ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਸਾਹਮਣੇ ਹੋ ਰਹੀ ਮਾਇਨੰਗ ਰੋਕੀ , ਮੌਕੇ ਤੇ ਪਹੁੰਚੀ ਐਸ .ਡੀ. ਉ ਮਾਈਨਿੰਗ ਬਲਜੀਤ ਸਿੰਘ ਦੀ ਅਗਵਾਈ ਵਿੱਚ ਵਿਭਾਗ ਦੀ ਟੀਮ
ਡੀਸੀ ਫੂਲਕਾ ਨੇ ਕਿਹਾ, ਨਜ਼ਾਇਜ ਮਾਈਨਿੰਗ ਸਬੰਧੀ ਪੂਰੇ ਮਾਮਲੇ ਦੀ ਗਹਿਰਾਈ ਨਾਲ ਹੋਵੇਗੀ ਪੜਤਾਲ
700 ਰੁਪਏ ਪ੍ਰਤੀ ਟਰਾਲੀ ਦੇ ਹਿਸਾਬ ਨਾਲ ਮਾਲਿਕਾਂ ਨੇ ਵੇਚੀਆਂ ਹਜ਼ਾਰਾਂ ਟਰਾਲੀਆਂ
ਮੌਕੇ ਦੇ ਮੌਜੂਦ ਪ੍ਰਥਮ ਜਿੰਦਲ ਨੇ ਕਿਹਾ, ਸਾਨੂੰ ਨਹੀਂ ਪਤਾ ਸੀ, ਮਾਈਨਿੰਗ ਲਈ ਮੰਜੂਰੀ ਦੀ ਵੀ ਹੁੰਦੀ ਐ ਲੋੜ
ਹਰਿੰਦਰ ਨਿੱਕਾ , ਬਰਨਾਲਾ 25 ਅਗਸਤ 2021
ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਟੰਡਨ ਵਾਲੀ ਕੋਠੀ ਵਾਲੀ ਕਰੀਬ 9 ਕਨਾਲ ਜਮੀਨ ਦੇ ਕਾਫੀ ਹਿੱਸੇ ‘ਚ ਮਾਈਨਿੰਗ ਵਿਭਾਗ ਦੇ ਕੁੱਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਪਿਛਲੇ ਕਰੀਬ 2 ਮਹੀਨਿਆਂ ਤੋਂ ਹੋ ਰਹੀ ਨਜ਼ਾਇਜ ਮਾਈਨਿੰਗ ਨੂੰ ਅੱਜ ਵਿਭਾਗ ਦੇ ਐਸਡੀਉ ਨੇ ਰੋਕ ਦਿੱਤਾ ਹੈ। ਇਹ ਮਾਮਲਾ ਬਰਨਾਲਾ ਟੂਡੇ ਵੱਲੋਂ ਪ੍ਰਮੁੱਖਤਾ ਨਾਲ ਨਸ਼ਰ ਕਰਨ ਤੋਂ ਬਾਅਦ ਹੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਰਕਤ ਵਿੱਚ ਆਏ ਹਨ। ਜਦੋਂ ਕਿ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਇਸ ਤੋਂ ਪਹਿਲਾਂ ਸ਼ਹਿਰ ਦੇ ਧੁਰ ਅੰਦਰ ਸ਼ਰੇਆਮ ਹੋ ਰਹੀ ਮਾੲਨਿੰਗ ਦੀ ਭਿਣਕ ਹੀ ਨਹੀਂ ਪਈ। ਹੁਣ ਜਦੋਂ ਹੀ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨਾਂ ਬਿਨਾਂ ਕਿਸੇ ਦੇਰੀ ਗੈਰਕਾਨੂੰਨੀ ਢੰਗ ਨਾਲ ਹੋ ਰਹੀ ਮਾਈਨਿੰਗ ਨੂੰ ਰੋਕ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਮਰਸ਼ੀਅਲ ਕੰਪਲੈਕਸ ਤਿਆਰ ਕਰ ਰਹੇ ਮਾਲਿਕਾਂ ਦਾ ਵੇਰਵਾ ਦੇਣ ਲਈ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਅੱਜ ਹੀ ਲਿਖਤੀ ਪੱਤਰ ਵੀ ਭੇਜ ਦਿੱਤਾ ਗਿਆ ਹੈ।
ਵਰਨਣਯੋਗ ਹੈ ਕਿ ਕਰੀਬ 2 ਮਹੀਨਿਆਂ ਤੋਂ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਟੰਡਨ ਵਾਲੀ ਕੋਠੀ ਵਾਲੀ ਥਾਂ ਤੇ ਬਹੁਕਰੋੜੀ ਕੰਪਲੈਕਸ ਦਾ ਨਿਰਮਾਣ ਕਰ ਰਹੇ ਧਨਾਢ , ਮਾਈਨਿੰਗ ਵਿਭਾਗ ਤੋਂ ਬਿਨਾਂ ਮੰਨਜੂਰੀ ਲਿਆਂ ਹੀ ਧੜੱਲੇ ਅਤੇ ਧੌਂਸ ਨਾਲ ਬੇਸਮੈਂਟ ਬਣਾਉਣ ਲਈ ਹਜ਼ਾਰਾਂ ਵਰਗ ਗਜ਼ ਵਿੱਚੋਂ ਮਾਈਨਿੰਗ ਤੇ ਲੱਗੀ ਰੋਕ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਮਿੱਟੀ ਪੁੱਟ ਰਹੇ ਸਨ। ਜਿਸ ਸਬੰਧੀ ਨਗਰ ਕੌਂਸਲ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਸਿਰਾਹਣੇ ਥੱਲੇ ਬਾਂਹ ਧਰ ਕੇ ਸੌਂ ਰਹੇ ਸਨ। ਜਦੋਂ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਖੇਤਾਂ ਵਿੱਚੋਂ ਰੇਤ ਮਿੱਟੀ ਪੁੱਟਣ ਵਾਲੇ ਕਿਸਾਨਾਂ ਦਾ ਅਕਸਰ ਸ਼ਿਕੰਜ਼ਾ ਕਸਦੇ ਰਹਿੰਦੇ ਹਨ। ਕਰੀਬ ਇੱਕ ਹਫਤਾ ਪਹਿਲਾਂ ਵੀ ਕੁੱਝ ਲੋਕਾਂ ਨੇ ਇਹ ਮਾਮਲਾ, ਮਾਈਨਿੰਗ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ। ਪਰੰਤੂ ਫਿਰ ਵੀ ਅਧਿਕਾਰੀ ਆਪਣੇ ਰੁਝੇਵਿਆਂ ਦਾ ਬਹਾਨਾ ਲਾ ਕੇ ਮੌਕਾ ਮੁਆਇਨਾ ਕਰਨ ਤੋਂ ਵੀ ਕੰਨੀ ਕਤਰਾਉਂਦੇ ਰਹੇ ਸਨ। ਲੰਘੀ ਕੱਲ੍ਹ ਇਹ ਮਾਮਲਾ ਬਰਨਾਲਾ ਟੂਡੇ ਵੱਲੋਂ ਪ੍ਰਮੁੱਖਤਾ ਨਾਲ ਨਸ਼ਰ ਕਰਕੇ, ਜਿਲ੍ਹਾ ਪ੍ਰਸ਼ਾਸ਼ਨ ਅਤੇ ਮਾਈਨਿੰਗ ਮਹਿਕਮੇ ਦੇ ਆਲ੍ਹਾ ਅਧਿਕਾਰੀਆਂ ਦੇ ਕੰਨਾਂ ਤੱਕ ਪਹੁੰਚਾਇਆ ਗਿਆ । ਜਿਸ ਤੋਂ ਦੂਜੇ ਦਿਨ ਹੀ ਮਹਿਕਮੇ ਦੇ ਕਾਫੀ ਚਿਰ ਤੋਂ ਚੁੱਪ ਵੱਟੀ ਬੈਠੇ ਅਧਿਕਾਰੀ ਕਾਰਵਾਈ ਕਰਨ ਲਈ ਮੌਕੇ ਵਾਲੀ ਥਾਂ ਪਹੁੰਚ ਗਏ।
ਤਹਿਸੀਲਦਾਰ ਨੂੰ ਮਾਲਕੀ ਦੱਸਣ ਲਈ ਭੇਜੀ ਚਿੱਠੀ-ਐਸਡੀਉ ਬਲਜੀਤ ਸਿੰਘ
ਡਰੇਨਜ ਐਂਡ ਮਾਈਨਿੰਗ ਵਿਭਾਗ ਜਿਲ੍ਹਾ ਬਰਨਾਲਾ ਦੇ ਐਸਡੀਉ ਬਲਜੀਤ ਸਿੰਘ ਨੇ ਦੱਸਿਆ ਕਿ ਉਨਾਂ ਅੱਜ ਵਿਭਾਗ ਦੇ ਜੇ.ਈ ਤੇ ਹੋਰ ਕਰਮਚਾਰੀਆਂ ਨੂੰ ਨਾਲ ਲੈ ਕੇ ਉਕਤ ਨਜ਼ਾਇਜ ਮਾਈਨਿੰਗ ਵਾਲੀ ਜਗ੍ਹਾ ਦਾ ਮੌਕਾ ਦੇਖਿਆ। ਮੌਕੇ ਤੇ ਬਿਨਾਂ ਮੰਜੂਰੀ ਹੋ ਰਹੀ ਮਾਇਨੰਗ ਰੋਕ ਦਿੱਤੀ ਗਈ। ਐਸਡੀਉ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗੱਲ ਨੂੰ ਬੇਬੁਨਿਆਦ ਦੱਸਿਆ, ਉਨਾਂ ਕਿਹਾ ਕਿ ਇਹ ਮਾਮਲਾ ਕਿਸੇ ਨੇ ਵੀ ਪਹਿਲਾਂ ਉਨਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ ਸੀ। ਉਨਾਂ ਨਜਾਇਜ ਮਾਈਨਿੰਗ ਹੋਣ ਬਾਰੇ ਵਿਭਾਗ ਦੇ ਕਰਮਚਾਰੀਆਂ ਜਾਂ ਅਧਿਕਾਰੀਆਂ ਦੀ ਲਾਪਰਵਾਹੀ ਤੇ ਚੁੱਪ ਵੱਟ ਲਈ। ਉਨਾਂ ਕਿਹਾ ਕਿ ਮਾਈਨਿੰਗ ਵਾਲੀ ਜਗ੍ਹਾ ਦੇ ਮਾਲਿਕਾਂ ਬਾਰੇ ਦੱਸਣ ਲਈ ਅੱਜ ਹੀ ਤਹਿਸੀਲਦਾਰ ਬਰਨਾਲਾ ਨੂੰ ਪੱਤਰ ਲਿਖਿਆ ਗਿਆ ਹੈ। ਮਾਲਿਕਾਂ ਦਾ ਵੇਰਵਾ ਮਿਲਦਿਆਂ ਹੀ ਐਫ.ਆਈ.