465 ਸਾਈਨ ਬੋਰਡਾਂ ‘ਚ ਕੀਤੇ ਲੱਖਾਂ ਰੁਪਏ ਦੇ ਭ੍ਰਿਸ਼ਟਾਚਾਰ ਦੀ ਜਾਂਚ ਲਈ ਏ.ਡੀ.ਸੀ ਅਰਬਨ ਨੂੰ ਸੌਂਪਿਆ ਮੰਗ ਪੱਤਰ
ਸਟੇਟ ਵਿਜੀਲੈਂਸ ਬਿਊਰੋ ਤੋਂ ਕਰਵਾਈ ਜਾਵੇ ਟਾਈਮ ਬਾਂਡ ਜਾਂਚ-ਐਮ.ਐਲ.ਏ ਮੀਤ ਹੇਅਰ
ਹਰਿੰਦਰ ਨਿੱਕਾ , ਬਰਨਾਲਾ 13 ਸਤੰਬਰ 2021
ਨਗਰ ਕੌਂਸਲ ਬਰਨਾਲਾ ‘ਚ ਕਥਿਤ ਤੌਰ ਤੇ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਅਤੇ ਐਮ.ਐਲ.ਏ. ਗੁਰਮੀਤ ਸਿੰਘ ਮੀਤ ਹੇਅਰ ਨੇ ਏ.ਡੀ.ਸੀ. ਅਰਬਨ ਅਮਿਤ ਕੁਮਾਰ ਬੈਂਬੀ ਨੂੰ ਮੰਗ ਪੱਤਰ ਸੌਂਪਿਆ। ਐਮ.ਐਲ.ਏ. ਮੀਤ ਹੇਅਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਵੱਲੋਂ ਕੁੱਝ ਸਮਾਂ ਪਹਿਲਾਂ ਸ਼ਹਿਰ ਦੇ 31 ਵਾਰਡਾਂ ਦੀਆਂ ਗਲੀਆਂ ਵਿੱਚ ਸਾਈਨ ਬੋਰਡ ਲਗਾਏ ਗਏ। ਇੱਨਾਂ ਬੋਰਡਾਂ ਦੀ ਬਜਾਰੀ ਕੀਮਤ ਸਿਰਫ 2 ਹਜਾਰ ਤੋਂ 2100 ਰੁਪਏ ਹੈ, ਜਦੋਂ ਕਿ ਇਹੋ ਬੋਰਡ ਨਗਰ ਕੌਂਸਲ 7400 ਰੁਪਏ ਵਿੱਚ ਲਗਾ ਰਹੀ ਹੈ। ਹੇਅਰ ਨੇ ਕਿਹਾ ਕਿ ਨਗਰ ਕੌਂਸਲ ਦੇ ਭ੍ਰਿਸ਼ਟਾਚਾਰ ਦੀ ਇਹ ਪ੍ਰਤੱਖ ਦਿਖਦੀ ਮਿਸਾਲ ਹੈ, ਜਦੋਂਕਿ ਇੱਨਾਂ ਦਿਨਾਂ ਵਿੱਚ ਨਗਰ ਕੌਂਸਲ ਭ੍ਰਿਸ਼ਟਾਚਾਰ ਦਾ ਅੱਡਾ ਬਣੀ ਹੋਈ ਹੈ।ਉਨਾਂ ਕਿਹਾ ਕਿ ਸੜਕਾਂ ਅਤੇ ਹੋਰ ਗਲੀਆਂ ਵਿੱਚ ਲਗਾਈ ਜਾ ਰਹੀ ਮੈਟੀਰੀਅਲ ਦੀ ਕਵਾਲਿਟੀ ਦਾ ਵੀ ਰੱਬ ਹੀ ਰਾਖਾ ਹੈ। ਮੀਤ ਹੇਅਰ ਨੇ ਕਿਹਾ ਕਿ ਹੁਣ ਬਹੁਤਾ ਨਹੀਂ, ਸਿਰਫ 4/5 ਮਹੀਨਿਆਂ ਦਾ ਸਮਾਂ ਰਹਿ ਗਿਆ। ਜੇ ਲੋਕਾਂ ਨੇ ਤਾਕਤ ਦੇ ਕੇ ਆਪ ਦੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਉਹ ਭ੍ਰਿਸ਼ਟਾਚਾਰੀਆਂ ਤੋਂ ਪਾਈ ਪਾਈ ਦਾ ਹਿਸਾਬ ਲੈਣਗੇ।
ਆਪੂ ਬਣੇ ਹਲਕਾ ਇੰਚਾਰਜ ਢਿੱਲੋਂ ਨੇ ਭ੍ਰਿਸ਼ਟਾਚਾਰ ਤੇ ਕਿਉਂ ਧਾਰੀ ਚੁੱਪ-ਮੀਤ ਹੇਅਰ
ਐਮ.ਐਲ.ਏ. ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਭ੍ਰਿਸ਼ਟਾਚਾਰ ਤੇ ਧਾਰੀ ਚੁੱਪ ਵੀ, ਉਨਾਂ ਦੀ ਭ੍ਰਿਸ਼ਟਾਚਾਰੀਆਂ ਨਾਲ ਕਥਿਤ ਸਾਂਝ ਵੱਲ ਇਸ਼ਾਰਾ ਕਰਦੀ ਹੈ। ਉਨਾਂ ਕਿਹਾ ਕਿ ਆਪੂ ਬਣਿਆ ਹਲਕਾ ਇੰਚਾਰਜ , ਆਪਣੀ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਵੀ ਮੰਨਣ ਲਈ ਤਿਆਰ ਨਹੀਂ ਹੈ। ਮੁੱਖ ਮੰਤਰੀ ਨੇ ਸਰਕਾਰ ਬਣਾਉਣ ਤੋਂ ਬਾਅਦ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਉਨਾਂ ਦੀ ਸਰਕਾਰ ਦੌਰਾਨ ਹਲਕਾ ਇੰਚਾਰਜ ਕੋਈ ਉਦਘਾਟਨ ਨਹੀਂ ਕਰਨਗੇ। ਪਰੰਤੂ ਬਰਨਾਲਾ ਦੇ ਹਲਕਾ ਇੰਚਾਰਜ ਨੂੰ ਉਦਘਾਟਨ ਕਰਨ ਦਾ ਇੱਨ੍ਹਾਂ ਚਾਅ ਚੜ੍ਹਿਆ ਹੋਇਆ ਹੈ ਕਿ ਉਹ ਕੋਈ ਸੰਵਿਧਾਨਕ ਅਹੁਦਾ ਨਾ ਹੋਣ ਦੇ ਬਾਵਜੂਦ ਵੀ ਉਦਘਾਟਨ ਕਰਦੇ ਫਿਰਦੇ ਹਨ। ਮੀਤ ਹੇਅਰ ਨੇ ਕਿਹਾ ਕਿ ਢਿੱਲੋਂ ਉਦਘਾਟਨ ਕਰਦੇ ਰਹਿਣ, ਪਰ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਚੁੱਪ ਧਾਰੀ ਬੈਠੇ ਹਨ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਸਾਈਨ ਬੋਰਡਾਂ ਦੇ ਮਹਿੰਗੇ ਮੁੱਲ ਤੇ ਖਰੀਦ ਕਰਨ ਦੇ ਮਾਮਲੇ ਦੀ ਜਾਂਚ ਕਰਕੇ, ਉਸ ਨੂੰ ਜਨਤਕ ਨਹੀਂ ਕਰਨਗੇ ਤਾਂ ਉਹ 15 ਦਿਨਾਂ ਬਾਅਦ ਭ੍ਰਿਸ਼ਟਾਚਾਰ ਦੇ ਉਕਤ ਮੁੱਦੇ ਦਾ ਪਾਜ਼ ਲੋਕਾਂ ਦੀ ਕਚਿਹਰੀ ਵਿੱਚ ਉਧੇੜ ਦੇਣਗੇ। ਇਸ ਮੌਕੇ ਆਪ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ , ਰਾਜਸੀ ਸਕੱਤਰ ਰੋਹਿਤ ਅਤੇ ਹੋਰ ਆਗੂ ਹਾਜ਼ਿਰ ਰਹੇ।