ਲਾਲਚ ‘ਚ ਆ ਕੇ ਨਕਲੀ ਸੋਨਾ ਖਰੀਦ ਬੈਠਾ ਬਸਪਾ ਉਮੀਦਵਾਰ ਚਮਕੌਰ ਵੀਰ
5 ਲੱਖ ਦੀ ਠੱਗੀ ਦਾ ਸਿਕਾਰ,ਠੱਗ ਹੋਏ ਰਫੂਚੱਕਰ ਤੇ ਕਾਰਵਾਈ ਦੀ ਮੰਗ
ਮਹਿਲ ਕਲਾਂ 26 ਸਤੰਬਰ( ਗੁਰਸੇਵਕ ਸਿੰਘ ਸਹੋਤਾ ,ਪਾਲੀ ਵਜੀਦਕੇ )
” ਲਾਲਚ ਬੁਰੀ ਬਲਾ ਹੈ” ਪਰ ਫਿਰ ਵੀ ਕੁਝ ਲੋਕ ਲਾਲਚ ਵਿੱਚ ਫਸ ਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।ਆਮ ਲੋਕਾਂ ਨਾਲ ਠੱਗੀ ਦੇ ਮਾਮਲੇ ਤਾਂ ਅਸੀਂ ਅਕਸਰ ਪੜ੍ਹਦੇ ਸੁਣਦੇ ਰਹਿੰਦੇ ਹਾਂ ਪਰ ਜੇਕਰ ਕਿਸੀ ਰਾਸ਼ਟਰੀ ਪਾਰਟੀ ਦੇ ਸੂਬਾਈ ਆਗੂ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਸੋਨਾ ਖਰੀਦਦੇ ਸਮੇਂ ਠੱਗੀ ਦਾ ਸ਼ਿਕਾਰ ਹੋ ਜਾਵੇ ਤਾਂ ਚਰਚਾ ਹੋਣੀ ਲਾਜ਼ਮੀ ਹੈ। ਇਕ ਤਾਜ਼ਾ ਮਾਮਲੇ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਚਮਕੌਰ ਸਿੰਘ ਵੀਰ ਸੰਗਰੂਰ ਵੀ ਠੱਗੀ ਦਾ ਸਿਕਾਰ ਹੋ ਕੇ ਆਪਣੇ ਪੰਜ ਲੱਖ ਰੁਪਏ ਗੁਆ ਲਏ।
ਜਾਣਕਾਰੀ ਅਨੁਸਾਰ ਬਸਪਾ ਆਗੂ ਚਮਕੌਰ ਸਿੰਘ ਵੀਰ ਸੰਗਰੂਰ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਧੂਰੀ ਪੁਲੀਸ ਕੋਲ ਪੰਜ ਲੱਖ ਦੀ ਠੱਗੀ ਕਰਨ ਵਾਲੇ ਨੌਸਰਬਾਜਾਂ ਵਿਰੁੱਧ ਕਾਰਵਾਈ ਕਰਨ ਲਈ ਅਰਜ਼ੀ ਦਿੱਤੀ ਹੈ। ਪੁਲੀਸ ਨੂੰ ਦਿੱਤੀ ਅਰਜ਼ੀ ਅਨੁਸਾਰ ਚਮਕੌਰ ਸਿੰਘ ਵੀਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਸਰਬਜੀਤ ਸਿੰਘ ਮੀਮਸਾ ਨੇ ਯੂਪੀ ਵਾਸੀ ਰਾਹੁਲ ਤੇ ਰਾਜੂ ਨਾਂ ਦੇ ਵਿਅਕਤੀਆਂ ਵੱਲੋਂ 10 ਲੱਖ ਰੁਪਏ ਤੋਂ ਵੱਧ ਦਾ ਸੋਨਾ ਸਿਰਫ 5 ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਸੀ । ਬਸਪਾ ਦੇ ਸੂਬਾ ਸਕੱਤਰ ਤੇ ਮਹਿਲ ਕਲਾਂ ਤੋਂ ਉਮੀਦਵਾਰ ਚਮਕੌਰ ਸਿੰਘ ਵੀਰ ਨੇ ਲਾਲਚ ‘ਚ ਆਕੇ ਆਪਣੇ ਬੈਂਕ ਖਾਤੇ ‘ਚੋਂ ਮਿਤੀ 16 ਅਗਸਤ 2021 ਨੂੰ ਪੰਜ ਲੱਖ ਰੁਪਏ ਕਢਵਾ ਕੇ ਧੂਰੀ ਪੁਲ ਨੇੜੇ ਸੂਆ ਵਿਖੇ ਰਾਹੁਲ ਤੇ ਰਾਜੂ ਨੂੰ ਪੈਸੇ ਦੇ ਕੇ ਸੋਨਾ ਲੈ ਲਿਆ ਅਤੇ ਬਆਦ ‘ ਜਾਂਚ ਦੌਰਾਨ ਇਹ ਸੋਨਾ ਨਕਲੀ ਨਿਕਲਿਆ ਤਾਂ ਬਸਪਾ ਆਗੂ ਵੀਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਨੇ ਨੌਸਰਬਾਜ਼ਾਂ ਦੀ ਭਾਲ ਕੀਤੀ ਪਰ ਉਹ ਰਫੂਚੱਕਰ ਹੋ ਚੁੱਕੇ ਸਨ।
ਲਾਲਚ ਵਿੱਚ ਆ ਕੇ ਗੈਰਕਾਨੂੰਨੀ ਢੰਗ ਨਾਲ ਸੋਨਾ ਖਰੀਦਦੇ ਸਮੇਂ ਬਸਪਾ ਉਮੀਦਵਾਰ ਚਮਕੌਰ ਸਿੰਘ ਵੀਰ ਨੂੰ ਪੰਜ ਲੱਖ ਰੁਪਏ ਦਾ ਚੂਨਾ ਲੱਗ ਗਿਆ ਜਿਸ ਦੀ ਇਲਾਕੇ ਵਿੱਚ ਭਰਪੂਰ ਚਰਚਾ ਹੋ ਰਹੀ ਹੈ।
*ਕੀ ਕਹਿੰਦੇ ਨੇ ਠੱਗੀ ਦਾ ਸਿਕਾਰ ਵੀਰ*
ਜਦੋਂ ਬਸਪਾ ਉਮੀਦਵਾਰ ਚਮਕੌਰ ਸਿੰਘ ਵੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਠੱਗੀ ਦਾ ਪੀੜਤ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ। ਜਦੋਂ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਗਿਆ ਕਿ ਤੁਸੀਂ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਕੇ ਠੱਗਾਂ ਨੂੰ ਦਿੱਤੇ ਅਤੇ ਧੂਰੀ ਪੁਲਸ ਨੂੰ ਸ਼ਿਕਾਇਤ ਤੁਹਾਡੇ ਨਾਮ ਤੇ ਦਿੱਤੀ ਗਈ ਹੈ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।