ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਿੱਤਾ ਭਰੋਸਾ, ਪੀੜ੍ਹਤ ਬੱਚੀ ਨਾਲ ਵੀ ਕੀਤੀ ਗੱਲਬਾਤ
–ਕਿਹਾ! ਪਰਿਵਾਰ ਨੂੰ ਵਿੱਤੀ ਮੁਆਵਜ਼ਾ ਮੁਹੱਈਆ ਕਰਵਾਉਣ ਦਾ ਕੇਸ ਅਗਲੀ ਕਾਰਵਾਈ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ.) ਲੁਧਿਆਣਾ ਨੂੰ ਸੌਂਪਿਆ ਗਿਆ ਹੈ
ਦਵਿੰਦਰ ਡੀਕੇ , ਲੁਧਿਆਣਾ, 18 ਜੁਲਾਈ 2021
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਵੱਲੋਂ ਅੱਜ 7 ਸਾਲਾ ਬਲਾਤਕਾਰ ਪੀੜ੍ਹਤ ਬੱਚੀ ਨਾਲ ਉਸਦੇ ਪਿੰਡ ਰੁਮੀ, ਨੇੜੇ ਜਗਰਾਉਂ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਹਾਲੇ ਫਰਾਰ ਹੈ ਅਤੇ ਜਲਦ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨਾਲ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਸ.ਚਰਨਜੀਤ ਸਿੰਘ ਸੋਹਲ ਵੀ ਮੌਜੂਦ ਸਨ।
ਜਿਕਰਯੋਗ ਹੈ ਕਿ 9 ਜੁਲਾਈ, 2021 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੁਮੀ ਵਿਖੇ ਇੱਕ 7 ਸਾਲ ਦੀ ਬੱਚੀ ਨਾਲ ਉਸ ਦੇ ਗੁਆਂਢੀ ਨੇ ਬਲਾਤਕਾਰ ਕੀਤਾ ਸੀ। ਜਦੋਂ ਤੋਂ ਇਹ ਘਿਨਾਉਣਾ ਅਪਰਾਧ ਹੋਇਆ ਹੈ, ਦੋਸ਼ੀ ਫਰਾਰ ਹੈ ਅਤੇ ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਉਸਦੀ ਗ੍ਰਿਫਤਾਰੀ ਲਈ ਕਈ ਟੀਮਾਂ ਗਠਿਤ ਕੀਤੀਆਂ ਹਨ, ਜਿਨ੍ਹਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਪੀੜ੍ਹਤ ਲੜਕੀ ਅਤੇ ਉਸਦੇ ਮਾਪਿਆਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਮੁਲਜ਼ਮ ਨੂੰ ਜਲਦ ਤੋਂ ਜਲਦ ਕਾਬੂ ਕਰਨ ਲਈ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਪੀੜ੍ਹਤ ਲੜਕੀ ਨਾਲ ਵੀ ਗੱਲਬਾਤ ਕੀਤੀ।
ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪੀੜ੍ਹਤ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਵਿੱਤੀ ਮੁਆਵਜ਼ਾ ਮੁਹੱਈਆ ਕਰਵਾਉਣ ਦਾ ਕੇਸ ਅਗਲੀ ਕਾਰਵਾਈ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ.) ਲੁਧਿਆਣਾ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਵੀ ਪੀੜ੍ਹਤ ਅਤੇ ਉਸਦੇ ਪਰਿਵਾਰ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।