ਸੀਚੇਵਾਲ ਤੇ ਥਾਪਰ ਮਾਡਲ ਆਧਾਰਤ ਪ੍ਰੋਜੈਕਟਾਂ ਜ਼ਰੀਏ ਸਾਫ਼ ਕਰ ਕੇ ਛੱਪੜਾਂ ਦੇ ਪਾਣੀ ਦੀ ਖੇਤੀਬਾੜੀ ਲਈ ਕੀਤੀ ਜਾਂਦੀ ਹੈ ਵਰਤੋਂ
ਬੀ ਟੀ ਐੱਨ, ਫ਼ਤਹਿਗੜ੍ਹ ਸਾਹਿਬ, 05 ਅਗਸਤ 2021
ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਵਿਧਾਨ ਸਭਾ ਕਮੇਟੀ ਨੇ ਜ਼ਿਲ੍ਹੇ ਦੇ ਤਿੰਨ ਪਿੰਡਾਂ ਜੱਲ੍ਹਾ, ਬਧੌਛੀ ਕਲਾਂ ਤੇ ਨਬੀਪੁਰ ਵਿਖੇ ਛੱਪੜਾਂ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਪੁੱਜੀ ਕਮੇਟੀ ਵਿੱਚ ਵਿਧਾਇਕ ਰਮਨਜੀਤ ਸਿੰਘ ਸਿੱਕੀ ਬਤੌਰ ਸਭਾਪਤੀ, ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਕੁਲਜੀਤ ਸਿੰਘ ਨਾਗਰਾ ਬਤੌਰ ਮੈਂਬਰ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਮੈਂਬਰ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਮੈਂਬਰ ਸ਼ਾਮਲ ਸਨ।
ਇਸ ਮੌਕੇ ਕਮੇਟੀ ਨੇ ਇਨ੍ਹਾਂ ਤਿੰਨਾਂ ਪਿੰਡਾਂ ਵਿੱਚ ਗੰਦੇ ਪਾਣੀ ਨੂੰ ਸੀਚੇਵਾਲ ਤੇ ਥਾਪਰ ਮਾਡਲ ਆਧਾਰਤ ਪ੍ਰੋਜੈਕਟਾਂ ਜ਼ਰੀਏ ਸਾਫ਼ ਕਰ ਕੇ ਛੱਪੜਾਂ ਦੇ ਪਾਣੀ ਦੀ ਵਰਤੋਂ ਖੇਤੀਬਾੜੀ ਲਈ ਕੀਤੇ ਜਾਣ ਦਾ ਜਾਇਜ਼ਾ ਲਿਆ। ਇਸ ਮੌਕੇ ਸ. ਨਾਗਰਾ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਤਹਿਤ ਪਿੰਡਾਂ ਦਾ ਗੰਦਾ ਪਾਣੀ ਜੋ ਕਿ ਟੋਭਿਆਂ ਵਿੱਚ ਪੈਂਦਾ ਸੀ, ਵੱਖ ਵੱਖ ਖੂਹਾਂ ਰਾਹੀਂ ਸਾਫ਼ ਕਰ ਕੇ ਟੋਭਿਆਂ ਵਿੱਚ ਪਾਇਆ ਜਾਂਦਾ ਹੈ ਤੇ ਅੱਗੇ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ।
ਇਨ੍ਹਾਂ ਪ੍ਰੋਜੈਕਟਾਂ ਨਾਲ ਜਿੱਥੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਪੱਕੇ ਤੌਰ ਉਤੇ ਹੱਲ ਹੋਈ ਹੈ, ਉਥੇ ਦਿਨੋਂ ਦਿਨ ਡਿੱਗ ਰਹੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਕਰਨ ਵਿੱਚ ਵੀ ਮਦਦ ਮਿਲ ਰਹੀ ਹੈ ਕਿਉਂਕਿ ਟੋਭਿਆਂ ਦੇ ਪਾਣੀ ਦੀ ਵਰਤੋਂ ਖੇਤਾਂ ਵਿੱਚ ਸਿੰਚਾਈ ਲਈ ਕੀਤੀ ਜਾ ਰਹੀ ਹੈ ਤੇ ਧਰਤੀ ਹੇਠਲੇ ਪਾਣੀ ਉਤੇ ਨਿਰਭਰਤਾ ਘਟ ਰਹੀ ਹੈ। ਟੋਭਿਆਂ ਵਿੱਚੋਂ ਪਾਣੀ ਖੇਤਾਂ ਤੱਕ ਲੈ ਕੇ ਜਾਣ ਲਈ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸੋਲਰ ਮੋਟਰ ਹੈ।
ਇਸ ਪਾਣੀ ਨਾਲ ਖੇਤਾਂ ਵਿੱਚ ਖਾਦ ਪਾਉਣ ਦੀ ਵੀ ਘੱਟ ਲੋੜ ਪੈਂਦੀ ਹੈ ਤੇ ਨਾਲ ਹੀ ਮੋਟਰਾਂ ਚਲਾਉਣ ਲਈ ਵਰਤੀ ਜਾਂਦੀ ਬਿਜਲੀ ਦੀ ਵੀ ਬੱਚਤ ਹੁੰਦੀ ਹੈ। ਇਸ ਦੇ ਨਾਲ ਨਾਲ ਬਧੌਛੀ ਕਲਾਂ ਵਿਖੇ ਮੀਂਹ ਦਾ ਪਾਣੀ ਇੱਕਤਰ ਕਰਨ ਲਈ ਵੀ ਟੋਭੇ ਬਣਵਾਏ ਗਏ ਹਨ ਅਤੇ ਇਨ੍ਹਾਂ ਪਿੰਡਾਂ ਵਿੱਚ ਉਪਰੋਕਤ ਪ੍ਰੋਜੈਕਟਾਂ ਦੇ ਨਾਲ ਖਾਲੀ ਥਾਂ ਵਿਖੇ ਸੁੰਦਰ ਪਾਰਕ ਵੀ ਬਣਾਏ ਗਏ ਹਨ।
ਕਮੇਟੀ ਮੈਂਬਰਾਂ ਨੇ ਸਾਰੇ ਪ੍ਰੋਜਕੈਟਾਂ ਦੇ ਵੱਖ ਵੱਖ ਪੱਖਾਂ ਦੀ ਵਿਸਤਰਤ ਜਾਣਕਾਰੀ ਲਈ ਅਤੇ ਪ੍ਰੋਜੈਕਟਾਂ ਸਬੰਧੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਇਹ ਵੀ ਹਦਾਇਤ ਕੀਤੀ ਕਿ ਪ੍ਰੋਜੈਕਟਾਂ ਤਹਿਤ ਬਣਾਏ ਗਏ ਖੂਹਾਂ ਦੇ ਪਾਣੀ ਦੀ ਨਿਯਮਤ ਤੌਰ ਉਤੇ ਜਾਂਚ ਯਕੀਨੀ ਬਣਾਈ ਜਾਵੇ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਚੇਅਰਮੈਨ, ਮਾਰਕਿਟ ਕਮੇਟੀਆਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ, ਪਿੰਡਾਂ ਦੇ ਪੰਚ ਸਰਪੰਚ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।