ਭਗਵੰਤ ਮਾਨ ਦੇ ਹੱਕ ਚ ਵਰਕਰ ਆਏ ਸਾਹਮਣੇ ਅਤੇ ਵਿਧਾਇਕ ਚੁੱਪ
ਕੀ ਹੋਵੇਗੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਰਣਨੀਤੀ ?
ਗੁਰਸੇਵਕ ਸਹੋਤਾ/ਪਾਲੀ ਵਜੀਦਕੇ, ਮਹਿਲ ਕਲਾਂ 3 ਸਤੰਬਰ 2021
ਪੰਜਾਬ ਵਿੱਚ ਜਿੱਥੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਵਿਰੁੱਧ ਰੋਸ ਪ੍ਰਦਰਸ਼ਨ ਸ਼ਿਖਰ ਤੇ ਹੈ, ਉਥੇ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਵੀ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ। ਕਾਂਗਰਸ ਪਾਰਟੀ ਚ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪੋ ਆਪਣੀ ਸਾਖ ਬਣਾਉਣ ਦੇ ਚੱਕਰ ਵਿੱਚ ਫਸੇ ਹੋਏ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ 100 ਵਿਧਾਨ ਸਭਾ ਹਲਕਿਆਂ ਚ ਰੈਲੀਆਂ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ।
ਇਹ ਵੱਖਰੀ ਗੱਲ ਹੈ ਕਿ ਉਹ ਜਿੱਥੇ ਵੀ ਰੈਲੀ ਕਰਨ ਲਈ ਜਾਂਦੇ ਹਨ, ਉਥੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ। ਭਾਵੇਂ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਜ਼ਿਆਦਾ ਵਿਰੋਧ ਦਾ ਸ਼ਿਕਾਰ ਨਹੀਂ ਹੋਈ, ਪਰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਨੂੰ ਲੈ ਕੇ ਦੁਬਿਧਾ ਵਿੱਚ ਜ਼ਰੂਰ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਥੇ ਨਾ ਹੀ ਪਾਰਟੀ ਕਨਵੀਨਰ ਅਰਵਿੰਦ ਅਰਵਿੰਦ ਕੇਜਰੀਵਾਲ ਤੋ ਬਾਹਰ ਹੋ ਰਹੇ ਹਨ ਅਤੇ ਨਾ ਹੀ ਭਗਵੰਤ ਮਾਨ ਦੀ ਲੋਕਪ੍ਰਿਅਤਾ ਨੂੰ ਆਪਣੀਆਂ ਚੋਣਾਂ ਵਿੱਚ ਵਰਤਣ ਲਈ ਗਵਾਉਣਾ ਚਾਹੁੰਦੇ ਹਨ। ਇਸ ਲਈ ਅੱਜ ਆਮ ਆਦਮੀ ਪਾਰਟੀ ਦੀ ਹਾਲਤ ਸਭ ਤੋਂ ਪਤਲੀ ਹੋ ਚੁੱਕੀ ਹੈ।
ਅਰਵਿੰਦ ਕੇਜਰੀਵਾਲ ਵੱਲੋ ਪੰਜਾਬ ਆਉਣ ਸਮੇਂ ਪੰਜਾਬ ਨੂੰ ਇਕ ਸਿੱਖ ਚਿਹਰਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਤੇ ਕੁੰਵਰ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਭਗਵੰਤ ਮਾਨ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਸਨ, ਭਗਵੰਤ ਮਾਨ ਤੋਂ ਲਗਾਤਾਰ ਪੰਜਾਬ ਦੀ ਕੁਰਸੀ ਖੁਸਦੀ ਦਿਖਾਈ ਦੇ ਰਹੀ ਸੀ। ਜਿਸ ਕਰਕੇ ਲੋਕ ਸਭਾ ਹਲਕਾ ਸੰਗਰੂਰ ਦੇ ਆਮ ਵਰਕਰ ਨੂੰ ਅੱਗੇ ਹੋਣਾ ਪਿਆ ਤੇ ਉਸ ਦੇ ਨਾਲ ਹੀ ਸਮੁੱਚੇ ਪੰਜਾਬ ਦੇ ਵਰਕਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨਣ ਲਈ ਅੱਗੇ ਉੱਠ ਖੜ੍ਹੇ ਹੋਏ।
