100 ਤੋਂ ਵੱਧ ਖਾਈਵਾਲ , 2 ਹਜ਼ਾਰ ਤੋਂ ਵੱਧ ਏਜੰਟ, ਹਰ ਦਿਨ ਹੋ ਰਹੀ ਲੱਖਾਂ ਰੁਪਏ ਦੀ ਜਿੱਤ ਹਾਰ
ਰਿਕਸ਼ੇ ਰੇਹੜੀ ਵਾਲਿਆਂ ਤੋਂ ਲੈ ਕੇ ਵੱਡੇ ਸ਼ਾਹੂਕਾਰ ਬੇਖੌਫ ਖੇਡ ਰਹੇ ਦੜੇ ਸੱਟੇ ਦੀ ਖੇਡ, ਕੋਈ ਰੋਕ ਟੋਕ ਨਹੀਂ
ਚੱਪੇ-ਚੱਪੇ ਤੇ ਫਿਰਦੀਆਂ ਪੁਲਿਸ ਦੀਆਂ ਗੱਡੀਆਂ ਤੇ ਪੀ.ਸੀ.ਆਰ. , ਆਖਿਰ ਕਿਉਂ ਖਾਈਵਾਲਾਂ ਅੱਗੇ ਬੇਬੱਸ ਹੋ ਕੇ ਰਹਿ ਗਈ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 2 ਸਤੰਬਰ 2021
ਬਰਨਾਲਾ ਸ਼ਹਿਰ ਅੰਦਰ ਪੁਲਿਸ ਵੱਲੋਂ ਦੜੇ-ਸੱਟੇ ਅਤੇ ਸਰਕਾਰੀ ਲਾਟਰੀ ਦੀ ਆੜ ਹੇਠ ਚੱਲ ਸੱਟੇ ਨੂੰ ਲੱਗਭੱਗ ਹਰੀ ਝੰਡੀ ਹੀ ਮਿਲੀ ਹੋਈ ਹੈ । ਬੇਸ਼ੱਕ ਇਸ ਸਬੰਧੀ ਕੋਈ ਐਲਾਨ ਤਾਂ ਨਹੀਂ ਹੋਇਆ, ਪਰੰਤੂ ਸ਼ਹਿਰ ਦੇ ਬਾਹਰੀ ਖੇਤਰਾਂ ਤੋਂ ਲੈ ਕੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੀਆਂ ਵੱਖ ਵੱਖ ਮਾਰਕਿਟਾਂ ਵਿੱਚ ਸ਼ਰੇਆਮ ਚੱਲ ਰਹੀਆਂ ਸੱਟੇ ਦੀਆਂ ਦੁਕਾਨਾਂ ਇਸ ਦਾ ਸਿਰ ਚੜ੍ਹਕੇ ਮੂੰਹ ਬੋਲਦਾ ਸਬੂਤ ਹੈ। ਸ਼ਹਿਰ ਅੰਦਰ ਹਰ ਸਮੇਂ ਹੂਟਰ ਮਾਰਦੀਆਂ ਘੁੰਮਦੀਆਂ ਪੁਲਿਸ ਦੀਆਂ ਗੱਡੀਆਂ ਅਤੇ ਪੀ.ਸੀ.ਆਰ ਵਾਲੇ ਪੁਲਿਸ ਕਰਮਚਾਰੀਆਂ ਦੀਆਂ ਧਾੜਾਂ ਦਾ ਵੀ ਦੜੇ ਸੱਟੇ ਦੇ ਕਾਰੋਬਾਰੀਆਂ ਨੂੰ ਜ਼ਰਾ ਜਿੰਨਾਂ ਵੀ ਕੋਈ ਖੌਫ ਨਹੀਂ ਹੈ। ਖੌਫ ਹੋਵੇ ਵੀ ਕਿਉਂ, ਜਦੋਂ ਸ਼ਰੇਆਮ ਚੱਲਦੀਆਂ ਦੁਕਾਨਾਂ ਨੂੰ ਰੋਕਣ ਵਾਲਾ ਹੀ ਕੋਈ , ਉਨਾਂ ਨੂੰ ਅੱਗਿਉਂ ਟੱਕਰਦਾ ਹੀ ਨਹੀਂ ਹੈ।
ਜੇਕਰ ਪੁਲਿਸ ਖਾਈਵਾਲਾਂ ਦੀਆਂ ਦੁਕਾਨਾਂ ਉੱਪਰ ਭੁੱਲ ਚੁੱਕ ਨਾਲ ਕੋਈ ਰੇਡ ਵੀ ਕਰਦੀ ਹੈ ਤਾਂ ਹਿਸ ਦੀ ਭਿਣਕ ਸੱਟੇਬਾਜਾਂ ਦੇ ਥਾਣਿਆਂ ਵਿੱਚ ਪੁਲਿਸ ਵਰਦੀ ਵਿੱਚ ਬੈਠੇ ਖੈਰ ਖੁਆਹ ਪੁਲਿਸ ਰੇਡ ਦੀ ਸੂਚਨਾ ਖਾਈਵਾਲਾਂ/ਦੁਕਾਨਦਾਰਾਂ ਨੂੰ ਰੇਡ ਤੋਂ ਪਹਿਲਾਂ ਹੀ ਪਹੁੰਚਾ ਦਿੰਦੇ ਹਨ। ਜਿਸ ਕਾਰਣ ਕੇਲਿਆਂ ਵਾਲੇ ਬੱਚ ਜਾਂਦੇ ਹਨ ਅਤੇ ਛਿਲਕਿਆਂ ਵਾਲੇ ਪੁਲਿਸ ਦੇ ਹੱਥੇ ਚੜ੍ਹ ਜਾਂਦੇ ਹਨ। ਯਾਨੀ ਸੱਟੇਬਾਜ ਦੁਕਾਨ ਸੰਚਾਲਕ ਫੁਰਰ ਹੋ ਜਾਂਦੇ ਹਨ ਅਤੇ ਉਨਾਂ ਦੇ ਨੌਕਰ ਤੇ ਮੌਕੇ ਤੇ ਸੱਟਾ ਲਾਉਣ ਆਏ ਗ੍ਰਾਹਕ ਹੀ ਪੁਲਿਸ ਪਾਰਟੀ ਦੇ ਹੱਥ ਲੱਗਦੇ ਹਨ। ਇਕ ਸਰਵੇ ਅਨੁਸਾਰ ਸ਼ਹਿਰ ਅੰਦਰ ਕਰੀਬ 100 ਖਾਈਵਾਲ ਕੰਮ ਕਰ ਰਹੇ ਹਨ ਅਤੇ ਕਰੀਬ 2 ਹਜ਼ਾਰ ਤੋਂ ਵਧੇਰੇ ਸ਼ਹਿਰ ਦੇ ਚੱਪੇ ਚੱਪੇ ਤੇ ਸੱਟਾ ਲੁਵਾਉਣ ਦਾ ਏਜੰਟ ਦੇ ਤੌਰ ਤੇ ਕੰਮ ਕਰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਅੰਦਰ ਹਰ ਦਿਨ ਲੱਖਾਂ ਰੁਪਏ ਦਾ ਦੜੇ ਸੱਟੇ ਦਾ ਕਾਰੋਬਾਰ ਹੁੰਦਾ ਹੈ।
ਮੌਕਾ ਮੁਆਇਨਾ , ਪਰਦੇ ਕੇ ਪੀਛੇ ਕਿਆ ਹੈ,,,
ਕੇਸ 1- ਸ਼ਹਿਰ ਦੇ ਬੱਸ ਸਟੈਂਡ ਵਿੱਚ ਬਕਾਇਦਾ ਪੁਲਿਸ ਚੌਂਕੀ ਵੀ ਹੈ, ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਚੌਂਕੀ ਤੋਂ ਕੁੱਝ ਫਰਲਾਂਗ ਦੀ ਦੂਰੀ ਤੇ ਬੱਸ ਸਟੈਂਡ ਦੀ ਬੈਕ ਸਾਈਡ ਵਿਖੇ ਸ਼ਰੇਆਮ ਚੱਲ ਰਹੀ ਦੁਕਾਨ ਤੇ ਜਦੋਂ ਬਰਨਾਲਾ ਟੂਡੇ ਦੀ ਟੀਮ ਪਹੁੰਚੀ ਤਾਂ ਮੀਟ ਸ਼ੌਪ ਦੇ ਨੇੜੇ ਇੱਕ ਬਿਨਾਂ ਨੰਬਰ ਲੱਗੀ ਦੁਕਾਨ ਨੂੰ ਧਾਰੀਦਾਰ ਪਰਦਾ ਲੱਗਿਆ ਹੋਇਆ ਸੀ ,ਕਰੀਬ ਅੱਧੇ ਘੰਟੇ ਦੇ ਸਮੇਂ ਦੌਰਾਨ 20 ਤੋਂ 25 ਵਿਅਕਤੀ, ਉੱਥੇ ਸੱਟਾ ਲਾਉਣ ਅਤੇ ਸੱਟੇ ਦੀ ਪਰਚੀ ਆਉਣ ਤੋਂ ਬਾਅਦ ਰੁਪੱਈਏ ਲੈ ਕੇ ਜਾਂਦੇ ਰਹੇ। ਦੁਕਾਨ ਦੇ ਆਲੇ ਦੁਆਲੇ ਆਉਣ ਜਾਣ ਵਾਲੇ ਸ਼ੱਕੀ ਵਿਅਕਤੀਆਂ ਤੇ ਨਿਗ੍ਹਾ ਬਣਾਈ ਟਹਿਲਦੇ ਕੁੱਝ ਏਜੰਟਾਂ ਅਤੇ ਖਾਈਵਾਲ ਨੂੰ ਜਦੋਂ ਮੀਡੀਆ ਟੀਮ ਬਾਰੇ ਭਿਣਕ ਪਈ ਤਾਂ ਦੁਕਾਨ ਅੰਦਰ ਇੱਕ ਦੁੱਕਾ ਬੰਦੇ ਹੀ ਰਹਿ ਗਏ ਅਤੇ ਬਹੁਤੇ ਦੱਬੇ ਪੈਰੀਂ ਖਿਸਕ ਗਏ।
ਕੇਸ 2 – ਵਾਲਮੀਕ ਚੌਂਕ ਦੇ ਨੇੜੇ 22 ਏਕੜ ਮਾਰਕਿਟ ਖੇਤਰ ਵਿੱਚ ਕੌਰਨਰ ਦੀ ਇੱਕ ਦੁਕਾਨ ਅੰਦਰ ਵੀ ਕਾਫੀ ਭੀੜ ਦੇਖਣ ਨੂੰ ਮਿਲੀ, ਜਦੋਂ ਬਰਨਾਲਾ ਟੂਡੇ ਦੀ ਟੀਮ ਦੁਕਾਨ ਦੇ ਨੇੜੇ ਪਹੁੰਚੀ ਤਾਂ ਕੰਧ ਤੇ ਚਿਪਕਿਆ ਦੜੇ ਸੱਟੇ ਵਾਲਾ ਚਾਰਟ ਵੇਖਣ ਲਈ ਕਾਫੀ ਨੌਜਵਾਨ ਤੇ ਬਜੁਰਗ ਉਸ ਉੱਤੇ ਹੀ ਟਿਕਟਿਕੀ ਲਾਈ ਵੇਖਦੇ ਰਹੇ। ਕਾਫੀ ਵਿਅਕਤੀਆਂ ਦੇ ਚਿਹਰੇ ਰਿਜਲਟ ਵੇਖ ਕੇ ਮੁਰਝਾ ਗਏ ਅਤੇ ਕਈ ਮੁਸਕਰੀਆਂ ਹੱਸਦੇ ਹੱਸਦੇ ਰੁਪਏ ਗਿਣਦੇ ਗਿਣਦੇ ਉੱਥੋਂ ਤੁਰਦੇ ਬਣੇ, ਗੱਲ ਸਾਫ ਸੀ ਕਿ ਮੁਰਝਾਏ ਚਿਹਰਿਆਂ ਵਾਲਿਆਂ ਦੇ ਪੱਲੇ ਹਾਰ ਅਤੇ ਖਿੜ੍ਹੇ ਚਿਹਰਿਆਂ ਵਾਲੀਆਂ ਦੀ ਝੋਲੀ ਜਿੱਤ ਪੈ ਗਈ। ਜਦੋਂ ਦੁਕਾਨ ਦੇ ਬਾਹਰ ਘੁੰਮ ਰਹੇ ਏਜੰਟਾਂ ਤੇ ਖਾਈਵਾਲ ਦਾ ਧਿਆਨ ਪੱਤਰਕਾਰਾਂ ਵੱਲ ਗਿਆ ਤਾਂ ਉਨਾਂ ਇਸ਼ਾਰੇ ਨਾਲ ਹੀ ਦੁਕਾਨ ਬੰਦ ਕਰਨ ਲਈ ਕਹਿ ਦਿੱਤਾ। ਦੇਖਦਿਆਂ ਦੇਖਦਿਆਂ ਹੀ ਗ੍ਰਾਹਕ ਉੱਥੋਂ ਖਿਸਕ ਗਏ ਅਤੇ ਦੁਕਾਨ ਦਾ ਮੁਲਾਜਮ ਸ਼ਟਰ ਬੰਦ ਕਰਕੇ ਚਲਦਾ ਬਣਿਆ।
ਕਪਤਾਨ ਬਦਲਿਆ ਤਾਂ ਧੜਾਧੜ ਖੁੱਲ੍ਹੀਆਂ ਦੁਕਾਨਾਂ,
ਬੇਸ਼ੱਕ ਸ਼ਹਿਰ ਦੇ ਧੁਰ ਅੰਦਰ ਬਜਾਰਾਂ ‘ਚ ਵੀ ਦੜੇ ਸੱਟੇ ਦੀਆਂ ਦੁਕਾਨਾਂ ਪਹਿਲਾਂ ਵੀ ਚੱਲਦੀਆਂ ਹੀ ਰਹੀਆਂ ਹਨ, ਪਰੰਤੂ ਦੁਕਾਨਾਂ ਖੋਹਲਣ ਵਾਲਿਆਂ ਨੂੰ ਪੁਲਿਸ ਰੇਡ ਦਾ ਡਰ ਹਮੇਸ਼ਾ ਬਣਿਆਂ ਰਹਿੰਦਾ ਸੀ। ਪਰੰਤੂ ਹੁਣ ਪੁਲਿਸ ਪਤਾ ਨਹੀਂ ਕਿਉਂ ਪੁਰਾਣੇ ਰੌਅ ਵਿੱਚ ਦਿਖਾਈ ਨਹੀਂ ਦਿਖ ਰਹੀ। 22 ਏਕੜ ਖੇਤਰ ਦੇ ਕੁੱਝ ਵਿਅਕਤੀਆਂ ਨੇ ਪੁੱਛਣ ਤੇ ਕਿਹਾ ਕਿ ਜਦੋਂ ਤੋਂ ਐਸ.ਐਸ.ਪੀ ਸੰਦੀਪ ਗੋਇਲ ਦੀ ਬਦਲੀ ਹੋਈ ਹੈ, ਉਦੋਂ ਤੋਂ ਹੀ ਬੱਸ ਸਟੈਂਡ ਅਤੇ 22 ਏਕੜ ਖੇਤਰ ਵਿੱਚ ਦੋ ਦੁਕਾਨਾਂ ਧੜੱਲੇ ਨਾਲ ਖੁੱਲ੍ਹ ਗਈਆਂ ਹਨ, ਜਿੱਥੇ ਭੀੜਾਂ ਵੀ ਲੱਗੀਆਂ ਰਹਿੰਦੀਆਂ ਹਨ। ਉਨਾਂ ਕਿਹਾ ਕਿ ਦੜੇ ਸੱਟੇ ਦੀਆਂ ਦੁਕਾਨਾਂ ਤੇ ਆਉਣ ਵਾਲੇ ਕੁੱਝ ਨਸ਼ੇੜੀ ਕਿਸਮ ਦੇ ਵਿਅਕਤੀ, ਇਲਾਕੇ ਅੰਦਰ ਹੋ ਰਹੀਆਂ ਝਪਟਮਾਰੀ ਅਤੇ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ। ਉਨਾਂ ਕਿਹਾ ਕਿ ਸ਼ੱਕੀ ਕਿਸਮ ਤੇ ਨੌਜਵਾਨਾਂ ਦੀਆਂ ਗਤੀਵਿਧੀਆਂ ਇਲਾਕੇ ਦੇ ਲੋਕਾਂ ਲਈ ਦਹਿਸ਼ਤ ਦਾ ਕਾਰਣ ਵੀ ਬਣ ਰਹੀਆਂ ਹਨ।