ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ , ਥਾਣਾ ਸਦਰ ਬਰਨਾਲਾ ਦੀ ਬਿਲਡਿੰਗ ਨੂੰ ਉਦਘਾਟਨ ਦਾ ਇੰਤਜ਼ਾਰ
ਕਵਾਲਿਟੀ ਪੱਖੋਂ ਘਟੀਆ, ਪਰ ਬਜ਼ਾਰੀ ਮੁੱਲ ਤੋਂ ਮਹਿੰਗਾ ਖਰੀਦਿਆ ਗਿਆ ਫਰਨੀਚਰ, ਕਮਿਸ਼ਨ ‘ਚ ਹੀ ਚਲੇ ਗਏ ਬੈੱਡ ਤੇ ਟੇਬਲ
ਹਰਿੰਦਰ ਨਿੱਕਾ , ਬਰਨਾਲਾ 4 ਸਤੰਬਰ 2021
ਥਾਣਾ ਸਦਰ ਬਰਨਾਲਾ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਕਾਫੀ ਸਮੇਂ ਤੋਂ ਤਿਆਰ ਹੋ ਚੁੱਕੀ ਬਿਲਡਿੰਗ ਨੂੰ ਹਾਲੇ ਤੱਕ ਉਦਘਾਟਨ ਦਾ ਹੀ ਇੰਤਜ਼ਾਰ ਹੈ। ਜਦੋਂਕਿ ਥਾਣਾ ਸਦਰ ਬਰਨਾਲਾ ਵਿਖੇ ਤਾਇਨਾਤ ਅਧਿਕਾਰੀ ਅਤੇ ਕਰਮਚਾਰੀ ਥਾਣੇ ਦੀ ਮੌਜੂਦਾ ਖਸ਼ਤਾਹਾਲ ਬਿਲਡਿੰਗ ਵਿੱਚ ਹੀ ਜਾਨ ਜੋਖਿਮ ਵਿੱਚ ਪਾ ਕੇ ਰਹਿਣ ਨੂੰ ਮਜਬੂਰ ਹਨ। ਉੱਧਰ ਥਾਣਾ ਸਦਰ ਬਰਨਾਲਾ ਦੀ ਤਿਆਰ ਹੋਈ ਇਸ ਨਵੀਂ ਬਿਲਡਿੰਗ ਲਈ ਖਰੀਦੇ ਗਏ ਲੱਖਾਂ ਰੁਪਏ ਦੇ ਸਰਕਾਰੀ ਫਰਨੀਚਰ ਨੂੰ ਖਰੀਦ ਸਮੇਂ ਹੀ ਭ੍ਰਿਸ਼ਟਾਚਾਰ ਦਾ ਘੁਣ ਲੱਗਣ ਦੀ ਭੀ ਗੱਲ ਬਾਹਰ ਆ ਗਈ ਹੈ। ਪੁਲਿਸ ਦੇ ਆਲ੍ਹਾ ਸੂਤਰਾਂ ਦੀ ਮੰਨੀਏ ਤਾਂ ਤਤਕਾਲੀ ਪੁਲਿਸ ਮੁਖੀ ਸੰਦੀਪ ਗੋਇਲ ਵੱਲੋਂ ਫਰਨੀਚਰ ਦੀ ਖਰੀਦ ਸਮੇਂ ਘਟੀਆ ਮਿਆਰ ਅਤੇ ਵੱਧ ਮੁੱਲ ਦੇ ਖਰੀਦ ਕੀਤੇ ਫਰਨੀਚਰ ਦੀ ਭਿਣਕ ਪੈਣ ਤੇ ਕਵਾਲਿਟੀ ਅਤੇ ਖਰੀਦ ਕੀਮਤਾਂ ਦੀ ਜਾਂਚ ਲਈ ਬਕਾਇਦਾ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ। ਜਿਸ ਦੀ ਰਿਪੋਰਟ ਸ਼ਾਇਦ ਉਨਾਂ ਦਾ ਤਬਾਦਲਾ ਹੋ ਜਾਣ ਤੋਂ ਬਾਅਦ ਫਿਲਹਾਲ ਠੰਡੇ ਬਸਤੇ ਵਿੱਚ ਹੀ ਪਾ ਦਿੱਤੀ ਗਈ।
ਵਰਨਣਯੋਗ ਹੈ ਕਿ ਥਾਣਾ ਸਦਰ ਬਰਨਾਲਾ ਦੀ ਮੌਜੂਦਾ ਖਸ਼ਤਾਹਾਲ ਬਿਲਡਿੰਗ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਸੁਪਰਡੈਂਟੀ ਮੁਹੱਲੇ ਵਿਖੇ ਪੈਂਦੇ ਪੁਰਾਣੇ ਕਿਲੇ ਦੀ ਥਾਂ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਮਾਡਲ ਥਾਣਾ ਬਣਾਇਆ ਗਿਆ ਹੈ। ਜਿਹੜਾ ਹਰ ਪੱਖ ਤੋਂ ਤਿਆਰ ਹੋ ਚੁੱਕਿਆ ਹੈ। ਇੱਥੇ ਹੀ ਬੱਸ ਨਹੀਂ, ਥਾਣੇ ਦੀ ਬਿਲਡਿੰਗ ਪੁਲਿਸ ਵਿਭਾਗ ਨੂੰ ਹੈਂਡਉਵਰ ਵੀ ਕੀਤੀ ਜਾ ਚੁੱਕੀ ਹੈ। ਪਰੰਤੂ ਫਿਰ ਵੀ ਪਤਾ ਨਹੀਂ ਕਿਉਂ, ਹਾਲੇ ਤੱਕ ਨਵੇਂ ਥਾਣੇ ਵਿੱਚ ਥਾਣਾ ਸਦਰ ਨੂੰ ਸ਼ਿਫਟ ਨਹੀਂ ਕੀਤਾ ਗਿਆ । ਹਾਲਤ ਇਹ ਹੈ ਕਿ ਥਾਣਾ ਸਦਰ ਵਿਖੇ ਤਾਇਨਾਤ ਵਿਚਾਰੇ ਪੁਲਿਸ ਕਰਮਚਾਰੀ ਖਸ਼ਤਾਹਾਲ ਬਿਲਡਿੰਗ ਵਿੱਚ ਹੀ ਦਿਨ ਕਟੀ ਕਰ ਰਹੇ ਹਨ ।
ਸਾਢੇ 6 ਲੱਖ ਰੁਪਏ ਦਾ ਖਰੀਦਿਆ ਫਰਨੀਚਰ !