ਆਰ. ਦਰਜ਼ ਕਰਵਾਉਣ ਲਈ ਅਗਲੀ ਕਾਨੂੰਨੀ ਕਾਰਵਾਈ ਵਿੱਢੀ ਜਾਵੇਗੀ। ਉਨਾਂ ਕਿਹਾ ਕਿ ਵਿਭਾਗ ਵੱਲੋਂ ਮੰਜੂਰੀ ਸਬੰਧੀ ਕਿਸੇ ਸਮਰੱਥ ਅਧਿਕਾਰੀ ਵੱਲੋਂ ਪੇਸ਼ ਸਰਟੀਫਿਕੇਟ ਜਾਂ ਪੱਖ ਪੇਸ਼ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਜਾ ਰਿਹਾ ਹੈ। ਉਨਾਂ ਮੰਨਿਆ ਕਿ ਮੌਕਾ ਦੇਖਣ ਤੋਂ ਪਹਿਲੀ ਨਜ਼ਰ ਪ੍ਰਤੀਤ ਹੁੰਦਾ ਹੈ ਕਿ ਨਜਾਇਜ ਮਾਈਨਿੰਗ ਰਾਹੀਂ ਹਜ਼ਾਰਾਂ ਕਿਊਬ ਮਿੱਟੀ ਪੁੱਟੀ ਗਈ ਹੈ। ਜਿਸ ਦਾ ਪੂਰਾ ਹਿਸਾਬ ਲਗਾ ਕੇ ਮਾਲਿਕਾਂ ਤੋਂ ਫੀਸ ਵੀ ਭਰਵਾਈ ਜਾਵੇਗੀ।
ਬਿਨਾਂ ਨੰਬਰ ਟਰੈਕਟਰ ਢੌਂਦੇ ਰਹੇ 700 ਰੁਪਏ ਪ੍ਰਤੀ ਟਰਾਲੀ ਮੁੱਲ ਦੀ ਮਿੱਟੀ!
ਬੇਸ਼ੱਕ ਬਿਨਾਂ ਨੰਬਰ ਦੋ ਪਹੀਆ ਵਾਹਨਾਂ ਨੂੰ ਰੋਕਣ ਲਈ ਪੁਲਿਸ ਕਰਮਚਾਰੀ ਪੱਬਾਂ ਭਾਰ ਰਹਿੰਦੇ ਹਨ, ਪਰੰਤੂ ਨਜਾਇਜ ਮਾਈਨਿੰਗ ਲਈ ਸ਼ਹਿਰ ਅੰਦਰ ਚੱਲਦੇ ਬਿਨਾਂ ਨੰਬਰ ਟਰੈਕਟਰਾਂ ਨੂੰ ਰੋਕਣਾ ਕਿਸੇ ਪੁਲਿਸ ਕਰਮਚਾਰੀ ਨੇ ਵੀ ਜਰੂਰੀ ਨਹੀਂ ਸਮਝਿਆ। ਇੱਕ ਟ੍ਰੈਕਟਰ ਟਰਾਲੀ ਚਾਲਕ ਨੇ ਪੁੱਛਣ ਤੇ ਦੱਸਿਆ ਕਿ ਉਹ 700 ਰੁਪਏ ਪ੍ਰਤੀ ਟਰਾਲੀ ਦੇ ਹਿਸਾਬ ਨਾਲ ਮਿੱਟੀ ਸੁੱਟ ਰਹੇ ਹਨ, ਜਦੋਂ ਉਨਾਂ ਨੂੰ ਇਕੱਠੀਆਂ 20/25 ਟਰਾਲੀਆਂ ਦੇ ਰੇਟ ਪੁੱਛਿਆ ਤਾਂ ਉਨਾਂ ਕਿਹਾ ਕਿ ਫਿਰ ਉਹ 650 ਰੁਪਏ ਟਰਾਲੀ ਦੇ ਹਿਸਾਬ ਨਾਲ ਮਿੱਟੀ ਸੁੱਟ ਦੇਣਗੇ। ਟਰਾਲੀਆਂ ਦਾ ਪਿੱਛਾ ਕਰਨ ਤੋਂ ਪਤਾ ਲੱਗਿਆ ਕਿ ਨਜਾਇਜ ਮਾਈਨਿੰਗ ਵਾਲੀ ਮਿੱਟੀ ਆਸਥਾ ਕਲੋਨੀ ਦੇ ਕੁੱਝ ਪਲਾਟਾਂ ਅਤੇ ਧਨੌਲਾ ਰੋਡ ਤੇ ਹੀ ਹੌਂਡਾ ਏਜੰਸੀ ਵਾਲੀ ਗਲੀ ਅੰਦਰ ਬਣ ਰਹੀਆਂ ਕਿਸੇ ਕਲੋਨਾਈਜਰ ਦੀਆਂ ਸੜ੍ਹਕਾਂ ਤੇ ਭਰਤ ਪਾਈ ਜਾ ਰਹੀ ਹੈ।
ਕਬਜ਼ੇ ਵਿੱਚ ਕਿਉਂ ਨਹੀਂ ਲਈ ਜੇਸੀਬੀ ਅਤੇ ਟਰੈਕਟਰ ਟਰਾਲੀਆਂ!
