ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ ਸ਼ੁਰੂ- ਜ਼ਿਲ੍ਹਾ ਸਿੱਖਿਆ ਅਧਿਕਾਰੀ
ਪਰਦੀਪ ਕਸਬਾ , ਬਰਨਾਲਾ,13 ਸਤੰਬਰ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਐਲਾਨੀ ਡੇਟਸ਼ੀਟ ਅਨੁਸਾਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ ਵਿਦਿਆਰਥੀਆਂ ਦੀ ਉਤਸ਼ਾਹਜਨਕ ਹਾਜ਼ਰੀ ਨਾਲ ਸ਼ੁਰੂ ਹੋ ਗਈ।
ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਕੁਲਵਿੰਦਰ ਸਿੰਘ ਸਰਾਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਸਤੰਬਰ ਪ੍ਰੀਖਿਆ ਸ਼ੁਰੂ ਹੋ ਗਈ ਹੈ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਆਫ਼ਲਾਈਨ ਤਰੀਕੇ ਸ਼ੁਰੂ ਹੋਈ ਪ੍ਰੀਖਿਆ ਦੇ ਪਹਿਲੇ ਦਿਨ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਹੋਈ ਜਦਕਿ ਛੇਵੀਂ ਜਮਾਤ ਦੀ ਅੰਗਰੇਜ਼ੀ, ਸੱਤਵੀਂ ਜਮਾਤ ਦੀ ਪੰਜਾਬੀ, ਅੱਠਵੀਂ ਜਮਾਤ ਦੀ ਗਣਿਤ, ਨੌਵੀ ਜਮਾਤ ਦੀ ਹਿੰਦੀ, ਦਸਵੀਂ ਜਮਾਤ ਦੀ ਵਿਗਿਆਨ, ਗਿਆਰਵੀਂ ਜਮਾਤ ਦੀ ਪੰਜਾਬੀ ਜਨਰਲ ਅਤੇ ਬਾਰਵੀਂ ਜਮਾਤ ਦੀ ਅੰਗਰੇਜ਼ੀ ਜਨਰਲ ਵਿਸ਼ੇ ਦੀ ਪ੍ਰੀਖਿਆ ਹੋਈ। ਸਾਰੀਆਂ ਜਮਾਤਾਂ ਦੇ ਪ੍ਰਸ਼ਨ ਪੱਤਰ ਮੁੱਖ ਦਫਤਰ ਵੱਲੋਂ ਮੁਹੱਈਆ ਕਰਵਾਏ ਗਏ ਸਨ ਅਤੇ ਸਾਰੀਆਂ ਹੀ ਜਮਾਤਾਂ ਦੇ ਪ੍ਰਸ਼ਨ ਪੱਤਰ ਬਹੁ-ਵਿਕਲਪੀ ਪੈਟਰਨ ਅਨੁਸਾਰ ਸਨ ਜਦਕਿ ਤੀਜੀ,ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਪ੍ਰਸ਼ਨ ਪੱਤਰ ਨਵੰਬਰ ਮਹੀਨੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਤਿਆਰੀ ਪੈਟਰਨ ਅਨੁਸਾਰ ਸਨ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਖਿਆ ਦੇ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਹੀ ਸਲਾਘਾਯੋਗ ਰਹੀ ਅਤੇ ਕੇਂਦਰਾਂ ਦਾ ਦੌਰਾ ਕਰਨ ‘ਤੇ ਵਿਦਿਆਰਥੀਆਂ ਪ੍ਰੀਖਿਆਵਾਂ ਪ੍ਰਤੀ ਬਹੁਤ ਹੀ ਉਤਸ਼ਾਹਿਤ ਨਜ਼ਰ ਆਏ।ਸਾਰੇ ਹੀ ਸਕੂਲਾਂ ‘ਚ ਸਰਕਾਰ ਵੱਲੋਂ ਜਾਰੀ ਕੋਵਿਡ ਹਦਾਇਤਾਂ ਦੀ ਪਾਲਣਾ ਕੀਤੀ ਗਈ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਦੀ ਸ਼ਲਾਘਾਯੋਗ ਹਾਜ਼ਰੀ ਅਤੇ ਕੋਵਿਡ ਹਦਾਇਤਾਂ ਦੀ ਪਾਲਣਾ ‘ਚ ਵਿਦਿਆਰਥੀਆਂ ਦੇ ਮਾਪਿਆਂ ਦਾ ਯੋਗਦਾਨ ਪ੍ਰਸੰਸਾਯੋਗ ਰਿਹਾ।
ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਦਾ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਤਿਆਰੀ ਲਈ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਡਿਜ਼ੀਟਲ ਸਾਧਨਾਂ ਜਰੀਏ ਕਰਵਾਈ ਜਾ ਰਹੀ ਪੜ੍ਹਾਈ ਦਾ ਅਸਰ ਪ੍ਰੀਖਿਆਵਾਂ ਦੇ ਪਹਿਲੇ ਦਿਨ ਬਾਖੂਬੀ ਵੇਖਣ ਨੂੰ ਮਿਲਿਆ । ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ ਦਾ ਪ੍ਰਭਾਵ ਪ੍ਰੀਖਿਆਵਾਂ ਪ੍ਰਤੀ ਆਤਮ ਵਿਸਵਾਸ਼ ਦੇ ਰੂਪ ਵਿੱਚ ਵੇਖਣ ਨੂੰ ਮਿਲਿਆ।