ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਡਿਜ਼ੀਟਲ ਸਾਧਨਾਂ ਜਰੀਏ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਤਿਆਰੀ- ਸਿੱਖਿਆ ਅਧਿਕਾਰੀ
ਪਰਦੀਪ ਕਸਬਾ , ਬਰਨਾਲਾ, 4 ਸਤੰਬਰ 2021
ਦੇਸ਼ ਭਰ ਦੇ ਸਕੂਲਾਂ ਦੀ ਵਿੱਦਿਅਕ ਗੁਣਵੱਤਾ ਤੇ ਗਤੀਵਿਧੀਆਂ ਦੇ ਮੁਲਾਂਕਣ ਲਈ ਕੇਂਦਰ ਸਰਕਾਰ ਵੱਲੋਂ 12 ਨਵੰਬਰ ਨੂੰ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਤਿਆਰੀ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ‘ਚ ਮੁਹਈਆ ਕਰਵਾਈਆਂ ਗਈਆਂ ਡਿਜ਼ੀਟਲ ਸਹੂਲਤਾਂ ਕਾਰਗਾਰ ਸਿੱਧ ਹੋ ਰਹੀਆਂ ਹਨ।
ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਰਾਜ ਦੇ ਸਰਕਾਰੀ ਸਕੂਲਾਂ ‘ਚ ਜਿਕਰਯੋਗ ਵਿਕਾਸ ਹੋਇਆ ਹੈ। ਰਾਜ ਦੇ ਸਕੂਲਾਂ ‘ਚ ਚਲਾਈ ਗਈ ਸਮਾਰਟ ਸਕੂਲ ਮੁਹਿੰਮ ਤਹਿਤ ਡਿਜ਼ੀਟਲ ਸਾਧਨਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ।
ਜਿਸ ਲਈ ਰਾਜ ਦੇ ਹਰੇਕ ਸਕੂਲ ਨੂੰ ਪ੍ਰੋਜੈਕਟਰ ਮੁਹਈਆ ਕਰਵਾਏ ਗਏ ਹਨ। ਜਿੰਨ੍ਹਾਂ ਨਾਲ ਵਿਦਿਆਰਥੀਆਂ ਨੂੰ ਹਰੇਕ ਵਿਸ਼ਾ ਅਸਾਨੀ ਨਾਲ ਸਮਝ ਆ ਰਿਹਾ ਹੈ ਅਤੇ ਵਿੱਦਿਆ ਦੀ ਗੁਣਵੱਤਾ ‘ਚ ਬਹੁਤ ਵਾਧਾ ਹੋਇਆ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਲਾਨਾ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ‘ਚ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ ਤੇ ਕੌਮੀ ਪੱਧਰ ਦੇ ਵਜ਼ੀਫੇ ਵੀ ਪ੍ਰਾਪਤ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਕਤ ਉਪਰਾਲਿਆਂ ਸਦਕਾ ਹੀ ਰਾਜ ਦੇ ਸਰਕਾਰੀ ਸਕੂਲਾਂ ‘ਚ ਮਾਪਿਆਂ ਦਾ ਵਿਸ਼ਵਾਸ਼ ਵਧਿਆ ਹੈ ਤੇ ਹਰ ਸਾਲ ਲੱਖਾਂ ਦੀ ਗਿਣਤੀ ‘ਚ ਵਿਦਿਆਰਥੀਆਂ ਦਾ ਦਾਖਲਾ ਵਧ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਪ੍ਰਫਾਰਮੈਂਸ ਗਰੇਡਿੰਗ ਇੰਡੈਕਸ ਵਾਂਗ ਨੈਸ਼ਨਲ ਅਚੀਵਮੈਂਟ ਸਰਵੇਖਣ ‘ਚ ਵੀ ਪੰਜਾਬ ਦੇਸ਼ ਭਰ ‘ਚੋਂ ਅੱਵਲ ਰਹੇਗਾ।
ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਡਿਜ਼ੀਟਲ ਸਾਧਨਾਂ ਪ੍ਰੋਜੈਕਟਰ,ਐਜੂਸੈਟ ਅਤੇ ਐਜੂਕੇਅਰ ਐਪ ਦਾ ਭਰਪੂਰ ਫਾਇਦਾ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਡਿਜ਼ੀਟਲ ਸਾਧਨਾਂ ਨੇ ਸਿੱਖਣ ਪ੍ਰਕ੍ਰਿਆ ਨੂੰ ਸਰਲਤਾ ਪ੍ਰਦਾਨ ਕੀਤੀ ਹੈ ਤੇ ਵਿਦਿਆਰਥੀ ਹਰ ਸਵਾਲ ਦਾ ਜੁਆਬ ਅਸਾਨੀ ਨਾਲ ਲੱਭ ਲੈਂਦੇ ਹਨ।ਸਰਕਾਰੀ ਸਕੂਲ ਅਧਿਆਪਕਾਂ ਵੱਲੋਂ ਤਿਆਰ ਕੀਤੀ ਡਿਜ਼ੀਟਲ ਸਮੱਗਰੀ ਨੇ ਸਕੂਲੀ ਵਿੱਦਿਆ ਨੂੰ ਪੂਰੀ ਤਰ੍ਹਾਂ ਸਮਾਰਟ ਬਣਾ ਦਿੱਤਾ ਹੈ।