰ ਪੰਜਾਬ ਦੀ ਧਰਤੀ ਦੀ ਫਿਜ਼ਾ ਦਾ ਰੰਗ ਬਦਲਿਆਂ ਤੇ ਲੋਕਾਂ ਨੂੰ ਵਿਦਿਆਰਥੀਆਂ ਨੇ ਜਬਰ ਦਾ ਮੁਕਾਬਲਾ ਕਰਨ ਲਈ ਅਗਵਾਈ ਕੀਤੀ। ਉਹਨਾਂ ਕਿਹਾ ਕਿ ਅੱਜ ਵੀ ਸਮੇਂ ਸਮੇਂ ਉਤੇ ਹਕੂਮਤਾਂ ਵੱਲੋਂ ਵਿਦਿਆਰਥੀ ਲਹਿਰ ਨੂੰ ਦਬਾਉਣ ਲਈ ਵਿਦਿਆਰਥੀਆਂ ‘ਤੇ ਝੂਠੇ ਪਰਚੇ ਪਾਏ ਜਾ ਰਹੇ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ। ਉਹਨਾਂ ਕਿਹਾ ਸੱਤਰਵਿਆਂ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਤੋਂ ਪ੍ਰੇਰਨਾ ਲੈ ਕੇ ਵਿਦਿਆਰਥੀ ਮੰਗਾਂ ਤੇ ਪਹਿਰਾ ਦੇਣਾ ਚਾਹੀਦਾ ਹੈ।
ਇਸ ਮੌਕੇ ਵਿਦਿਆਰਥੀ ਆਗੂਆਂ ਨੇ ਮੰਗ ਕੀਤੀ ਕਿ ਲਖਮੀਪੁਰ ਵਿਚ ਕਿਸਾਨਾਂ ਨੂੰ ਸ਼ਹੀਦ ਅਤੇ ਜ਼ਖ਼ਮੀ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।