ਵੱਖ-ਵੱਖ ਵਿਸ਼ਿਆਂ ਦੇ ਆਨ-ਲਾਈਨ ਸਮਰ ਕੈਂਪਾਂ ਰਾਹੀਂ ਕੀਤੀਆਂ ਜਾ ਰਹੀਆਂ ਨੇ ਸਹਿ-ਵਿੱਦਿਅਕ ਗਤੀਵਿਧੀਆਂ
ਹਰਪ੍ਰੀਤ ਕੌਰ ਬਬਲੀ , ਸੰਗਰੂਰ, ਦਿੜ੍ਹਬਾ ਮੰਡੀ, 5 ਜੂਨ 2021
ਸਰਕਾਰੀ ਹਾਈ ਸਕੂਲ ਕਮਾਲਪੁਰ ਵਿਖੇ ਸਕੂਲ ਦੀ ਕੌਮੀ ਸੇਵਾ ਯੋਜਨਾ ਇਕਾਈ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਅਤੇ ਵਿਦਿਆਰਥੀਆਂ ਨੇ ਆਪਣੇ-ਆਪਣੇ ਘਰਾਂ ਤੇ ਸਾਂਝੀਆਂ ਥਾਂਵਾਂ ‘ਤੇ ਪੌਦੇ ਲਗਾਕੇ ਵਾਤਾਵਰਣ ਬਚਾਉਣ ਦਾ ਸੱਦਾ ਦਿੱਤਾ। ਸਕੂਲ ਦੇ ਮੀਡੀਆ ਇੰਚਾਰਜ਼ ਤੇ ਕੌਮੀ ਸੇਵਾ ਯੋਜਨਾ ਇਕਾਈ ਦੇ ਪ੍ਰੋਗਰਾਮ ਅਫਸਰ ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚੱਲ ਰਹੇ ਆਨ-ਲਾਈਨ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਦਿੱਤੇ ਵਿਸ਼ੇ ਅਨੁਸਾਰ ਕ੍ਰਿਰਿਆਵਾਂ ਕਰਕੇ ਫੋਟੋਆਂ ਸਕੂਲ ਗਰੁੱਪ ਵਿੱਚ ਭੇਜੀਆਂ ਜਾ ਰਹੀਆਂ ਹਨ। ਉਹਨਾਂ ਨੇ ਦੱਸਿਆ ਕਿ ਪੰਜਾਬੀ ਵਿਸ਼ੇ ਦੇ ਸਮਰ ਕੈਂਪ ਵਿੱਚ ਅਧਿਆਪਕਾ ਯਾਦਵਿੰਦਰ ਕੌਰ ਤੇ ਮਨਦੀਪ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀ ਯੋਗਾ, ਪੇਂਟਿੰਗ ਤੇ ਗਰੀਟਿੰਗ ਕਾਰਡ ਬਣਾਉਣ ਦੇ ਮੁਕਾਬਲੇ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸਵਾਗਤ ਜਿੰਦਗੀ ਵਿਸ਼ੇ ਦੇ ਸਮਰ ਕੈਂਪ ਵਿੱਚ ਅਧਿਆਪਕ ਟਿੰਕੂ ਕੁਮਾਰ, ਕੁਲਵੀਰ ਸਿੰਘ, ਕੰਚਨਪ੍ਰੀਤ ਤੇ ਸੁਖਵੀਰ ਕੌਰ ਦੀ ਅਗਵਾਈ ਵਿੱਚ ਵਿਦਿਆਰਥੀ ਸਮਾਜ ਸੇਵਾ, ਪੌਦਿਆਂ, ਜਾਨਵਰਾਂ ਤੇ ਪੰਛੀਆਂ ਨੂੰ ਪਾਣੀ ਦੇਣ ਸਮੇਤ ਹੋਰ ਨੈਤਿਕ ਕਿਰਿਆਵਾਂ ਵਿੱਚ ਭਾਗ ਲੈ ਰਹੇ ਹਨ। ਅੰਗਰੇਜ਼ੀ ਵਿਸ਼ੇ ਦੇ ਸਮਰ ਕੈਂਪ ਵਿੱਚ ਵਿਦਿਆਰਥੀ ਅਧਿਆਪਕਾ ਨੀਤੂ ਸ਼ਰਮਾ ਦੀ ਅਗਵਾਈ ਵਿੱਚ ਕੈਲੀਗ੍ਰਾਫੀ, ਇੰਗਲਿਸ਼ ਬੂਸਰਟ ਕਲੱਬ ਦੀਆਂ ਗਤੀਵਿਧੀਆਂ ਤੇ ਸਟੋਰੀ ਟੈਲਿੰਗ ਸਮੇਤ ਹੋਰ ਅਨੇਕਾਂ ਕਿਰਿਆਵਾਂ ਕਰ ਰਹੇ ਹਨ।
