ਬੀਕੇਯੂ ਉਗਰਾਹਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਂਜਲੀ ਭੇਟ ਕੀਤੀ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 9 ਜੂਨ 2021
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰਿਲਾਇੰਸ ਪੈਟਰੋਲ ਪੰਪ ਸੰਘੇੜਾ ਉੱਪਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਗਾਇਆ ਪੱਕਾ ਮੋਰਚਾ ਅੱਜ 252 ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਸੰਨ 1716 ਵਿੱਚ ਮੁਗਲ ਹਕੂਮਤ ਨੇ ਅਕਿਹ ਤੇ ਅਸਿਹ ਤਸੀਹੇ ਦੇ ਕੇ ਬਾਬਾ ਬੰਦਾ ਬਹਾਦਰ ਨੂੰ, ਉਸ ਦੇ ਸੈਂਕੜੇ ਸਾਥੀਆਂ ਸਮੇਤ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਸੀ। ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨੂੰ ਫਤਹਿ ਕਰਨ ਬਾਅਦ ਪੰਜਾਬ ਦੇ ਵੱਡੇ ਇਲਾਕੇ ਉਪਰ ਕਬਜਾ ਕੀਤਾ। ਉਸ ਨੇ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਹਲਵਾਹਕਾਂ ਨੂੰ ਤਕਸੀਮ ਕੀਤੀਆਂ ਜਿਸ ਕਰਕੇ ਅੱਜ ਤੱਕ ਵੀ ਪੰਜਾਬੀ ਕਿਸਾਨ, ਸਤਿਕਾਰ ਵਜੋਂ ਉਸ ਨੂੰ ਆਪਣਾ ਪਹਿਲਾ ਤਹਿਸੀਲਦਾਰ ਆਖਦੇ ਹਨ।
ਅੱਜ ਧਰਨੇ ਨੂੰ ਹਰਜੀਤ ਸਿੰਘ ਦੀਵਾਨਾ ,ਰਜਿੰਦਰ ਸਿੰਘ ਖੱਟੂ ਵਜੀਦਕੇ, ਸੁਖਵਿੰਦਰ ਕੌਰ ਹਮੀਦੀ, ਕੁਲਦੀਪ ਸਿੰਘ ਚੌਹਾਨ ਕੇ ,ਨਿਸ਼ਾਨ ਸਿੰਘ ਗੁੰਮਟੀ ,ਬਲਵਿੰਦਰ ਸਿੰਘ ਗਰਮ ਅਤੇ ਮਾਨ ਗਰਮ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਾਡਾ ਵਿਰਸਾ ਅਨਿਆਂ, ਜਬਰ, ਜੁਲਮ ਤੇ ਹਰ ਤਰ੍ਹਾਂ ਦੇ ਦਾਬੇ ਵਿਰੁੱਧ ਲੜਨ ਤੇ ਕੁਰਬਾਨੀਆਂ ਦੇਣ ਵਾਲਾ ਵਿਰਸਾ ਹੈ।
ਇਹ ਵਿਰਸਾ ਸਾਡੇ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ ਅਤੇ ਮੌਜੂਦਾ ਕਿਸਾਨ ਅੰਦੋਲਨ ਵਿੱਚ ਵੀ ਇਹ ਵਿਰਸਾ ਸਾਨੂੰ ਜਬਰ/ ਜੁਰਮ ਵਿਰੁੱਧ ਲੜਨ ਤੇ ਕੁਰਬਾਨੀਆਂ ਦੇਣ ਲਈ ਪ੍ਰੇਰਦਾ ਰਹਿੰਦਾ ਹੈ। ਜਿਹੜੀਆਂ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਗੀਰਦਾਰਾਂ ਤੋਂ ਖੋਹ ਕੇ ਸਾਨੂੰ ਸੌਂਪੀਆਂ ਸਨ, ਸਰਕਾਰ ਉਹੀ ਜ਼ਮੀਨਾਂ ਫਿਰ ਤੋਂ ‘ਵੱਡਿਆਂ’ ਕਾਰਪੋਰੇਟੀ ਜ਼ੋਰਾਵਰਾਂ ਨੂੰ ਸੌਂਪਣ ਲਈ ਰੱਸੇ ਪੈੜੇ ਵੱਟ ਰਹੀ ਹੈ।ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬਲੀਦਾਨ ਦਿਵਸ ਮੌਕੇ ਅਸੀਂ ਇੱਕ ਵਾਰ ਫਿਰ ਤੋਂ ਅਹਿਦ ਕਰਦੇ ਹਾਂ ਕਿ ਅਸੀਂ ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਅੰਦੋਲਨ ਦੇ ਮੈਦਾਨ ਵਿੱਚ ਡਟੇ ਰਹਾਂਗੇ।
Advertisement