ਆਪ ਵਰਕਰਾਂ ਨੇ ਸਿੱਧਾ ਵਿਧਾਇਕਾਂ ਨੂੰ ਵੀ ਚੈਲੇਂਜ ਕਰਦਿਆਂ ਭਗਵੰਤ ਮਾਨ ਦੇ ਨਾਲ ਖੜ੍ਹੇ ਹੋਣ ਦੀ ਗੱਲ ਤੱਕ ਕਹਿ ਦਿੱਤੀ ਸੀ। ਭਾਵੇਂ ਕਿ ਬਹੁਤ ਸਾਰੇ ਵਿਧਾਇਕ ਅਜੇ ਚੁੱਪ ਹਨ, ਪਰ ਕੁਲਤਾਰ ਸਿੰਘ ਸੰਧਵਾਂ ਅਤੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਢਿੱਲੇ ਜਿਹੇ ਮੂੰਹ ਨਾਲ ਭਗਵੰਤ ਮਾਨ ਦਾ ਸਾਥ ਦੇਣ ਦਾ ਦਾਅਵਾ ਜ਼ਰੂਰ ਕਰ ਰਹੇ ਹਨ। ਜਿਸ ਦਾ ਅੰਦਾਜ਼ਾ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਹਲਕਾ ਮਹਿਲ ਕਲਾਂ ਚ ਵਰਕਰਾਂ ਦੇ ਦਬਾਅ ਹੇਠ ਵਿਧਾਇਕ ਪੰਡੋਰੀ ਨੂੰ ਆਪਣੇ ਆਫਿਸ਼ੀਅਲ ਪੇਜ਼ ਤੇ ਪੋਸਟ ਸ਼ੇਅਰ ਕਰਨੀ ਪਈ, ਜਿਸ ਵਿੱਚ ਪਹਿਲਾਂ ਉਨ੍ਹਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨੇ ਜਾਣ ਦੀ ਮੰਗ ਕੀਤੀ, ਜਦਕਿ ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਭਗਵੰਤ ਮਾਨ ਦਾ ਨਾਮ ਹਟਾ ਕੇ ਸਿਰਫ਼ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਸੀ। ਜਿਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ।
ਭਾਵੇਂ ਕਿ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਆਮ ਵਰਕਰਾਂ ਦੀਆਂ ਭੀੜਾਂ ਜੁੜਨੀਆਂ ਸ਼ੁਰੂ ਹੋ ਗਈਆਂ ਹਨ, ਪਰ ਕੁਝ ਵਿਧਾਇਕਾਂ ਨੂੰ ਛੱਡ ਕੇ ਕੋਈ ਵੀ ਵਿਧਾਇਕ ਭਗਵੰਤ ਮਾਨ ਦੇ ਹੱਕ ‘ਚ ਖੁੱਲ੍ਹੇ ਰੂਪ ਚ ਨਹੀਂ ਆਇਆ। ਜਿਸ ਨੂੰ ਲੈ ਕੇ ਵਰਕਰਾਂ ਚ ਨਿਰਾਸ਼ਾ ਵੀ ਦੇਖਣ ਨੂੰ ਮਿਲ ਰਹੀ ਹੈ। ਵਿਧਾਇਕ ਆਪਣੀ ਟਿਕਟ ਕੱਟੇ ਜਾਣ ਦੇ ਡਰੋਂ ਅਤੇ ਹਲਕਾ ਇੰਚਾਰਜ ਇੰਚਾਰਜੀ ਤੋਂ ਲਾਹੇ ਜਾਣ ਦੇ ਡਰੋਂ ਪਾਰਟੀ ਵਿਰੁੱਧ ਬੋਲਣ ਤੋਂ ਕਿਨਾਰਾ ਕਰ ਰਹੇ ਹਨ। ਭਾਵੇਂ ਕਿ ਜਦੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਇਸ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਭਗਵੰਤ ਮਾਨ ਨੂੰ ਪਾਰਟੀ ਦਾ ਵੱਡਾ ਆਗੂ ਅਤੇ ਇੰਜਣ ਤੱਕ ਕਹਿਕੇ ਵਡਿਆਈ ਦਿੱਤੀ ਸੀ, ਪਰ ਵਿਧਾਇਕ ਕੁਲਵੰਤ ਪੰਡੋਰੀ ਦੀ ਜਿੱਤ ਲਈ ਵੱਡਾ ਰੋਲ ਅਦਾ ਕਰਨ ਵਾਲੇ ਮਾਨ ਦੇ ਹੱਕ ਵਿੱਚ ਆਉਣ ਲਈ ਪੰਡੋਰੀ ਨੂੰ ਕੀ ਡਰ ਸਤਾਅ ਰਿਹਾ ਹੈ।
ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦਾ ਕੀ ਏਜੰਡਾ ਹੋਵੇਗਾ। ਭਾਵੇਂ ਕਿ ਕਿਸੇ ਵੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਅਜੇ ਤਕ ਐਲਾਨ ਨਹੀਂ ਕੀਤਾ, ਪਰ ਆਮ ਆਦਮੀ ਪਾਰਟੀ ਦੀ ਇਸ ਮੰਗ ਨੂੰ ਲੈ ਕੇ ਸਥਿਤੀ ਹਾਸੋਹੀਣੀ ਬਣੀ ਹੋਈ ਹੈ।
Advertisement