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਬਰਨਾਲਾ ਦੀ ਨਵੀਂ ਬਿਲਡਿੰਗ ਲਈ ਕਰੀਬ ਸਾਢੇ 6 ਲੱਖ ਰੁਪਏ ਦਾ ਫਰਨੀਚਰ ਵੀ ਖਰੀਦਿਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਫਰਨੀਚਰ ਦੀ ਖਰੀਦ ਕਰਨ ਵਾਲਿਆਂ ਨੇ ਮਿਆਰ ਪੱਖੋਂ ਘਟੀਆ ਅਤੇ ਬਜ਼ਾਰੀ ਕੀਮਤ ਨਾਲੋ ਵੱਧ ਰੇਟਾਂ ਤੇ ਫਰਨੀਚਰ ਖਰੀਦ ਕੀਤਾ ਗਿਆ। ਯਾਨੀ ਬਿੱਲ ਵਧੀਆ ਕਵਾਲਿਟੀ ਦਿਖਾ ਕੇ ਵੱਧ ਰੁਪੱਈਆ ਦੇ ਬਣਾਏ ਗਏ ਹਨ ਜਦੋਂਕਿ ਜਿਹੜਾ ਫਰਨੀਚਰ ਖਰੀਦਿਆ ਗਿਆ, ਉਹ ਮਿਆਰ ਦੇ ਮਾਪਦੰਡਾਂ ਤੇ ਖਰ੍ਹਾ ਨਹੀਂ, ਉਤਰ ਰਿਹਾ। ਖਰੀਦ ਸਮੇਂ ਇੱਕ ਅਧਿਕਾਰੀ ਵੱਲੋਂ ਕਮਿਸ਼ਨ ਵਿੱਚ ਹੀ ਫਰਨੀਚਰ ਹਾਊਸ ਤੋਂ ਇੱਕ ਮਹਿੰਗਾ ਬੈਡ ਅਤੇ ਕੁੱਝ ਟੇਬਲ ਆਪਣੇ ਲਈ ਬਣਵਾ ਲੈਣ ਦੀ ਚਰਚਾ ਵੀ ਪੁਲਿਸ ਮਹਿਕਮੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਜੁਬਾਨ ਤੇ ਹੈ । ਐਸਐਸਪੀ ਸ਼੍ਰੀ ਭਗੀਰਥ ਸਿੰਘ ਮੀਨਾ ਨੇ ਪੁੱਛਣ ਤੇ ਦੋ ਟੁੱਕ ਸ਼ਬਦਾ ਵਿੱਚ ਜੁਆਬ ਦਿੱਤਾ ਕਿ ਥਾਣੇ ਦੀ ਬਿਲਡਿੰਗ ਦਾ ਉਦਘਾਟਨ ਕਦੋਂ ਕਰਨਾ ਹੈ, ਇਹ ਪੁਲਿਸ ਮਹਿਕਮੇ ਦਾ ਅੰਦਰੂਨੀ ਮਾਮਲਾ ਹੈ, ਪ੍ਰੋਸੀਜ਼ਰ ਪੂਰਾ ਹੋਣ ਤੋਂ ਬਾਅਦ ,ਉਚਿਤ ਸਮੇਂ ਤੇ ਉਦਘਾਟਨ ਕਰ ਦਿੱਤਾ ਜਾਵੇਗਾ। ਫਰਨੀਚਰ ਦੀ ਖਰੀਦ ਸਮੇਂ ਕਵਾਲਿਟੀ ਨੂੰ ਨਜ਼ਰਅੰਦਾਜ ਕਰਕੇ ਮਹਿੰਗੇ ਮੁੱਲ ਤੇ ਖਰੀਦ ਕੀਤੇ ਫਰਨੀਚਰ ਸਬੰਧੀ ਤਤਕਾਲੀ ਐਸਐਸਪੀ ਸੰਦੀਪ ਗੋਇਲ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਬਾਰੇ ਐਸਐਸਪੀ ਸ਼੍ਰੀ ਮੀਨਾ ਨੇ ਕਿਹਾ ਕਿ ਇਹ ਮਹਿਕਮੇ ਦੀਆਂ ਅੰਦਰੂਨੀ ਗੱਲਾਂ ਹਨ, ਜਿੰਨਾਂ ਬਾਰੇ ਉਹ ਫਿਲਹਾਲ ਕੁੱਝ ਨਹੀਂ ਕਹਿ ਸਕਦੇ।