ਲੌਕਡਾਉਨ 19 ਦਿਨ ਹੋਰ ਵਧਿਆ, ਪ੍ਰਧਾਨ ਮੰਤਰੀ ਨੇ ਹੋਰ ਜਿਆਦਾ ਸਖਤੀ ਵਰਤਣ ਲਈ ਕਿਹਾ,

Advertisement
Spread information

20 ਅਪ੍ਰੈਲ ਤੱਕ ਦੇਣੀ ਪਊ ਅਗਨੀ ਪ੍ਰਖਿਆ, ਫਿਰ ਮਿਲੂਗਾ ਕੁਝ ਛੋਟਾਂ ਦਾ ਛਿੱਟਾ

ਨਵੀਂ ਦਿੱਲੀ, 14 ਅਪ੍ਰੈਲ 2020 

Advertisement

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ 19 ਦਿਨ ਲਈ ਹਾਲੇ ਹੋਰ ਘਰਾਂ ਅੰਦਰ ਹੀ ਰਹਿਣ ਲਈ ਲੌਕਡਾਉਨ ਚ, 3 ਮਈ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਿਹੜੇ ਇਲਾਕਿਆਂ ‘ਚ ਹੌਟਸਪੌਟ ਘਟਨਗੇ, ਜਾਂ ਵਧਣਗੇ ਨਹੀਂ, ਉਹ ਥਾਵਾਂ ਤੇ 20 ਅਪ੍ਰੈਲ ਤੋਂ ਲੌਕਡਾਉਨ ਚ, ਕੁਝ ਛੋਟਾਂ ਦਾ ਸ਼ਰਤਾਂ ਸਹਿਤ ਛਿੱਟਾ ਵੀ ਦਿੱਤਾ ਜਾਵੇਗਾ। ਉਨ੍ਹਾਂ ਲੱਗਦੇ ਹੱਥ ਇਹ ਵੀ ਕਹਿ ਦਿੱਤਾ ਕਿ ਜੇਕਰ ਛੋਟ ਮਿਲਣ ਤੋਂ ਬਾਅਦ ਉਹ ਖੇਤਰਾਂ ਚ, ਕੋਰੋਨਾ ਦਾ ਕੋਈ ਇੱਕ ਕੇਸ ਵੀ ਸਾਹਮਣੇ ਆ ਗਿਆ ਤਾਂ, ਦਿੱਤੀਆਂ ਗਈਆਂ ਛੋਟਾਂ, ਫਿਰ ਵਾਪਿਸ ਲੈ ਲਈਆਂ ਜਾਣਗੀਆਂ। ਉਨ੍ਹਾਂ ਵਿਸ਼ਵ ਪੱਧਰੀ ਇਸ ਮਹਾਂਮਾਰੀ ਦੇ ਸੰਕਟ ਚ, ਲੋਕਾਂ ਨੂੰ ਤਿਆਗ ਤੇ ਹੋਰ ਕਰੜੀ ਅਗਨੀ ਪ੍ਰਖਿਆ ਦੀ ਤਪੱਸਿਆ ਚੋਂ ਲੰਘਣ ਦਾ ਮਨ ਬਣਾਉਣ ਲਈ ਹੋਕਾ ਵੀ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਉਨ ਦੀ ਲਛਮਣ ਰੇਖਾ ਦਾ ਉਲੰਘਣ ਦੇਸ਼ ਲਈ ਵੱਡਾ ਖਤਰਾ ਖੜ੍ਹਾ ਕਰ ਸਕਦਾ ਹੈ। ਉਨ੍ਹਾਂ ਕੇਰੋਨਾ ਦੇ ਵਿਰੁੱਧ ਵਿਸ਼ਵ ਭਰ ਚ, ਸ਼ੁਰੂ ਹੋਈ ਇਸ ਲੜਾਈ ਚ, ਭਾਰਤ ਦੇ ਰਾਹ ਨੂੰ ਸਹੀ ਦੱਸਦੇ ਹੋਏ ਜਿਕਰ ਕੀਤਾ, ਕਿ ਇਸ ਸੰਕਟ ਸਮੇਂ ਕਿਸੇ ਦੇਸ਼ ਨਾਲ ਕੋਈ ਤੁਲਨਾ ਕਰਨ ਦਾ ਸਮਾਂ ਤਾਂ ਨਹੀਂ ਹੈ। ਫਿਰ ਵੀ ਲੌਕਡਾਉਨ ਦੇ 24 ਦਿਨਾਂ ਦੇ ਅਨੁਭਵ ਦਾ ਵਿਸ਼ਲੇਸ਼ਣ ਕਰਨਾ ਵੀ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਚ, ਜਦੋਂ ਕੋਈ ਇੱਕ ਕੇਸ ਵੀ ਸਾਹਮਣੇ ਨਹੀਂ ਆਇਆ ਸੀ, ਉਦੋਂ ਏਅਰਪੋਰਟ ਤੇ ਐਨਆਰਆਈ ਦੀ ਸਕਰੀਨਿੰਗ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ, ਜਦੋਂ 100 ਕੇਸ ਸਾਹਮਣੇ ਆਇਆ , ਉਦੋਂ ਵਿਦੇਸ਼ ਚੋਂ ਭਾਰਤ ਚ, ਆਏ ਵਿਅਕਤੀਆਂ ਲਈ,14 ਦਿਨ ਦੇ ਆਈਸੋਲੇਸ਼ਨ ਦੀ ਵਿਵਸਥਾ ਲਾਗੂ ਕਰ ਦਿੱਤੀ ਗਈ। ਇਨ੍ਹਾਂ ਹੀ ਨਹੀਂ, ਜਦੋਂ, ਦੇਸ਼ ਅੰਦਰ 550 ਕੇਸ ਸਾਹਮਣੇ ਆਏ ਤਾਂ ਸਰਕਾਰ ਨੇ ਬਹੁਤ ਹੀ ਸਖਤ ਕਦਮ ਚੁੱਕਦਿਆਂ 24 ਦਿਨ ਲਈ ਲਾਕਡਾਊਨ ਦਾ ਐਲਾਨ ਕਰਕੇ ਕੋਰੋਨਾ ਦੇ ਦੁਨੀਆਂ ਭਰ ਚ, ਪਸਾਰੇ ਜਾ ਰਹੇ ਕਦਮਾਂ ਨੂੰ ਠੱਲ੍ਹਣ ਦਾ ਸਫਲ ਯਤਨ ਕੀਤਾ। ਜਿਸ ਨਾਲ ਅਸੀ਼ ਕੋਰੋਨਾ ਨਾਲ ਜੰਗ ਲੜ ਰਹੇ ਹੋਰਨਾ ਦੇਸ਼ਾਂ ਨਾਲੋ ਕਾਫੀ ਬਿਹਤਰ ਹਾਲਤ ਵਿੱਚ ਹਾਂ। ਉਨ੍ਹਾਂ ਲੋਕਾਂ ਦੀਆਂ ਚਿੰਤਾਵਾਂ ਚ, ਖੁਦ ਸ਼ਰੀਕ ਹੁੰਦਿਆਂ ਕਿਹਾ ਕਿ ਮੈਂ, ਜਾਣਦਾ ਹਾਂ ਕਿ ਹਰ ਦਿਨ ਕਮਾ ਕੇ ਖਾਣ ਵਾਲੇ ਲੋਕਾਂ ਨੂੰ ਖਾਣੇ ਦੀ, ਆਉਣ-ਜਾਣ ਦੀ ਅਤੇ ਘਰਾਂ ਤੋਂ ਬਾਹਰ ਰਹਿਣ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹਾਲੇ ਹੋਰ ਵੀ ਸੰਕਟ ਕੱਟਣ ਦੀ ਲੋੜ ਹੈ, ਤਿਆਗ ਤੇ ਘਰਾਂ ਚ, ਰਹਿਣ ਦੀ ਤਪੱਸਿਆ ਕਰਨ ਦਾ ਸਮਾਂ ਹੈ। ਸਾਡੀ ਇਹ ਤਪੱਸਿਆ ਤੇ ਤਿਆਗ ਹੀ ਸਾਨੂੰ ਇਸ ਵਿਸ਼ਵ ਪੱਧਰੀ ਮਹਾਂਮਾਰੀ ਚ, ਘੱਟ ਤੋਂ ਘੱਟ ਨੁਕਸਾਨ ਝੱਲ ਕੇ ਜਿੱਤ ਪ੍ਰਾਪਤ ਕਰਨ ਦਾ ਮੌਕਾ ਦੇਵੇਗਾ।

