ਪੁਲਿਸ ਨੇ ਨੀਟੂ ਬਾਬਾ ਸਣੇ 2 ਜਣਿਆਂ ਖਿਲਾਫ ਦਰਜ਼ ਕੀਤਾ ਇਰਾਦਾ ਕਤਲ ਤੇ ਡਾਕੇ ਦਾ ਕੇਸ
ਬਰਨਾਲਾ ਦੇ ਇੱਕ ਸਕੈਨ ਸੈਂਟਰ ਵਿੱਚ ਕੰਮ ਕਰਦਾ ਰਿਹਾ ਬਾਬਾ ਬਣਨ ਤੋਂ ਪਹਿਲਾਂ ਨੀਟੂ ਉੱਪਲੀ
ਹਰਿੰਦਰ ਨਿੱਕਾ , ਬਰਨਾਲਾ 8 ਅਗਸਤ 2021
ਲੋਕਾਂ ਦੀਆਂ ਕਸਰਾਂ ਕੱਢਣ ਲਈ ਪੀਰਖਾਨਾ ਬਣਾ ਕੇ ਪੁੱਛਾਂ ਦੇਣ ਵਾਲਾ ਬਾਬਾ ਹੀ ਕੱਟੂ ਪਿੰਡ ਦੀਆਂ 2 ਔਰਤਾਂ ਨੂੰ ਕੁੱਟਮਾਰ ਕਰਕੇ ਬੰਦੀ ਬਣਾ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਵਾਲਾ ਲੁਟੇਰਾ ਨਿੱਕਲਿਆ ਹੈ। ਪੁਲਿਸ ਨੇ ਦੋਸ਼ੀ ਨੀਟੂ ਬਾਬਾ ਖਿਲਾਫ ਸੰਗੀਨ ਜੁਰਮਾਂ ਤਹਿਤ ਕੇਸ ਦਰਜ਼ ਕਰਕੇ, ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਕੇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਐਸ.ਐਚ.ਉ. ਗੁਰਤਾਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਹੱਥੋਂ ਗੰਭੀਰ ਰੂਪ ਵਿੱਚ ਜਖਮੀ ਹੋਈ ਅਮਰਜੀਤ ਕੌਰ ਪਤਨੀ ਰੂਪ ਸਿੰਘ ਵਾਸੀ ਕੱਟੂ ਦੇ ਬਿਆਨਾਂ ਦੇ ਆਧਾਰ ਤੇ ਦੋਸੀਆ ਖਿਲਾਫ ਕਾਰਵਾਈ ਕਰਦਿਆਂ ਧਾਰਾਂ 307,397,455,34 ਆਈ ਪੀ ਸੀ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
ਐਸ.ਐਚ.ਉ. ਗੁਰਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਅਮਰਜੀਤ ਕੌਰ ਪਤਨੀ ਰੂਪ ਸਿੰਘ ਉਮਰ ਕਰੀਬ 55 ਸਾਲ ਵਾਸੀ ਕੱਟੂ ਨੇ ਦੱਸਿਆ ਕਿ ਉਸ ਦੇ ਤਿੰਨ ਲੜਕੀਆ ਹਨ , ਸਾਰੀਆਂ ਸ਼ਾਦੀ ਸੁਦਾ ਹਨ , ਪਰੰਤੂ ਮੇਰੇ ਕੋਈ ਲੜਕਾ ਨਹੀ ਹੈ । ਉਸ ਦੇ ਘਰਵਾਲੇ ਰੂਪ ਸਿੰਘ ਦੀ ਅਰਸਾ ਕਰੀਬ 3 ਸਾਲ ਪਹਿਲਾ ਮੌਤ ਹੋ ਚੁੱਕੀ ਹੈ । ਉਨਾਂ ਕਿਹਾ ਕਿ ਮੇਰੀ ਲੜਕੀ ਗੁਰਮੀਤ ਕੌਰ ਪਤਨੀ ਬਲਵੰਤ ਸਿੰਘ ਵਾਸੀ ਠੀਕਰੀਵਾਲ ਨੂੰ ਵਿਆਹੀ ਹੋਈ ਹੈ। ਮੇਰੀ ਲੜਕੀ ਨੂੰ ਅਤੇ ਮੇਰੇ ਜੁਆਈ ਨੂੰ ਮੈਂ ਆਪਣੇ ਪਾਸ ਪਿੰਡ ਕੱਟੂ ਰੱਖ ਲਿਆ ਤਾਂ ਜੋ ਮੇਰੀ ਸੇਵਾ ਸੰਭਾਲ ਹੋ ਸਕੇ । ਮੇਰੀ ਲੜਕੀ ਗੁਰਮੀਤ ਕੌਰ ਅਤੇ ਜਵਾਈ ਬਲਵੰਤ ਸਿੰਘ ਬਰਨਾਲਾ ਵਿਖੇ ਪ੍ਰਾਈਵੇਟ ਤੌਰ ਪਰ ਕੰਮ ਕਰਦੇ ਹਨ । ਜਿਸ ਕਰਕੇ ਮੈਂ ਘਰ ਵਿੱਚ ਮੇਰੇ ਦੋਹਤੇ ਪ੍ਰਹਿਲਾਦ ਸਿੰਘ ਨਾਲ ਰਹਿੰਦੀ ਹਾਂ। ਕਰੀਬ 2 ਮਹੀਨੀਆ ਤੋਂ ਮੇਰੀ ਮਾਤਾ ਸੁਰਜੀਤ ਕੌਰ ਵੀ ਮੇਰੇ ਪਾਸ ਹੀ ਪਿੰਡ ਕੱਟੂ ਸਾਡੇ ਘਰ ਰਹਿ ਰਹੀ ਸੀ। ਅੱਜ ਮੈਂ ਅਤੇ ਮੇਰੀ ਮਾਤਾ ਸੁਰਜੀਤ ਕੌਰ ਦੇਵੇ ਘਰ ਵਿੱਚ ਇਕੱਲੀਆ ਸੀ ਮੇਰੀ ਲੜਕੀ ਲੜਕੀ ਅਤੇ ਮੇਰਾ ਜੁਆਈ ਸਮੇਤ ਮੇਰੇ ਦੋਹਤੋ ਦੇ ਬਰਨਾਲਾ ਵਿਖੇ ਗਏ ਹੋਏ ਸਨ।
ਅਮਰਜੀਤ ਕੌਰ ਨੇ ਦੱਸਿਆ ਕਿ ਕੱਲ੍ਹ ਵਕਤ ਕਰੀਬ 12:30 ਵਜੇ ਦਿਨ ਦਾ ਹੋਵੇਗਾ ਕਿ ਸਾਡੇ ਘਰ ਦੇ ਗੇਟ ਅੱਗੇ ਇੱਕ ਮੋਟਰ ਸਾਇਕਲ ਪਰ 2 ਵਿਅਕਤੀ ਆਏ ਅਤੇ ਮੋਟਰ ਸਾਇਕਲ ਗੇਟ ਅੱਗੇ ਖੜ੍ਹਾ ਕਰਕੇ ਸਾਡੇ ਘਰ ਅੰਦਰ ਆ ਗਏ। ਜਿੰਨਾ ਵਿੱਚੋਂ ਇੱਕ ਨੂੰ ਮੈਂ ਪਹਿਲਾਂ ਤੋਂ ਜਾਣਦੀ ਹਾਂ ਜਿਸ ਦਾ ਨਾਮ ਰਜਿੰਦਰ ਸਿੰਘ ਉਰਫ ਨੀਟੂ ਪੁੱਤਰ ਤੇਜਾ ਸਿੰਘ ਵਾਸੀ ਉੱਪਲੀ ਸੀ ਅਤੇ ਦੂਸਰੇ ਵਿਅਕਤੀ ਦਾ ਨਾਮ ਇਹ ਬਿੰਦਰ ਸਿੰਘ ਲੈਂਦਾ ਸੀ , ਜੋ ਮੈਂ ਸੁਣਿਆ ਹੈ। ਰਜਿੰਦਰ ਸਿੰਘ ਉਰਫ ਨੀਟੂ ਮੈਨੂੰ ਕਹਿਣ ਲੱਗਾ ਕਿ ਮਾਤਾ ਅਸੀਂ ਬਾਹਰ ਕਿਸੇ ਡਾਕਟਰ ਦੇ ਪੋਸਟਰ ਲਾਉਦੇ ਫਿਰਦੇ ਹਾਂ , ਸਾਨੂੰ ਪਾਣੀ ਪਿਲਾ ਦਿਉ । ਮੈਂ ਇਹਨਾ ਨੂੰ ਪਾਣੀ ਪਿਲਾ ਦਿੱਤਾ ਤਾਂ ਇਹ ਦੋਂਵੇ ਜਾਣੇ ਬਾਹਰ ਨੂੰ ਚਲੇ ਗਏ ਅਤੇ ਕਰੀਬ 10 ਕੁ ਮਿੰਟ ਬਾਅਦ ਰਜਿੰਦਰ ਸਿੰਘ @ ਨੀਟੂ ਦੁਬਾਰਾ ਫਿਰ ਸਾਡੇ ਘਰ ਦੇ ਅੰਦਰ ਆ ਗਏ ਅਤੇ ਕਹਿਣ ਲੱਗਿਆ ਕਿ ਮਾਤਾ ਸਾਨੂੰ ਚਾਹ ਬਣਾ ਕੇ ਪਿਲਾ ਦੇ ਅਤੇ ਇਹ ਸਾਡੇ ਬਰਾੜੇ ਵਿੱਚ ਮੇਰੀ ਮਾਤਾ ਕੋਲ ” ਜੇ ਘਰ ਬੈਠ ਗਏ । ਮੈਂ ਚਾਹ ਬਣਾਉਣ ਲਈ ਰਸੋਈ ਵਿੱਚ ਲਈ ਗਈ ਤਾਂ ਰਜਿੰਦਰ ਸਿੰਘ ਉਰਫ ਨੀਟੂ ਮੇਰੇ ਪਿੱਛੇ ਰਸੋਈ ਵਿੱਚ ਆ ਗਿਆ ਅਤੇ ਮੈਨੂੰ ਪਿੱਛੇ ਦੀ ਗਲੇ ਤੋਂ ਫੜ ਕੇ ਥੱਲੇ ਸੁੱਟ ਦਿੱਤਾ ਅਤੇ ਸਾਡੀ ਰਸੋਈ ਵਿੱਚ ਪਿਆ ਵੱਟਾ ਚੁੱਕ ਕੇ ਮੇਰੇ ਸਿਰ ਵਿੱਚ ਕਈ ਵਾਰੀ ਮਾਰਿਆ ,ਜਦੋਂ ਕਿ ਦੂਸਰੇ ਵਿਅਕਤੀ ਨੇ ਬਰਾਂਡੇ ਵਿੱਚ ਬੈਠੀ ਮੇਰੀ ਮਾਤਾ ਦਾ ਗਲਾ ਘੁੱਟ ਦਿੱਤਾ ਅਤੇ ਸਾਡੇ ਵਿਹੜੇ ਵਿੱਚੋਂ ਪਈ ਇੱਟ ਚੁੱਕ ਕੇ ਉਸ ਦੇ ਵੀ ਸਿਰ ਵਿੱਚ ਮਾਰਨ ਲੱਗਾ ਅਤੇ ਮੇਰੀ ਮਾਤਾ ਸੁਰਜੀਤ ਕੌਰ ਨੂੰ ਮੇਰੇ ਕੋਲ ਸਾਡੀ ਰਸੋਈ ਵਿੱਚ ਸੁੱਟ ਦਿੱਤਾ। ਉਨਾਂ ਕਿਹਾ ਕਿ ਮੇਰੇ ਸੱਟ ਜਿਆਦਾ ਹੋਣ ਕਰਕੇ ਅਤੇ ਖੂਨ ਜਿਆਦਾ ਨਿਕਲਣ ਲੱਗ ਪਿਆ । ਮੇਰੀ ਮਾਤਾ ਨੂੰ ਵੀ ਹੋਸ਼ ਨਹੀਂ ਸੀ।
ਡਿੱਗੀ ਪਈ ਦੇ ਕੰਨਾਂ ਲਾਹੀਆਂ ਦੋਵੇਂ ਬਾਲੀਆਂ