ਬੇਸ਼ੱਕ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਈਨਿੰਗ ਰੋਕ ਦਿੱਤੀ, ਪਰੰਤੂ ਉਨਾਂ ਨਜਾਇਜ ਢੰਗ ਨਾਲ ਮਾਈਨਿੰਗ ਦੇ ਕੰਮ ਵਿੱਚ ਲੱਗੀ ਜੇ.ਸੀ.ਬੀ ਅਤੇ ਟਰੈਕਟਰ ਟਰਾਲੀਆਂ ਨੂੰ ਕਬਜ਼ੇ ਵਿੱਚ ਲੈਣਾ ਆਖਿਰ ਕਿਉਂ ਜਰੂਰੀ ਨਹੀਂ ਸਮਝਿਆ, ਇਹ ਤਾਂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੱਖਰੇ ਪੱਧਰ ਤੇ ਹੋਣ ਵਾਲੀ ਪੜਤਾਲ ਦੌਰਾਨ ਹੀ ਸਾਹਮਣੇ ਆਵੇਗਾ । ਡਿਪਟੀ ਕਮਿਸ਼ਨਰ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਉਹ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਤੋਂ ਜੁਆਬ ਤਲਬੀ ਕਰਨ ਲਈ ਆਲ੍ਹਾ ਪ੍ਰਸ਼ਾਸ਼ਨਿਕ ਅਧਿਕਾਰੀ ਤੋਂ ਪੜਤਾਲ ਵੀ ਕਰਵਾਉਣਗੇ ਤਾਂ ਕਿ ਪੂਰੇ ਮਾਮਲੇ ਦੀ ਹਕੀਕਤ ਸਾਹਮਣੇ ਆ ਸਕੇ। ਜਿਰਕਯੋਗ ਹੈ ਕਿ ਬਰਨਾਲਾ ਟੂਡੇ ਦੀ ਟੀਮ ਕੋਲ ਟੰਡਨ ਵਾਲੀ ਜਗ੍ਹਾ ਤੇ ਉੱਸਰ ਰਹੀ ਬਹੁਕਰੋੜੀ ਕਮਰਸ਼ੀਅਲ ਇਮਾਰਤ ਦੀ ਖਰੀਦ ਅਤੇ ਪਾਸ ਹੋਏ ਨਕਸ਼ਿਆਂ ਸਬੰਧੀ ਕਾਫੀ ਅਹਿਮ ਜਾਣਕਾਰੀਆਂ ਵੀ ਪਹੁੰਚ ਗਈਆਂ ਹਨ, ਜਿੰਨਾਂ ਦਾ ਲੜੀਵਾਰ ਖੁਲਾਸਾ ਕਰਕੇ ਸਰਕਾਰੀ ਖਜ਼ਾਨੇ ਨੂੰ ਲੱਗੇ ਕਰੋੜਾਂ ਰੁਪਏ ਦੇ ਚੂਨੇ ਦਾ ਭਾਂਡਾ ਭੰਨਿਆ ਜਾਵੇਗਾ।