16 ਹੋਰ ਦੀ ਰਿਪੋਰਟ ਵੀ ਜਲਦ ਆਉਣ ਦੀ ਸੰਭਾਵਨਾ-ਡਾ. ਮੁਨੀਸ਼
ਹਰਿੰਦਰ ਨਿੱਕਾ ਬਰਨਾਲਾ 12 ਅਪ੍ਰੈਲ 2020
ਜਿਲ੍ਹੇ ਦੇ ਕਸਬਾ ਮਹਿਲ ਕਲਾਂ ਦੀ ਰਹਿਣ ਵਾਲੀ ਤੇ ਕੋਰੋਨਾ ਪੌਜੇਟਿਵ 52 ਵਰ੍ਹਿਆਂ ਦੀ ਮ੍ਰਿਤਕਾ ਕਰਮਜੀਤ ਕੌਰ ਦੇ ਪਰਿਵਾਰ ਅਤੇ ਉਸ ਦੇ ਸੰਪਰਕ ਚ, ਆਏ 11 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਅਤੇ ਪ੍ਰਸ਼ਾਸਨ ਨੂੰ ਥੋੜ੍ਹਾ ਸੁੱਖ ਦਾ ਸਾਹ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਜਿਲ੍ਹਾ ਨੋਡਲ ਅਫਸਰ ਡਾਕਟਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਕਰਮਜੀਤ ਕੌਰ ਦੇ ਆਈਸੋਲੇਟ ਕੇਂਦਰ ਚ, ਭਰਤੀ ਪਰਿਵਾਰ ਦੇ 7 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇੱਨ੍ਹਾਂ ਚ, ਰਘੁਵੀਰ ਸਿੰਘ, ਹਰਪ੍ਰੀਤ ਕੌਰ, ਸ਼ੇਰ ਸਿੰਘ ਉਰਫ ਸ਼ਮਸ਼ੇਰ ਸਿੰਘ, ਰਜਿੰਦਰ ਕੌਰ, ਮਨਜੀਤ ਕੌਰ, ਹਰਦੀਪ ਸਿੰਘ ਤੇ ਮਨਦੀਪ ਕੌਰ ਸ਼ਾਮਿਲ ਹਨ। ਕਰਮਜੀਤ ਕੌਰ ਦੇ ਸੰਪਰਕ ਚ, ਆਏ ਸ਼ੱਕੀ ਮਰੀਜ਼ਾਂ ਵਿੱਚ 3 ਸਾਲ ਦਾ ਬੱਚਾ ਸ਼ਿਵਮ ਤੇ ਉਸ ਦੇ ਪਰਿਵਾਰ ਦੀਆਂ ਦੋ ਔਰਤਾਂ ਸਾਧਨਾ ਤੇ ਸਵਿੱਤਰੀ ਵੀ ਸ਼ਾਮਿਲ ਹਨ। ਵਰਨਣਯੋਗ ਹੈ ਕਿ ਕੁਤਬਾ ਪਿੰਡ ਚੋਂ ਲਿਆ ਕੇ ਆਈਸੋਲੇਟ ਕੀਤੇ ਪੁਲਿਸ ਕਰਮਚਾਰੀ ਦੇ ਬੇਟੇ ਤੇ ਸਿੱਖ ਧਰਮ ਨੂੰ ਛੱਡ ਕੇ ਮੁਸਲਿਮ ਧਰਮ ਅਪਣਾ ਲੈਣ ਵਾਲੇ ਤਬਲੀਗੀ ਸੰਪਰਕ ਦੇ ਨੌਜਵਾਨ ਮੁਹੰਮਦ ਫਜ਼ਲ ਦੀ ਰਿਪੋਰਟ ਵੀ ਨੈਗੇਟਿਵ ਪ੍ਰਾਪਤ ਹੋਈ ਹੈ। ਜਦੋਂ ਕਿ ਹੋਰ 16 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਵੀ ਜਲਦ ਆਉਣ ਦੀ ਸੰਭਾਵਨਾ ਹੈ।
* ਘਰੋਂ ਬਾਹਰ ਨਿੱਕਲੇ ਲੋਕਾਂ ਨੂੰ ਹੀ, ਕੋਰੋਨਾ ਆਪਣਾ ਸ਼ਿਕਾਰ ਬਣਾਉਦੈ-ਸੀ.ਐਮ.ਉ ਡਾ. ਗੁਰਿੰਦਰਬੀਰ ਸਿੰਘ
ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿ ਕੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ , ਮੌਤ ਦੀ ਤਰਾਂ ਸਾਡੇ ਸਾਰਿਆਂ ਦੇ ਇਰਦ-ਗਿਰਦ ਯਾਨੀ ਚੌਗਿਰਦੇ ਚ, ਹੀ ਰਹਿੰਦਾ ਹੈ। ਇਸ ਤੋਂ ਬਚਾਉ ਦਾ ਉਪਾਅ , ਭੀੜ ਇਕੱਠੀ ਨਾ ਹੋਣ ਦੇਣਾ ਹੀ ਹੈ। ਇਹ ਵਾਇਰਸ ਝੁੰਡ ਦੀ ਤਰਾਂ ਘਰਾਂ ਚੋਂ ਬਾਹਰ ਨਿੱਕਲੇ ਲੋਕਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਦਾ ਹੈ। ਇਸ ਲਈ ਘਰਾਂ ਤੋਂ ਬਾਹਰ ਗਲੀਆਂ,ਬਾਜ਼ਾਰਾਂ ਵਿੱਚ ਜੁੜ ਕੇ ਬਹਿਣਾ ਖੁਦ ਤੇ ਆਂਢ-ਗੁਆਂਡ ਤੇ ਪੂਰੇ ਸਮਾਜ ਲਈ ਘਾਤਕ ਹੋ ਸਕਦਾ ਹੈ। ,,ਸਾਨੂੰ ਘਰ ਰਹੋ, ਸਿਹਤਮੰਦ ਰਹੋ,, ਦੇ ਸਲੋਗਨ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਲੋੜ ਹੈ। ਤਾਂ ਹੀ ਅਸੀਂ ਕੋਰੋਨਾ ਦੇ ਵਿਰੁੱਧ ਜਾਰੀ ਜੰਗ ਨੂੰ ਬਿਨਾਂ ਕੋਈ ਨੁਕਸਾਨ ਤੋਂ ਜਿੱਤ ਸਕਦੇ ਹਾਂ।