ਅਮਰਜੀਤ ਕੌਰ ਨੇ ਦੱਸਿਆ ਕਿ ਦੋਸ਼ੀਆਂ ਨੇ ਮੇਰੇ ਡਿੱਗੀ ਪਈ ਦੀਆਂ ਕੰਨਾ ਚੋਂ ਦੋਵੇਂ ਵਾਲੀਆਂ ਖਿੱਚ ਲਈਆ । ਜਿਸ ਕਾਰਨ ਮੇਰੇ ਕੰਨਾਂ ਦਾ ਮਾਸ ਪਾਟ ਗਿਆ । ਫਿਰ ਇਹਨਾਂ ਨੇ ਸਾਡੇ ਸਾਰੇ ਘਰ ਦੀ ਫਰੋਲਾ ਫਰਾਲੀ ਕਰਕੇ ਜੋ ਵੀ ਸੋਨਾ ਜਾਂ ਚਾਂਦੀ ਸਾਡੇ ਘਰ ਪਈ ਸੀ , ਉਹ ਸਾਰੀ ਚੁੱਕ ਕੇ ਲੈ ਗਏ , ਕੁੱਝ ਸਮੇਂ ਬਾਅਦ ਮੈਨੂੰ ਥੋੜੀ ਹੋਸ਼ ਆਈ ਤਾਂ ਮੈਂ ਰੌਲਾ ਪਾਇਆ ਤੇ ਸਾਡੇ ਗੁਆਂਢ ਵਿੱਚ ਲੋਕਾਂ ਦਾ ਇਕੱਠ ਹੋ ਗਿਆ ਜਿੰਨਾ ਨੇ ਗੱਡੀ ਦਾ ਪ੍ਰਬੰਧ ਕਰਕੇ ਸਾਨੂੰ ਸਰਕਾਰੀ ਹਸਪਤਾਲ ਬਰਨਾਲਾ ਪਹੁੰਚਾਇਆ।
ਐਸ.ਐਚ.ਉ ਗੁਰਤਾਰ ਸਿੰਘ ਨੇ ਦੱਸਿਆ ਕਿ ਸੁਰਜੀਤ ਕੌਰ ਨੇ ਆਪਣੀ ਲੜਕੀ ਅਮਰਜੀਤ ਕੌਰ ਦੇ ਬਿਆਨ ਦੀ ਤਾਇਦ ਕੀਤੀ ਬਿਆਨ ਅਤੇ ਮੈਡੀਕਲ ਰਿਪੋਰਟ ਤੋਂ ਜੁਰਮ 307,397,455, 34 I P C ਦਾ ਹੋਣਾ ਪਾਇਆ ਜਾਂਦਾ ਹੈ । ਇਸ ਲਈ ਦੋਸ਼ੀਆਂ ਰਜਿੰਦਰ ਸਿੰਘ ਉਰਫ ਨੀਟੂ ਅਤੇ ਬਿੰਦਰ ਸਿੰਘ ਦੇ ਖਿਲਾਫ ਮੁਕੱਦਮਾਂ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਬਰਨਾਲਾ ਦੇ ਇੱਕ ਸਕੈਨ ਸੈਂਟਰ ਤੇ ਕੰਮ ਕਰਦਾ ਰਿਹੈ ਨੀਟੂ ਬਾਬਾ
ਵਰਨਣਯੋਗ ਹੈ ਕਿ ਕਾਫੀ ਲੰਬਾ ਸਮਾਂ ਪਹਿਲਾਂ ਬਰਨਾਲਾ ਦੇ ਇਕ ਨਿੱਜੀ ਸਕੈਨ ਸੈਂਟਰ ਤੇ ਨੌਕਰੀ ਕਰਨ ਵਾਲੇ ਅਖੌਤੀ ਬਾਬੇ ਨੀਟੂ ਸਿੰਘ ਦਾ ਪਿਛੋਕੜ ਅਪਰਾਧਿਕ ਹੀ ਰਿਹਾ ਹੈ । ਜਿਸ ਵੱਲੋਂ ਪਹਿਲਾਂ ਵੀ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ । ਪਰੰਤੂ ਹੁਣ ਕੁੱਝ ਅਰਸਾ ਪਹਿਲਾਂ ਪਿੰਡ ਉਪਲੀ ਨਜਦੀਕ ਇਕ ਪੀਰਖਾਨਾ ਬਣਾ ਕੇ ਉਸ ਨੇ ਆਪਣਾ ਤੋਰੀ ਫੁਲਕਾ ਤੁਰਦਾ ਕਰ ਲਿਆ ਸੀ। ਲੋਕਾਂ ਨੇ ਦੱਸਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਘਰ ਨਾਲ ਇਹ ਅਖੌਤੀ ਬਾਬਾ ਸਕੇਨ ਸੈਂਟਰ ਸਮੇਂ ਤੋਂ ਜੁੜਿਆ ਹੋਇਆ ਸੀ । ਜਿਹੜਾ ਹਾਲੇ ਕੁੱਝ ਦਿਨ ਪਹਿਲਾਂ ਹੀ ਭੰਡਾਰਾਂ ਕਰਵਾਉਣ ਦੇ ਨਾਮ ਤੇ ਇਸ ਪਰਿਵਾਰ ਤੋਂ 1500 ਰੁਪਏ ਲੈ ਕੇ ਗਿਆ ਸੀ। ਪਰ ਇਸ ਦੀ ਕੱਲ੍ਹ ਘਰ ਆਏ ਦੀ ਨੀਯਤ ਬਦਲ ਗਈ । ਜਿਸ ਨੇ ਪਹਿਲਾਂ ਘਰ ਅੰਦਰ ਪਾਣੀ ਪੀਤਾ ਘਰੋਂ ਬਾਹਰ ਚਲੇ ਜਾਣ , ਉਪਰੰਤ ਉਸ ਨੇ ਆਪਣੇ ਇਕ ਹੋਰ ਸਾਥੀ ਸਮੇਤ ਘਰ ਵਿੱਚ ਮੁੜ ਦਾਖਲ ਹੋ ਕੇ ਚਾਹ ਦੀ ਮੰਗ ਕੀਤੀ।
ਬਾਬੇ ਦੀ ਇੱਛਾ ਅਨੁਸਾਰ ਜਦੋਂ ਘਰ ਵਿੱਚ ਇੱਕਲਿਆ ਮਾਂ ਸੁਰਜੀਤ ਕੌਰ ਤੇ ਧੀ ਅਮਰਜੀਤ ਕੌਰ ਨੇ ਰਸੋਈ ਵਿੱਚ ਚਾਹ ਬਣਾਉਣੀ ਚਾਹੀ ਤਾਂ ਉਨ੍ਹਾਂ ਦੋਵਾਂ ਔਰਤਾਂ ਨੂੰ ਕੁੱਟ ਮਾਰ ਕਰਕੇ ਬੰਦੀ ਬਣਾ ਲਿਆ ਤੇ ਘਰ ਅੰਦਰ ਲੁੱਟ ਖਸੁੱਟ ਕੀਤੀ ਤੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ । ਤਰਕਸ਼ੀਲ ਲਹਿਰ ਦੇ ਬਾਨੀ ਸੰਸਥਾਪਕ ਮੇਘਰਾਜ ਮਿੱਤਰ ਨੇ ਕਿਹਾ ਕਿ ਅਜਿਹੇ ਬਾਬਿਆਂ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਪੁਲਿਸ ਨੂੰ ਵੀ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਮਿੱਤਰ ਨੇ ਕਿਹਾ ਕਿ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਕੇ ਅਜਿਹੇ ਪਾਖੰਡੀ ਬਾਬਿਆਂ ਨੂੰ ਆਪਣੇ ਘਰਾਂ ਤੋਂ ਦੂਰ ਹੀ ਰੱਖਣਾ ਚਾਹੀਦਾ ਹੈ।