ਪਰਿਵਾਰ ਚ, ਖੁਸ਼ੀ ਦਾ ਮਾਹੌਲ, ਰਾਧਾ ਦੇ ਪਤੀ ਨੇ ਕਿਹਾ ਥੈਂਕਸ ਗੌਡ
–ਡਾ. ਮਨਪ੍ਰੀਤ ਸਿੱਧੂ ਤੇ ਉਸਦੀ ਟੀਮ ਤੇ ਹੋਰ ਡਾਕਟਰਾਂ ਨੂੰ ਕਿਹਾ ਇਹ ਨੇ ਧਰਤੀ ਤੇ ਰੱਬ
ਹਰਿੰਦਰ ਨਿੱਕਾ, ਬਰਨਾਲਾ 14 ਅਪ੍ਹੈਲ 2020
ਜਿਲ੍ਹੇ ਦੀ ਪਹਿਲੀ ਕੋਰੋਨਾ ਪੌਜੇਟਿਵ ਮਰੀਜ਼ ਰਾਧਾ ਪਤਨੀ ਮੁਕਤੀ ਨਾਥ ਨੇ ਕੋਰੋਨਾ ਨਾਲ ਲੰਬੀ ਜੱਦੋਜਹਿਦ ਕਰਕੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਰਾਧਾ ਦੇ ਪਰਿਵਾਰ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਚ, ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਰਾਧਾ ਦੀ ਰਿਪੋਰਟ ਅੱਜ ਹੋਏ ਟੈਸਟ ,ਚ ਨੈਗੇਟਿਵ ਆ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ। ਪਰੰਤੂ ਹਾਲੇ ਇੱਕ ਹੋਰ ਟੈਸਟ ਵੀ ਕੀਤਾ ਜਾਵੇਗਾ। ਉਹ ਰਿਪੋਰਟ ਵੀ ਨੈਗੇਟਿਵ ਆਉਣ ਤੋਂ ਬਾਅਦ ਉਸਨੂੰ ਹਸਪਤਾਲ ਚੋਂ ਛੁੱਟੀ ਕਰ ਦਿੱਤੀ ਜਾਵੇਗੀ। ਰਾਧਾ ਦੇ ਪਤੀ ਮੁਕਤੀ ਨਾਥ ਤੇ ਬੇਟੀ ਸੁਮਨ ਨੇ ਰਾਧਾ ਦੀ ਰਿਪੋਰਟ ਨੈਗੇਟਿਵ ਆਉਣ ਤੇ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਥੈਂਕਸ ਗੌਡ, ਰੱਬ ਦਾ ਤੇ ਧਰਤੀ ਤੇ ਉਨ੍ਹਾਂ ਦੇ ਪਰਿਵਾਰ ਲਈ ਰੱਬ ਬਣ ਕੇ ਬਹੁੜੇ ਡਾਕਟਰ ਮਨਪ੍ਰੀਤ ਸਿੱਧੂ ਤੇ ਉਨਾਂ ਦੀ ਪੂਰੀ ਟੀਮ ਤੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਤੇ ਹੋਰ ਕਰਮਚਾਰੀਆਂ ਦਾ ਵੀ ਸ਼ੁਕਰੀਆ ਅਦਾ ਕੀਤਾ।