ਕੰਪਿਊਟਰ ਵਿਸ਼ੇ ਦੇ ਸਮਰ ਕੈਂਪ ਦੌਰਾਨ ਅਧਿਆਪਕ ਰਵਿੰਦਰਪਾਲ ਸਿੰਘ, ਰਮਨਪ੍ਰੀਤ ਸਿੰਘ ਤੇ ਹਰਪ੍ਰੀਤ ਕੌਰ ਦੀ ਅਗਵਾਈ ਵਿੱਚ ਵਿਦਿਆਰਥੀ ਈ ਸ਼ਬਦ ਦੀ ਵੀਡਿਓ ਬਣਾਉਣਾ, ਟੈਕਨੀਕਲ ਸ਼ਬਦ ਅਤੇ ਹੋਰ ਕਿਰਿਆਵਾਂ ਵਿੱਚ ਭਾਗ ਲੈ ਰਹੇ ਹਨ। ਇਸੇ ਤਰ੍ਹਾਂ ਹੀ ਸਮਾਜਿਕ ਸਿੱਖਿਆ ਅਧਿਆਪਕਾਂ ਜਸਪ੍ਰੀਤ ਕੌਰ, ਹਰਦੀਪ ਕੌਰ, ਮੰਗਲ ਸਿੰਘ, ਹੇਮੰਤ ਸਿੰਘ, ਗਣਿਤ ਅਧਿਆਪਕਾਂ ਮੰਗਤ ਸਿੰਘ ਤੇ ਸਤਨਾਮ ਸਿੰਘ ਅਤੇ ਸਾਇੰਸ ਅਧਿਆਪਕਾ ਰਜਨੀਸ਼ ਕੁਮਾਰੀ ਤੇ ਲਖਵੀਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੇ ਸਮਰ ਕੈਂਪਾਂ ਵਿੱਚ ਵੀ ਵਿਦਿਆਰਥੀਆਂ ਨੂੰ ਇਹਨਾਂ ਵਿਸ਼ਿਆਂ ਦੀਆਂ ਆਨ ਲਾਈਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਦੇਹੜ ਨੇ ਦੱਸਿਆ ਕਿ ਵਿਭਾਗ ਦੇ ਨਿਰਦੇਸ਼ਾਂ ਤਹਿਤ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਹੈ। ਅੱਜ ਵਿਦਿਆਰਥੀਆਂ ਨੇ ਆਪਣੇ ਘਰਾਂ ਵਿੱਚ ਪੌਦੇ ਲਗਾ ਕੇ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਦਾ ਅਹਿਦ ਲੈ ਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪ੍ਰਸੰਸ਼ਾਯੋਗ ਉਪਰਾਲਾ ਕੀਤਾ ਹੈ। ਉਹਨਾਂ ਨੇ ਸਮਰ ਕੈਂਪਾਂ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਅਤੇ ਉਹਨਾਂ ਨੂੰ ਗਾਈਡ ਕਰ ਰਹੇ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ।