ਕੈਪਟਨ ਅਮਰਿੰਦਰ ਸਿੰਘ ਨੇ ਲੋਕਲ ਬਾੱਡੀ ਮਹਿਕਮੇ ਦੇ ਸੈਕਟਰੀ ਨੂੰ ਦਿੱਤਾ ਸਖਤ ਐਕਸ਼ਨ ਲੈਣ ਦਾ ਹੁਕਮ
ਬਾਜ਼ਾਰੀ ਮੁੱਲ ਤੋਂ ਵੱਧ ਕੀਮਤ ਦੇ ਕੇ 465 ਸਾਈਨ ਬੋਰਡ ਖਰੀਦਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ !
ਹਰਿੰਦਰ ਨਿੱਕਾ , ਬਰਨਾਲਾ 13 ਸਤੰਬਰ 2021
ਨਗਰ ਕੌਂਸਲ ਬਰਨਾਲਾ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ ਬਜ਼ਾਰੀ ਕੀਮਤ ਤੋਂ ਕਈ ਗੁਣਾਂ ਵੱਧ ਰੇਟ ਤੇ ਖਰੀਦ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਲਗਾਏ ਸਾਈਨ ਬੋਰਡਾਂ ਦਾ ਮੁੱਦਾ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਵਿੱਚ ਵੀ ਜਾ ਗੂੰਜਿਆ ਹੈ । ਮੁੱਖ ਮੰਤਰੀ ਵੱਲੋਂ ਲਏ ਸਖਤ ਐਕਸ਼ਨ ਨਾਲ ਭ੍ਰਿਸ਼ਟਾਚਾਰ ਵਿੱਚ ਲਿਬੜੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਮੁਸ਼ਕਿਲਾਂ ਵੀ ਵੱਧ ਗਈਆਂ ਹਨ। ਮੁੱਖ ਮੰਤਰੀ ਦਫਤਰ ਵੱਲੋਂ ਸਿਰਫ 465 ਸਾਈਨ ਬੋਰਡਾਂ ਦੀ ਖਰੀਦ ਵਿੱਚ ਹੀ ਕਰੀਬ 25 ਲੱਖ ਰੁਪਏ ਦੇ ਘੁਟਾਲੇ ਨੂੰ ਕਾਫੀ ਗੰਭੀਰਤਾ ਨਾ ਲੈਂਦਿਆਂ ਲੋਕਲ ਬਾੱਡੀ ਵਿਭਾਗ ਦੇ ਸਕੱਤਰ AJOY ਕੁਮਾਰ ਸਿਨ੍ਹਾ ਨੂੰ ਇਸ ਮਾਮਲੇ ਦੀ ਜਾਂਚ ਉਪਰੰਤ ਕਥਿਤ ਦੋਸੀਆਂ ਖਿਲਾਫ਼ ਤੁਰੰਤ ਐਕਸ਼ਨ ਲੈਣ ਦਾ ਹੁਕਮ ਜਾਰੀ ਕਰ ਦਿੱਤਾ ਹੈ ।
ਜ਼ਿਕਰਯੋਗ ਹੈ ਕੇ ਸਾਈਨ ਬੋਰਡਾਂ ਦੀ ਖਰੀਦ ਵਿੱਚ ਹੋਏ ਘੁਟਾਲੇ ਨੂੰ ਸਭ ਤੋਂ ਪਹਿਲਾਂ 10 ਸਤੰਬਰ ਨੂੰ ਬਰਨਾਲਾ ਟੂਡੇ/ਟੂਡੇ ਨਿਊਜ਼ ਵੱਲੋਂ ਪ੍ਰਮੁੱਖਤਾ ਨਾਲ ਉਠਾ ਕੇ ਲੋਕਾਂ/ਪ੍ਰਸ਼ਾਸ਼ਨ ਅਤੇ ਸਰਕਾਰ ਤੱਕ ਪਹੁੰਚਾਇਆ ਗਿਆ ਸੀ। ਇਸ ਮੁੱਦੇ ਤੇ ਉਸੇ ਦਿਨ ਨਗਰ ਕੌਂਸਲ ਦੀ ਮੀਟਿੰਗ ਵਿੱਚ ਸੀਨੀਅਰ ਕੌਂਸਲਰ ਹੇਮਰਾਜ ਗਰਗ ਨੇ ਵੀ ਕਾਫੀ ਰੌਲਾ ਪਾਇਆ ਸੀ। ਵਰਨਣਯੋਗ ਹੈ ਕਿ ਬਰਨਾਲਾ ਟੂਡੇ ਦੀ ਟੀਮ ਵੱਲੋਂ ਗਹਿਰਾਈ ਨਾਲ ਕੀਤੀ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਸਾਈਨ ਬੋਰਡ ਕਰੀਬ 1920 ਰੁਪਏ ਵਿੱਚ ਤਿਆਰ ਕਰਵਾ ਕੇ ਇਨਾਂ ਦੀ ਕੀਮਤ ਠੇਕੇਦਾਰ ਨੂੰ 7400 ਰੁਪਏ ਪ੍ਰਤੀ ਬੋਰਡ ਦੇ ਹਿਸਾਬ ਨਾਲ ਕਰਕੇ, ਨਗਰ ਕੋਂਸਲ ਦੇ ਫੰਡਾਂ ਨੂੰ ਮੋਟਾ ਚੂਨਾ ਲਾਇਆ ਗਿਆ ਸੀ। ਇੱਥੇ ਇੱਥੋਂ ਤੱਕ ਕਿ ਕੌਂਸਲ ਕੋਲ ਈ ਟੈਂਡਰਿੰਗ ਰਾਹੀਂ, ਇੱਕ ਠੇਕੇਦਾਰ ਨੇ ਇੱਨਾਂ ਦਾ ਰੇਟ 7100 ਰੁਪਏ ਵੀ ਪਾਇਆ ਗਿਆ ਸੀ। ਜਿਸ ਨੂੰ ਵੀ ਭ੍ਰਿਸ਼ਟਾਚਾਰ ਦੇ ਲਾਲਚ ਵਿੱਚ ਅੰਨ੍ਹੇ ਹੋਏ ਸਬੰਧਿਤ ਅਧਿਕਾਰੀਆਂ ਨੇ ਨਜਰਅੰਦਾਜ ਕਰ ਦਿੱਤਾ ਸੀ।
ਇਹ ਮਾਮਲਾ ਮੀਡੀਆਂ ਚ ਆਉਣ ਤੋਂ ਬਾਅਦ ਸ਼ਹਿਰ ਦੇ ਇੱਕ ਚੇਤੰਨ ਨਾਗਿਰਕ ਨੇ ਮੁੱਖ ਮੰਤਰੀ ਦਫ਼ਤਰ ਨੂੰ ਮੇਲ ਪਾ ਕੇ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਜਿਸ ਸਖਤ ਐਕਸ਼ਨ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਵਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਸਕੱਤਰ ਨੂੰ ਹੁਕਮ ਜਾਰੀ ਕਰਦਿਆਂ ਇਸ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਕੇ ਛੇਤੀ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਦਫ਼ਤਰ ਨੂੰ ਦੇਣ ਬਾਰੇ ਕਿਹਾ ਗਿਆ ਹੈ । ਜਾਂਚ ਦੇ ਹੁਕਮਾਂ ਦੀ ਕਾਪੀ ਸਿਕਾਇਤ ਕਰਤਾ ਨੂੰ ਵੀ ਦੇਣ ਦੇ ਹੁਕਮ ਦਿੱਤੇ ਗਏ ਹਨ।