*ਚਿੰਤਾ ਜਤਾਈ, ਪਰ ਕੋਈ ਯੋਜ਼ਨਾ ਨਹੀਂ ਬਤਾਈ,,,

ਲੌਕਡਾਉਨ ਕਾਰਨ ਪਿਛਲੇ 24 ਦਿਨਾਂ ਤੋਂ ਘਰਾਂ ਚ, ਕੈਦ ਹੋਏ ਕਿਰਤੀ ਵਰਗ ਦੇ ਲੋਕਾਂ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਜ ਦੇ ਰਾਸ਼ਟਰ ਦੇ ਨਾਮ ਕੀਤੇ ਜਾਣ ਵਾਲੇ ਸੰਬੋਧਨ ਤੇ ਟਿਕੀਆਂ ਉਮੀਦਾਂ ਤੇ ਉਸ ਸਮੇਂ ਪਾਣੀ ਫਿਰ ਗਿਆ, ਜਦੋਂ ਪ੍ਰਧਾਨ ਮੰਤਰੀ ਨੇ ਕੌਮ ਦਾ ਨਾਂ ਦਿੱਤੇ ਸੰਦੇਸ਼ ਚ, ਲੌਕਡਾਉਨ ਚ, ਵਾਧਾ ਕਰਨ ਤੋਂ ਸਿਵਾਏ ਕੋਈ ਰਾਹਤਾਂ ਦਾ ਐਲਾਨ ਨਹੀਂ ਕੀਤਾ। ਹੱਥੀਂ ਕਿਰਤ ਕਰਨ ਵਾਲੇ ਮਜਦੂਰਾਂ ,ਛੋਟੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੂੰ ਲੌਕਡਾਉਨ ਅੰਦਰ ਆ ਰਹੀਆਂ ਮੁਸ਼ਕਿਲਾਂ ਨੂੰ  ਪ੍ਰਧਾਨ ਮੰਤਰੀ ਨੇ ਬੜੇ ਹੀ ਖੂਬਸੂਰਤ ਅੰਦਾਜ਼ ਚ, ਛੋਹਿਆ ਤਾਂ ਸਹੀ, ਪਰ ਕਿਸੇ ਵੀ ਕਿਸਮ ਦੀ ਕੋਈ ਰਾਹਤ ਦੇਣ ਦੀ ਕੇਂਦਰ ਸਰਕਾਰ ਦੀ ਕਿਸੇ ਯੋਜਨਾ ਦਾ ਕੋਈ ਜਿਕਰ ਹੀ ਨਹੀਂ ਕੀਤਾ। ਉਕਤ ਵਰਗਾਂ ਦੇ ਲੋਕਾਂ ਨੇ ਮੋਦੀ ਦਾ ਭਾਸ਼ਣ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸੇ ਉਮੀਦ ਆਸਰੇ ਸੁਣਿਆ ਕਿ ਸ਼ਾਇਦ ਪ੍ਰਧਾਨਮੰਤਰੀ ਭਾਸ਼ਣ ਦੀ ਸਮਾਪਤੀ ਸਮੇਂ ਹੀ ਕੋਈ ਰਾਹਤ ਦਾ ਛਿੱਟਾ, ਘਰਾਂ ਚ ਭੁੱਖਣ ਭਾਣੇ ਦਿਨ ਕੱਟਣ ਨੂੰ ਮਜਬੂਰ ਕਰੋੜਾਂ ਲੋਕਾਂ ਨੂੰ ਦੇ ਦੇਣਗੇ। ਪਰ ਪ੍ਰਧਾਨ ਮੰਤਰੀ ਨੇ ਲੋਕਾਂ ਦੀ ਝੇਲੀ, ਪੀੜਾਂ ਦਾ ਪਰਾਗਾ ਪਾ ਕੇ ਹੀ ਆਪਣਾ ਭਾਸ਼ਣ ਬੰਦ ਕਰ ਦਿੱਤਾ। ਇੰਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਤੇ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਮੋਦੀ ਸਾਹਿਬ ਦਾਅਵਾ ਤਾਂ ਖੁਦ ਗਰੀਬ ਵਰਗ ਚ, ਪੈਦਾ ਹੋਣ ਦਾ ਹਰ ਥਾਂ ਤੇ ਕਰਦੇ ਹਨ। ਪਰ ਲੌਕਡਾਉਨ ਕਾਰਣ ਢਿੱਡ ਨੂੰ ਗੰਢਾ ਮਾਰ ਕੇ ਫਾਕੇ ਕੱਟ ਰਹੇ ਵਰਗ ਨੂੰ ਸਿਰਫ ਉਨ੍ਹਾਂ ਦੀ ਦੁਖਦੀ ਰਗ ਤੇ ਹੱਥ ਧਰਕੇ ਹੀ ਚੁੱਪ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਹੋਰ ਜਿਆਦਾ ਦਿਨ ਤੱਕ ਚੱਲਣ ਵਾਲਾ ਨਹੀਂ ਹੈ, ਲੋਕਾਂ ਦੀ ਖਾਲੀ ਝੋਲੀ ਚ, ਰਾਸ਼ਨ ਤਾਂ ਪਾਉਣਾ ਹੀ ਪੈਣਾ ਹੈ। ਸਾਬਕਾ ਐਮਐਲਏ ਰਾਜ ਸਿੰਘ ਖੇੜੀ ਨੇ ਕਿਹਾ ਕਿ ਕਿਰਤੀ ਲੋਕ ਹੋਰ ਕਿੰਨੇ ਦਿਨ ਭੁੱਖੇ ਰਹਿ ਕੇ ਭਗਤੀ ਕਰਦੇ ਰਹਿਣਗੇ। ਉਨਾਂ ਕਿਹਾ ਕਿ ਮੋਦੀ ਸਾਹਿਬ ਦਲਿਤ ਸਮਾਜ ਦੇ ਰਹਿਬਰ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਜੀ ਦੇ ਜਨਮ ਦਿਨ ਦੀ ਸ਼ਰਧਾਂਜਲੀ ਤਾਂ ਦੇਣੀ ਨਹੀਂ ਭੁੱਲੇ, ਪਰ ਬਾਬਾ ਸਾਹਿਬ ਦੇ ਸਮਾਜ ਦੇ ਘਰੀਂ ਤੜੇ ਲੋਕਾਂ ਲਈ ਲੌਕਡਾੳਨ ਦੇ ਦੌਰਾਨ ਕੋਈ ਰਾਸ਼ਨ ਪਹੁੰਚਾਉਣ ਦੀ ਯੋਜਨਾ ਦਾ ਐਲਾਨ ਨਹੀਂ ਕੀਤਾ। ਇਹ ਫੋਕੀ ਬਿਆਨਬਾਜ਼ੀ  ਭੁੱਖੇ ਢਿੱਡ ਸੌਣ ਨੂੰ ਮਜਬੂਰ ਲੋਕਾਂ ਦਾ ਢਿੱਡ ਨਹੀਂ ਭਰ ਸਕਦੀ। ਉਨਾਂ ਕਿਹਾ ਕਿ ਮੋਦੀ ਸਾਹਿਬ ਚਿੰਤਾ ਜਤਾਉਣ ਦਾ  ਨਹੀ, ਹਕੀਕਤ ਚ, ਕੁਝ ਕਰਕੇ ਦਿਖਾਉਣ ਦਾ ਸਮਾਂ ਹੈ। ਉਨਾਂ ਭਗਤ ਕਬੀਰ ਜੀ ਦੀ ਬਾਣੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਕਬੀਰ ਸਾਹਿਬ ਨੇ ਵੀ ਆਪਣੀ ਬਾਣੀ ਚ, ਕਹਿ ਰੱਖਿਆ ਹੈ ਕਿ, ਭੂਖੇ ਭਗਤਿ ਨਾ ਕੀਜੈ, ਯਹ ਮਾਲਾ ਆਪਣੀ ਲੀਜੈ। 


ਪ੍ਰਧਾਨ ਮੰਤਰੀ ਨਰਿਦਰ ਮੋਦੀ ਦਾ ਅੰਦਾਜ਼ ਏ ਬਿਆਂ ਕੁਝ ਇਸ ਤਰਾਂ ਰਿਹਾ,,,,,

Advertisement
Advertisement
Advertisement
Advertisement
Advertisement
error: Content is protected !!