ਸ੍ਰੋਮਣੀ ਅਕਾਲੀ ਦਲ ਸੰੰਯੁਕਤ ਦੀ ਸਪੋਕਸਪਰਸਨ ਨੇ ਅਹੁਦਾ ਸੰਭਾਲਦਿਆਂ ਲਾਏ ਕਾਂਗਰਸ ਤੇ ਅਕਾਲੀਆਂ ਨੂੰ ਰਗੜੇ
ਹਰਿੰਦਰ ਨਿੱਕਾ , ਪਟਿਆਲਾ 29 ਸਤੰਬਰ 2021
ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣਾ ਵਜੂਦ ਖੋ ਚੁੱਕੀ ਐ, ਇਸ ਲਈ ਹੀ ਡੁੱਬ ਰਹੀ ਕਾਂਗਰਸੀ ਕਿਸ਼ਤੀ ਵਿੱਚੋਂ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਰਜੀਆ ਸੁਲਤਾਨਾ ਅਤੇ ਕੁੱਝ ਹੋਰ ਵੱਡੇ ਲੀਡਰ ਛਾਲਾਂ ਮਾਰਨ ਲੱਗ ਪਏ ਹਨ। ਇਹ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਡੀਜੀਪੀ ਲਲਿਤ ਭਾਟੀਆ ਦੀ ਪਤਨੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਨਵਨਿਯੁਕਤ ਸਪੋਕਸਪਰਸਨ ਸਵਰਾਜ ਕੌਰ ਘੁੰਮਣ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਆਪਣਾ ਅਹੁਦਾ ਸੰਭਾਲਦਿਆਂ ਹੀ ਸ੍ਰੀਮਤੀ ਘੁੰਮਣ ਨੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਰਗੜੇ ਲਾਉਣੇ ਸ਼ੁਰੂ ਕਰ ਦਿੱਤੇ। ਉਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਵੱਲ ਵੱਧ ਰਹੀ ਹੈ। ਕਰੀਬ ਸਾਢੇ ਚਾਰ ਸਾਲ ਦੌਰਾਨ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਜਦੋਂ ਕਾਂਗਰਸ ਪਾਰਟੀ ਨੇ ਆਪਣੇ ਸਰਵੇ ਕਰਵਾਏ ਤਾਂ ਉਨਾਂ ਨੂੰ ਚਿੱਟੇ ਦਿਨ ਵਾਂਗ ਸਾਫ ਹੋਗਿਆ ਕਿ ਕਾਂਗਰਸ ਸਰਕਾਰ ਤੋਂ ਪੰਜਾਬ ਦੇ ਲੋਕ ਅੱਕ ਚੁੱਕੇ ਹਨ। ਤਤਕਾਲੀ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਜੀਰੋ ਸਾਹਮਣੇ ਆਈ। ਜਿਸ ਤੇ ਕਾਂਗਰਸ ਦੇ ਵੱਡੇ ਆਗੂਆਂ ਤੇ ਮੰਤਰੀਆਂ ਨੇ ਉਂਗਲੀਆਂ ਉਠਾਉਣੀਆਂ ਸ਼ੁਰੂ ਕਰ ਦਿੱਤੀ ਤਾਂ ਕਾਂਗਰਸ ਪਾਰਟੀ ਨੇ ਨਵਾਂ ਲੇਬਲ ਲਗਾ ਕੇ ਪੁਰਾਣੀ ਸ਼ਰਾਬ ਹੀ ਲੋਕਾਂ ਮੂਹਰੇ ਪੇਸ਼ ਕਰਕੇ ਜਨਤਾ ਨੂੰ ਇੱਕ ਵਾਰ ਫਿਰ ਪਹਿਲਾਂ ਦੀ ਤਰਾਂ ਹੀ ਗੁੰਮਰਾਹ ਕਰਨ ਦਾ ਰਾਹ ਮੁੱਖ ਮੰਤਰੀ ਬਦਲ ਕੇ ਪੱਧਰਾ ਕਰ ਲਿਆ। ਘੁੰਮਣ ਨੇ ਕਿਹਾ ਕਿ ਵੱਡੇ ਵੱਡੇ ਦਮਗੱਜੇ ਮਾਰਨ ਵਾਲਾ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੱਧੂ ਵੀ ਆਪਣੀ ਹਫਤਾ ਪਹਿਲਾਂ ਬਣਾਈ ਸਰਕਾਰ ਦੀ ਕਾਰਜ਼ਸ਼ੈਲੀ ਤੋਂ ਦੁਖੀ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਪੂਰੀ ਤਾਂ ਸਾਫ ਹੋ ਗਿਆ ਕਿ ਹੁਣ ਕਾਂਗਰਸ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ ਅਤੇ ਕਾਂਗਰਸ ਪਾਰਟੀ ਦਾ ਵਜੂਦ ਖਤਮ ਹੋਣ ਦੇ ਕਿਨਾਰੇ ਹੈ। ਸਵਰਾਜ ਘੁੰਮਣ ਨੇ ਅਕਾਲੀ ਦਲ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਲੋਕ ਖਾਸ ਤੌਰ ਤੇ ਸਿੱਖ ਭਾਈਚਾਰੇ ਵਿੱਚ ਅਕਾਲੀ ਦਲ ਦੇ ਖਿਲਾਫ ਨਫਰਤ ਭਰੀ ਹੋਈ । ਉਨਾਂ ਕਿਹਾ ਕਿ ਗਲੀਆਂ ਵਿੱਚ ਖਿਲਾਰੇ ਪਾਵਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਹਾਲੇ ਵੀ ਲੋਕਾਂ ਦੇ ਅੱਖਾਂ ਸਾਹਮਣੇ ਦਿਨ ਰਾਤ ਰਹਿੰਦੇ ਹਨ। ਸ੍ਰੀ ਗੁਰੂ ਗਰੰਥ ਸਾਹਿਬ ਜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਵਾਪਰੀਆਂ ਘਟਨਾਵਾਂ ਕਾਰਣ ਲੋਕਾਂ ਦੇ ਹਿਰਦੇ ਵਲੰਧਰੇ ਹੋਏ ਹਨ, ਇਨਾਂ ਘਟਨਾਵਾਂ ਦੇ ਲਈ ਕਥਿਤ ਤੌਰ ਤੇ ਜਿੰਮੇਵਾਰ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਲੋਕਾਂ ਹਾਲੇ ਵੀ ਪਹਿਲਾਂ ਦੀ ਤਰਾਂ ਘ੍ਰਿਣਾ ਦੀ ਨਜ਼ਰ ਨਾਲ ਵੇਖਦੇ ਹਨ। ਉਨਾਂ ਇਹ ਵੀ ਕਿਹਾ ਕਿ ਅਕਾਲੀਆਂ ਦਾ ਰੋਲ ਕਿਸਾਨ ਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਉੱਤੇ ਵੀ ਦੋਗਲਾ ਲੋਕਾਂ ਦੇ ਅੱਖੀਂ ਦੇਖਿਆ ਹੈ। ਪਹਿਲਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਕੇਂਦਰੀ ਕੈਬਨਿਟ ਵਿੱਚ ਮੰਜੂਰੀ ਦੇਣ ਸਮੇਂ ਬਾਦਲਾਂ ਦੀ ਨੂੰਹ ਹਰਸਮਿਰਤ ਕੌਰ ਬਾਦਲ ਨੇ ਆਪਣੇ ਦਸਤਖਤ ਕੀਤੇ। ਪੂਰੇ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਮਿਰਤ ਬਾਦਲ ਕਾਲੇ ਕਾਨੂੰਨਾਂ ਦੇ ਕਿਸਾਨਾਂ ਦੇ ਹਿੱਤ ਵਿੱਚ ਹੋਣ ਦੀ ਲੰਬਾ ਸਮਾਂ ਵਕਾਲਤ ਕਰਦੇ ਰਹੇ। ਜਦੋਂ ਪੰਜਾਬ ਸਮੇਤ ਦੇਸ਼ ਭਰ ਵਿੱਚ ਕਿਸਾਨਾਂ ਦਾ ਰੋਹ ਅਕਾਲੀ ਦਲ ਪ੍ਰਤੀ ਵਧਿਆ ਤਾਂ ਫਿਰ ਲੋਕ ਰੋਹ ਤੋਂ ਬਚਣ ਲਈ ਹਰਸਿਮਰਤ ਬਾਦਲ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਕਿਸਾਨਾਂ ਲਈ ਰਾਜਸੀ ਸ਼ਹਾਦਤ ਦੇਣ ਦਾ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਪਰੰਤੂ ਲੋਕ ਹੁਣ ਭੋਲੇ ਨਹੀਂ, ਬਾਦਲ ਪਰਿਵਾਰ ਦੀ ਕਾਨੂੰਨਾਂ ਦੇ ਹੱਕ ਵਿੱਚ ਕੀਤੀਆਂ ਤਕਰੀਰਾਂ ਲੋਕਾਂ ਦੇ ਜਿਹਨ ਵਿੱਚ ਹਨ।
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਲੀਡਰਸ਼ਿਪ ਕਿਸਾਨੀ ਤੇ ਪੰਜਾਬ ਦੇ ਹਿੱਤਾਂ ਲਈ ਸੁਹਿਰਦ-ਘੁੰਮਣ ਸਵਰਾਜ ਕੌਰ ਘੁੰਮਣ ਨੇ ਖੁਦ ਨੂੰ ਦਲ ਦਾ ਸਪੋਕਸਪਰਸਨ ਨਿਯੁਕਤ ਕਰਨ ਲਈ ਦਲ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਪਾਰਟੀ ਦੀ ਬਾਕੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ, ਢੀਂਡਸਾ ਸਾਬ੍ਹ ਨੇ ਮੇਰੇ ਤੇ ਭਰੋਸਾ ਕਰਕੇ, ਜੋ ਜਿੰਮੇਵਾਰੀ ਦਿੱਤੀ ਗਈ ਹੈ। ਮੈਂ ਇਸ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਦਿਨ ਰਾਤ ਇੱਕ ਕਰਕੇ, ਨਿਭਾਵਾਂਗੀ। ਉਨਾਂ ਕਿਹਾ ਕਿ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਸਿਰਤੋੜ ਯਤਨ ਕਰਾਂਗੀ। ਘੁੰਮਣ ਨੇ ਕਿਹਾ ਕਿ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਰਾਜ ਸਭਾ ਵਿੱਚ ਵੀ ਅਤੇ ਬਾਹਰ ਵੀ ਕਾਲੇ ਕਾਨੂੰਨਾਂ ਦਾ ਵਿਰੋਧ ਗੱਜ ਵੱਜ ਕੇ ਕੀਤਾ ਹੈ।