11 ਜੂਨ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਵਿੱਚ ਬੇਰੁਜ਼ਗਾਰ ਅਧਿਆਪਕਾਂ ਦਾ ਹੱਲ ਨਾ ਹੋਣ ਤੇ 15 ਜੂਨ ਨੂੰ ਕਰਾਂਗੇ ਮੋਤੀ ਮਹਿਲ ਦਾ ਘਿਰਾਓ ~ ਬੇਰੁਜ਼ਗਾਰ ਅਧਿਆਪਕ
ਹਰਪ੍ਰੀਤ ਕੌਰ ਬਬਲੀ , ਸੰਗਰੂਰ , 9 ਜੂਨ 2021
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਜਿੱਥੇ 81 ਦਿਨਾਂ ਤੋਂ ਪਟਿਆਲਾ ਟਾਵਰ ਦੇ ਉੱਪਰ ਸੁਰਿੰਦਰਪਾਲ ਗੁਰਦਾਸਪੁਰ ਸਿਹਤ ਵਿਗੜਨ ਦੇ ਬਾਵਜੂਦ ਵੀ ਟਾਵਰ ਉਪਰ ਡਟਿਆ ਹੋਇਆ ਹੈ । ਕੱਲ੍ਹ ਰਾਤ ਕਰੀਬ 8 ਵਜੇ ਪਟਿਆਲਾ ਪ੍ਰਸ਼ਾਸਨ ਵਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ 11 ਜੂਨ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਗਿਆ । ਜਿਸ ਤੋਂ ਬਾਅਦ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਈ ਜਿਸ ਚ ਫੈਸਲਾ ਲੈ ਗਿਆ ਕਿ ਜੇਕਰ 11 ਜੂਨ ਨੂੰ ਮੀਟਿੰਗ ਵਿੱਚ ਜੇਕਰ ਬੇਰੁਜ਼ਗਾਰ ਅਧਿਆਪਕਾਂ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੀ 15 ਜੂਨ ਨੂੰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ । ਜਿਸ ਦੌਰਾਨ ਜੋ ਵੀ ਨੁਕਸਾਨ ਹੋਵੇਗਾ । ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।
ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਸੁਰਿੰਦਰਪਾਲ ਨੂੰ ਲਗਾਤਾਰ 81 ਦਿਨ ਹੋ ਚੁੱਕੇ ਹਨ ਸਿੱਖਿਆ ਮੰਤਰੀ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਬੇਰੁਜ਼ਗਾਰਾਂ ਦੇ ਪ੍ਰਤੀ ਮੀਡੀਆ ਵਿੱਚ ਬਿਆਨਬਾਜ਼ੀ ਕਰਕੇ ਇਹ ਜਤਾਇਆ ਜਾ ਰਿਹਾ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਨਹੀਂ । ਇਸ ਲਈ ਸਿੱਖਿਆ ਮੰਤਰੀ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਕਿਸੇ ਵੀ ਥਾਂ ਤੇ ਬੁਲਾ ਕੇ ਸਾਡੇ ਨਾਲ ਖੁੱਲ੍ਹੀ ਬਹਿਸ ਕਰ ਸਕਦਾ ਹੈ । ਜੇਕਰ ਸਿੱਖਿਆ ਮੰਤਰੀ ਇਸ ਬਹਿਸ ਵਿਚ ਜਿੱਤ ਜਾਂਦਾ ਹੈ ਤਾਂ ਅਸੀਂ ਆਪਣਾ ਸੰਘਰਸ਼ ਖ਼ਤਮ ਕਰ ਲਵਾਂਗੇ । ਜੇਕਰ ਸਿੱਖਿਆ ਮੰਤਰੀ ਬਹਿਸ ਵਿੱਚ ਹਾਰ ਜਾਂਦਾ ਹੈ ਤਾਂ ਸਿੱਖਿਆ ਮੰਤਰੀ ਨੂੰ ਸਾਡੀਆਂ ਮੰਗਾਂ ਦਾ ਹੱਲ ਕਰਨਾ ਪਵੇਗਾ ਤੇ ਜਿੰਨੀਆਂ ਵੀ ਈ.ਟੀ.ਟੀ. ਦੀਆਂ ਖਾਲੀ ਅਸਾਮੀਆਂ ਪਈਆਂ ਨੇ ਉਨ੍ਹਾਂ ਦੀ ਭਰਤੀ ਦਾ ਤੁਰੰਤ ਇਸ਼ਤਿਹਾਰ ਜਾਰੀ ਕਰਨਾ ਪਵੇਗਾ ।