ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਡੱਟ ਕੇ ਵਿਰੋਧ ਕਰਨ – ਘੁੱਗਸ਼ੋਰ
ਪਰਦੀਪ ਕਸਬਾ , ਕਰਤਾਰਪੁਰ, 22 ਜੂਨ 2021
ਚੋਣਾਂ ਨਹੀਂ ਦਿੱਲੀ ਅੰਦੋਲਨ ਜਿਤਾਓ ਅਤੇ ਵੋਟਾਂ ਮੰਗਣ ਲਈ ਪਿੰਡਾਂ ਵਿੱਚ ਆਉਣ ਵਾਲੇ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਡੱਟ ਕੇ ਵਿਰੋਧ ਕਰਨ ਦਾ ਸੱਦਾ ਦੇਣ ਲਈ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਘੁੱਗਸ਼ੋਰ ਵਿਖੇ ਇਕੱਠ ਕਰਕੇ ਮਾਰਚ ਦੀ ਸ਼ੁਰੂਆਤ ਕੀਤੀ ਗਈ। ਇਹ ਮਾਰਚ ਪਿੰਡ ਘੁੱਗਸ਼ੋਰ ਤੋਂ ਸ਼ੁਰੂ ਹੋ ਕੇ ਫਾਜਿਲਪੁਰ, ਪੱਤੜਕਲਾਂ, ਬਿਸ਼ਰਾਮਪੁਰ, ਖੁਸਰੋਪੁਰ, ਬੱਖੂਨੰਗਲ, ਦਿੱਤੂਨੰਗਲ, ਕਰਤਾਰਪੁਰ ਸ਼ਹਿਰ, ਮੱਲੀਆਂ,ਭੀਖਾਨੰਗਲ ਤੋਂ ਹੁੰਦਾ ਹੋਇਆ ਦਿਆਲਪੁਰ ਵਿਖੇ ਸਮਾਪਤ ਹੋਇਆ।ਮਾਰਚ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ।ਇਸ ਮੌਕੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਸਵਾਗਤ ਕੀਤਾ।
ਇਸ ਮੌਕੇ ਆਗੂਆਂ ਨੇ ਕਿਹਾ ਕਿ 500 ਦੇ ਕਰੀਬ ਕਿਸਾਨ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਦੀ ਅਗਵਾਈ ਵਾਲੀ ਫਾਸ਼ੀਵਾਦੀ ਸਰਕਾਰ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕੀ ਬੈਠੀ ਹੈ। ਭਾਜਪਾ ਸਮੇਤ ਪੰਜਾਬ ਅੰਦਰ ਹਾਕਮ ਜਮਾਤਾਂ ਦੀਆਂ ਨੁਮਾਇੰਦਾ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਵੋਟ ਬੈਂਕ ਦੀ ਰਾਜਨੀਤੀ ਤਹਿਤ ਚੋਣ ਮੁਹਿੰਮ ਲਈ ਹਰ ਤਹੱਈਆ ਕਰ ਰਹੀਆਂ ਹਨ। ਇਹ ਸਮਾਂ ਵੋਟਾਂ ਵੋਟਾਂ ਕਰਨ ਦਾ ਨਹੀਂ ਸਗੋਂ ਇਹ ਸਮਾਂ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਦਾ ਹੈ। ਸਿਆਸੀ ਪਾਰਟੀਆਂ ਪਹਿਲਾਂ ਲੋਕ ਵਿਰੋਧੀ, ਦੇਸ਼ ਵਿਰੋਧੀ ਕਾਨੂੰਨਾਂ ਦੇ ਹੱਕ ਚ ਅਤੇ ਰਾਜਾਂ ਦੇ ਵੱੱਧ ਅਧਿਕਾਰਾਂ ਦੇ ਮਾਮਲੇ ਚ ਵਿਰੋਧ ਵਿੱਚ ਭੁਗਤੀਆਂ ਹਨ। ਇਹਨਾਂ ਪਾਰਟੀਆਂ ਦੇ ਆਗੂ ਹੁਣ ਵੋਟਾਂ ਲੈਣ ਲਈ ਪਿੰਡਾਂ ‘ਚ ਆ ਰਹੇ ਹਨ।ਜਿਸਦਾ ਜਥੇਬੰਦੀਆਂ ਡੱਟ ਕੇ ਵਿਰੋਧ ਕਰਨਗੀਆਂ।
ਉਨ੍ਹਾਂ ਕਿਹਾ ਕਿ ਜਿਹਨਾਂ ਚਿਰ ਲੋਕ ਵਿਰੋਧੀ ਖੇਤੀ ਕਾਨੂੰਨ,ਬਿਜਲੀ ਸੋਧ ਕਾਨੂੰਨ 2020 ਆਦਿ ਰੱਦ ਨਹੀਂ ਹੋ ਜਾਂਦੇ, ਉਹਨਾਂ ਚਿਰ ਵੋਟਾਂ ਮੰਗਣ ਲਈ ਪਿੰਡਾਂ ਵਿੱਚ ਆਉਣ ਵਾਲੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ਵਾਲੇ ਪਾਸੇ ਮੂੰਹ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਦੇ ਆਗੂ ਅਜਿਹਾ ਕਰਦੇ ਹਨ ਤਾਂ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।
ਇਸ ਮੌਕੇ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ 26 ਜੂਨ ਨੂੰ ਗਵਰਨਰ ਹਾਊਸ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਅਤੇ ਦਿੱਲੀ ਦੀਆਂ ਸਰਹੱਦਾਂ ਉੱਤੇ ਚੱਲ ਰਹੇ ਅੰਦੋਲਨ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਕਸ਼ਮੀਰ ਸਿੰਘ ਘੁੱਗਸ਼ੋਰ,ਕੇ ਐੱਸ ਅਟਵਾਲ, ਜਥੇਦਾਰ ਪਿਆਰਾ ਸਿੰਘ,ਬਲਬੀਰ ਸਿੰਘ,ਵੀਰ ਕੁਮਾਰ ਅਤੇ ਵਿਜੈ ਕੁਮਾਰ ਆਦਿ ਨੇ ਸੰਬੋਧਨ ਕੀਤਾ।